ਚੰਡੀਗੜ੍ਹ :- “ਸਾਡਾ ਕਿਸੇ ਵੀ ਕੌਮ, ਧਰਮ, ਫਿਰਕੇ, ਸੰਗਠਨ ਜਾਂ ਜਥੇਬੰਦੀ ਨਾਲ ਕਿਸੇ ਤਰ੍ਹਾ ਦਾ ਵੀ ਵੈਰ ਵਿਰੋਧ ਨਹੀਂ ਹੈ। ਸਾਡੀ ਜਮਹੂਰੀਅਤ ਪੱਖੀ ਸੰਘਰਸ਼ ਹਰ ਤਰ੍ਹਾ ਦੀ ਸਮਾਜਿਕ ਬੁਰਾਈਆਂ ਵਿਰੁੱਧ ਹੈ ਅਤੇ ਮਨੁੱਖਤਾ ਲਈ ਇੱਕ ਆਜ਼ਾਦ ਸਮਾਜਿਕ ਅਤੇ ਇਖਲਾਕੀ ਗੁਣਾਂ ਨਾਲ ਭਰਪੂਰ ਸਟੇਟ ਨੂੰ ਹੋਂਦ ਵਿੱਚ ਲਿਆਉਣ ਲਈ ਹੈ। ਪਰ ਜੋ ਫਿਰਕੂ ਅਤੇ ਮੁਤੱਸਵੀ ਸੰਗਠਨ ਡੇਰੇਦਾਰ ਸੈਟਰ ਅਤੇ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਸਿੱਖ ਧਰਮ ਜਾਂ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਦੀਆਂ ਕਾਰਵਾਈਆਂ ਵਿੱਚ ਮਸ਼ਰੂਫ ਹਨ। ਅਜਿਹੇ ਮਨੁੱਖਤਾ ਵਿਰੋਧੀ ਨਫਰਤ ਫੈਲਾਉਣ ਵਾਲੇ ਫਿਰਕੂਆਂ ਅਤੇ ਡੇਰੇਦਾਰਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਉਤੇ ਅਜਿਹਾ ਕਰਨ ਦੀ ਇਜ਼ਾਜਤ ਸਿੱਖ ਕੌਮ ਬਿਲਕੁਲ ਨਹੀਂ ਦੇਵੇਗੀ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿੱਚ ਖੁੰਬਾਂ ਦੀ ਤਰ੍ਹਾ ਉੱਭਰੇ ਡੇਰੇਦਾਰਾਂ ਅਤੇ ਉਨ੍ਹਾ ਦੇ ਚੇਲਿਆਂ ਵੱਲੋ ਧੱਲੇਕੇ ਵਿਖੇ ਸਿੱਖਾਂ ਉੱਤੇ ਅਤੇ ਬਾਬਾ ਜੋਗਾ ਸਿੰਘ ਮਲਕਾਣਾ ਦੇ ਕੀਰਤਨੀ ਜੱਥੇ ਦੀ ਗੱਡੀ ਉਤੇ ਕੀਤੇ ਗਏ ਸ਼ਾਜਿਸੀ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਨੇ ਪੰਜਾਬ ਵਿੱਚ ਸਿੱਖ ਕੌਮ ਉਤੇ ਹੋ ਰਹੇ ਹਮਲਿਆਂ ਲਈ ਸੈਟਰ ਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਦੋਸ਼ੀ ਠਹਿਰਾਉਦੇ ਹੋਏ ਕਿਹਾ ਕਿ ਇਹ ਹਕੂਮਤਾਂ ਪਹਿਲੋ ਹੀ ਸਿੱਖ ਕੌਮ ਨੂੰ ਬੀਤੇ ਸਮੇ ਵਿੱਚ ਹੋਏ ਕਤਲੇਆਮ ਦਾ ਇਨਸਾਫ ਨਾ ਦੇ ਕੇ ਵੱਡੇ ਵਿਤਕਰੇ ਕਰਦੀਆਂ ਆ ਰਹੀਆਂ ਹਨ। 26-27 ਸਾਲਾਂ ਤੋ ਕਿਸੇ ਇੱਕ ਵੀ ਸਿੱਖ ਦੇ ਕਾਤਿਲ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਨਾ ਦੇ ਕੇ ਇਨ੍ਹਾ ਨੇ ਸਿੱਖ ਕੌਮ ਦੇ ਮਨਾ ਨੂੰ ਬੁਰੀ ਤਰ੍ਹਾ ਵਲੂੰਧਰਿਆ ਹੋਇਆ ਹੈ। ਹੁਣ ਬਾਦਲ ਹਕੂਮਤ ਆਪਣੀ ਗੰਧਲੀ ਵੋਟ ਸਿਆਸਤ ਦੀ ਗੁਲਾਮ ਬਣ ਕੇ ਡੇਰੇ ਸਿਰਸੇ ਵਾਲੇ ਅਤੇ ਹੋਰ ਡੇਰੇਦਾਰਾਂ ਨੂੰ ਪੰਜਾਬ ਵਿੱਚ ਸਿੱਖ ਕੌਮ ਵਿਰੋਧੀ ਸਰਗਰਮੀਆਂ ਕਰਨ ਦੀ ਖੁੱਲ੍ਹ ਦੇ ਕੇ ਇੱਥੋ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਬੱਜਰ ਗੁਸਤਾਖੀ ਕਰ ਰਹੀ ਹੈ। ਉਨ੍ਹਾ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨੇ ਕਦੇ ਵੀ ਆਪਣੇ ੳੁੱਣੇ ਹੋਣ ਵਾਲੇ ਅਜਿਹੇ ਕਿਸੇ ਵੀ ਹਮਲੇ ਨੂੰ ਨਾ ਬੀਤੇ ਸਮੇ ਵਿੱਚ ਬਰਦਾਸ਼ ਕੀਤਾ ਹੈ ਅਤੇ ਨਾ ਹੀ ਮੌਜੂਦਾ ਸਮੇ ਵਿੱਚ ਅਜਿਹਾ ਕਰੇਗੀ। ਉਨ੍ਹਾ ਕਿਹਾ ਕਿ ਜੇਕਰ ਬਾਦਲ ਹਕੂਮਤ ਨੇ ਸਿੱਖ ਵਿਰੋਧੀ ਪ੍ਰਚਾਰ ਕਰਨ ਵਾਲੇ ਡੇਰੇਦਾਰਾਂ ਦੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਤਾਂ ਸਿੱਖ ਕੌਮ ਨੂੰ ਫਿਰ ਖੁਦ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਮਿਸਰ, ਟੁਨੇਸੀਆ, ਯਮਨ, ਲੀਬੀਆ ਮੁਲਕਾਂ ਦੀ ਤਰ੍ਹਾ ਹੁਕਮਰਾਨਾਂ ਅਤੇ ਫਿਰਕੂ ਸੰਗਠਨਾਂ ਵਿਰੁੱਧ ਅਮਲੀ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਇਹ ਗੈਰ ਸਮਾਜਿਕ ਅਤੇ ਗੈਰ ਇਖਲਾਕੀ ਕਾਰਵਾਈਆਂ ਨੂੰ ਅਤੇ ਇੱਥੋ ਦੀ ਕਾਨੂੰਨੀ ਵਿਵਸਥਾ ਨੂੰ ਭੰਗ ਕਰਨ ਵਾਲੀਆਂ ਸ਼ਕਤੀਆਂ ਉੱਤੇ ਕਾਨੂੰਨੀ ਕਾਰਵਾਈ ਕਰਕੇ ਰੋਕ ਲਗਾਵੇ। ਸ: ਮਾਨ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਕੂਮਤ ਅਤੇ ਬੀਤੇ ਸਮੇ ਦੀਆਂ ਕਾਂਗਰਸੀ ਜਾਂ ਅਕਾਲੀ ਹਕੂਮਤਾਂ ਨੇ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਇੱਕ ਵੀ ਮਸਲੇ ਨੂੰ ਹੱਲ ਨਾ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਜਮਾਤਾਂ ਅਤੇ ਆਗੂ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਦੇ ਬਿਲਕੁਲ ਸਮਰੱਥ ਨਹੀਂ ਹਨ।