ਰਤਨੋ ਨੇ ਭਾਂਡੇ ਮਾਂਜ ਕੇ ਤੂਤ ਦੀਆਂ ਛਿਟੀਆਂ ਦੀ ਬਣੀ ਇੱਕ ਟੋਕਰੀ ‘ਚ ਰੱਖਿਆਂ ਸੋਚਿਆ, ‘ਕੀ ਦਾਲ-ਭਾਜੀ ਬਣਾਵਾਂ…!’ ਇੰਨੇ ਨੂੰ ਉਸਦੀ ਨਿਗ੍ਹਾ ਹਾਰੇ ਕੋਲ ਬੋਹੀਏ ਰੱਖੇ ਚਿੱਬੜ ਤੇ ਮਿਰਚਾਂ ਵੱਲ ਪਈ। ‘ਚਲ…ਚਿਬੜਾਂ ਤੇ ਮਿਰਚਾਂ ਦੀ ਚੱਟਣੀ ਹੀ ਕੁੱਟ ਲੈਨੀਂ ਆਂ’। ਚੁੱਲ੍ਹੇ ਕੋਲੋਂ ਕੂੰਡਾ-ਸੋਟ ਚੁੱਕ ਰਤਨੋ ਨੇ ਚੱਟਣੀ ਕੁੱਟ ਕੇ ਬਾਟੀ ‘ਚ ਕੱਢੀ ‘ਤੇ ਚੁੱਲ੍ਹੇ ਤੇ ਰੋਟੀ ਲਾਹੁਣ ਲੱਗੀ। ‘ਇਹ ਗਿੱਲੇ ਗੋਹੇ ਵੀ ਮਨਾਂ ਸਾਡੇ……ਗਰੀਬਾਂ…ਦੇ ਨਸੀਬਾਂ ਵਾਂਗੂ ਧੁੱਖਦੇ ਈ ਰਹਿੰਦੇ ਐ, ‘ਫੂਕਣੀ ਚੁੱਕ ਕੇ ਰਤਨੋ ਬੁੜ-ਬੁੜਾਉਂਦੀ ਚੁੱਲ੍ਹੇ ‘ਚ ਫੂਕਾਂ ਮਰਨ ਲੱਗੀ। ਇੰਨੇ ਨੂੰ ਬਾਹਰ ਗਲੀ ਵਿੱਚ ਰੌਲਾ ਜਿਹਾ ਸੁਣਿਆ। ਰਤਨੋ ਬੂਹੇ ਵੱਲ ਨੂੰ ਹੋ ਤੁਰੀ। ਦੀਵਾਲੀ ਦੇ ਤਿਉਹਾਰ ਖਾਤਰ ਲਾਈਟਾਂ ਵਾਲੇ ਲਾਟੂ ਵੇਚਣ ਵਾਲਾ ਆਇਆ ਹੋਇਆ ਸੀ। ਸਾਰੇ ਲੋਕ ਉਸ ਦੇ ਆਲੇ-ਦੁਆਲੇ ਇੱਕਠੇ ਹੋ-ਹੋ ਖੜ ਰਹੇ ਸੀ।
“ਨੀਂ ਰਤਨੋ ਆਜਾ…ਤੂੰ ਵੀ ਖ਼ਰੀਦ ਲੈ ਲਾਈਟਾਂ ਵਾਲੀਆਂ ਲੜੀਆਂ”, ਗੁਆਂਢਣ ਨੇ ਕਿਹਾ।
“ਨਾ ਭਾਈ…ਤੁਸੀਂ ਖਰੀਦੋ, ਆਪਾਂ ਨੂੰ ਤਾਂ ਦਿਖਾਏ ਨਹੀਂ, ਮਿੱਟੀ ਦੇ ਦੀਵੇ ਹੀ ਸੁਖਾਂਦੇ। ਇਨ੍ਹਾਂ ਲੜੀਆਂ ਦੇ ਚਾਨਣ ਵਿੱਚ ਉਹ ਨਿੱਘ ਕਿੱਥੇ…ਜੋ ਮਿੱਟੀ ਦੇ ਦੀਵੇ ਵਿੱਚ ਤੇਲ ਪਾ ਕੇ, ਬੱਤੀ ਡੁਬੋ ਕੇ… ਦੀਵੇ ਬਾਲ ਕੇ ਕੰਧਾਂ-ਬਨੇਰਿਆਂ ‘ਤੇ ਪਾਲ਼ੋ-ਪਾਲ਼ ਧਰਨਾ ‘ਤੇ ਫਿਰ ਚਾਨਣ ਨੂੰ ਨਿਹਾਰਦੇ ਰਹਿਣਾ। ਨਾਲੇ ਮੇਹਨਤ ਨਾਲ ਕਰੇ ਚਾਨਣ ਵਿੱਚ ਜੋ ਸਕੂਨ ਹੁੰਦਾ…ਉਹ ਇਹਨਾਂ ਰੰਗ-ਬਰੰਗੀਆਂ ਲਾਈਟਾਂ ਦੀ ਸੁੱਚ ਦੱਬਣ ‘ਚ ਕਿੱਥੇ…”, ਕਹਿ ਕੇ ਰਤਨੋ ਘਰ ਅੰਦਰ ਆ ਕੇ ਮਿੱਟੀ ਦੇ ਦੀਵਿਆਂ ਨੂੰ ਦੇਖ ਕੇ ਇਵੇਂ ਖੁਸ਼ ਹੋਈ ਜਿਵੇਂ ਕਿ ਪੂਰੀ ਦੁਨੀਆਂ ਦੀ ਅਮੀਰੀ ਉਸਦੇ ਕੱਚੇ ਜਿਹੇ ਵਿਹੜੇ ‘ਚ ਆ ਢੁੱਕੀ ਹੋਵੇ।