ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਵੱਲੋਂ ਜ਼ਿਮਨੀ ਚੋਣਾਂ ਲੜਨ ਤੋਂ ਭੱਜਦਿਆਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੇ ਇਸ ਫ਼ੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਨੇ ਮਜਬੂਰ ਕੀਤਾ ਹੈ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਅਕਾਲੀ ਦਲ ਉੱਤੇ ਜ਼ਿਮਨੀ ਚੋਣਾਂ ਲੜਨ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਉਹਨਾਂ ਨੇ ਕਿਹਾ ਕਿ ਤਨਖ਼ਾਹੀਆ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ ’ਚ ਜਲਦੀ ਫ਼ੈਸਲਾ ਦੇਣ ਦੀ ਬੇਨਤੀ ਰੂਪੀ ਦਬਾਅ ਪਾ ਕੇ ਅਕਾਲੀ ਲੀਡਰਸ਼ਿਪ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉੱਤੇ ਉਹਨਾਂ ਦੇ ਫ਼ੈਸਲਿਆਂ ਅਤੇ ਰਵਾਇਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਦੀ ਗ਼ਲਤ ਵਿਆਖਿਆ ਕਰਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਤੋਂ ਤੌਬਾ ਕਰੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਤਨਖ਼ਾਹੀਆ ਪ੍ਰਧਾਨ ਦੇ ਪਿੱਛੇ ਨਿਸੰਗ ਖੜ੍ਹ ਕੇ ਅਕਾਲੀ ਲੀਡਰਸ਼ਿਪ ਨੇ ਸਿੱਖੀ ਭਾਵਨਾਵਾਂ ਅਤੇ ਸਿੱਖੀ ਪਰੰਪਰਾ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਲੋਕ ਕਚਹਿਰੀ ’ਚ ਜਾਣ ਤੋਂ ਅਕਾਲੀ ਲੀਡਰਸ਼ਿਪ ਦਾ ਭੱਜਣਾ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਸਰਗਰਮ ਰਾਜਸੀ ਖੇਤਰ ਅਤੇ ਲੋਕ ਮਨਾਂ ’ਚ ਅਕਾਲੀ ਦਲ ਦੀ ਭੂਮਿਕਾ ਅੱਜ ਪ੍ਰਸੰਗਿਕ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਜ਼ਿਮਨੀ ਚੋਣਾਂ ਲੜਨ ਦਾ ਤਸੱਵਰ ਵੀ ਨਾ ਕਰਨ ਤੋਂ ਸਪਸ਼ਟ ਹੈ ਕਿ ਅਕਾਲੀ ਦਲ ਅੱਜ ਲੀਡਰ ਹੀਣ ’ਵਨ ਮੈਨ ਸ਼ੋ’ ਬਣ ਕੇ ਰਹਿ ਗਿਆ ਹੈ। ਅਕਾਲੀ ਦਲ ਦੇ ਇਸ ਫ਼ੈਸਲੇ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਅਕਾਲੀ ਦਲ ਦੇ ਵਿੱਚ ਆਪੂ ਬਣੇ ਜਰਨੈਲਾਂ ਦੀ ਕੋਈ ਹੋਂਦ ਹਸਤੀ ਨਹੀਂ। ਅਕਾਲੀ ਦਲ ਵਿੱਚ ਪਰਿਵਾਰਵਾਦ ਨੇ ’ਪ੍ਰਤਿਭਾ’ ਦਾ ਘਾਣ ਕਰ ਦਿੱਤਾ ਹੈ। ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਚੋਣਾਂ ਨਾ ਲੜਨ ਦਾ ਤਰਕ ਵੀ ਹਾਸੋਹੀਣਾ ਹੈ, ਜੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਹੁੰਦੀ ਤਾਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਆਨਾਕਾਨੀ ਨਾ ਕੀਤੀ ਹੁੰਦੀ। ਭਾਰੀ ਮੰਗ ਦੇ ਬਾਵਜੂਦ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਅੱਜ ਤੱਕ ਜਨਤਕ ਕਿਉਂ ਨਹੀਂ ਕੀਤੀ ਗਈ? ਉਹਨਾਂ ਅਕਾਲੀ ਦਲ ਦੇ ਇਸ ਨੁਕਤੇ ਨੂੰ ਵੀ ਅਧਾਰ ਹੀਣ ਦੱਸਿਆ ਜਿਸ ਵਿੱਚ ਅਕਾਲੀ ਦਲ ਵੱਲੋਂ ਕਦੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਨਾ ਜਾਣ ਦੀ ਗਲ ਕਹੀ, ਉਹਨਾਂ ਕਿਹਾ ਕਿ ਇਹ ਸੱਚ ਹੁੰਦਾ ਤਾਂ ਵਿਰਸਾ ਸਿੰਘ ਵਲਟੋਹੇ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ 10 ਸਾਲ ਲਈ ਪਾਰਟੀ ਤੋਂ ਬਾਹਰ ਕਰਨ ਦਾ ਜੋ ਹੁਕਮ ਸੀ ਨੂੰ ਲਾਗੂ ਕਰਨ ਦੀ ਥਾਂ ਅਸਤੀਫ਼ਾ ਨਾ ਲਿਆ ਗਿਆ ਹੁੰਦਾ। ਜੇ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ’ਚ ਅਕਾਲੀ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨ ’ਚ ਪਾਰਟੀ ਦੀ ਮਾਨਤਾ ਕਾਇਮ ਰੱਖਣ ਪ੍ਰਤੀ ਚੋਣ ਕਮਿਸ਼ਨ ਦੇ ਨਿਯਮ ਰੁਕਾਵਟ ਸਨ ਤਾਂ ਅੱਜ ਅਕਾਲ ਤਖ਼ਤ ਦੇ ਫ਼ੈਸਲੇ ਦਾ ਬਹਾਨਾ ਕੀ ਸਹੀ ਹੋ ਜਾਂਦਾ ਹੈ? ਉਹਨਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਦੀ ਗ਼ਲਤ ਵਿਆਖਿਆ ਕਰਕੇ ਜਿਵੇਂ ਭੰਬਲ ਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਹ ਇਖ਼ਲਾਕੀ ਪਤਨ ਹੀ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਾ ਨੂੰ ਵੀ ਚੁਨੌਤੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਉੱਤੇ ਉਂਗਲ ਚੁੱਕਣ ਦੀ ਹਮਾਕਤ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਕੱਲ੍ਹ ਤੱਕ ਅਕਾਲੀ ਲੀਡਰਸ਼ਿਪ ਇਹ ਕਹਿ ਰਹੀ ਸੀ ਕਿ ਅਕਾਲੀ ਦਲ ਸਾਰੇ ਹਲਕਿਆਂ ਵਿੱਚ ਮਜ਼ਬੂਤ ਹੈ ਫਿਰ ਅੱਜ ਬਾਈਕਾਟ ਦਾ ਫ਼ੈਸਲਾ ਕਿਉਂ?
ਪ੍ਰੋ. ਸਰਚਾਂਦ ਸਿੰਘ ਨੇ ਅਕਾਲੀ ਦਲ ਉੱਤੇ ਦੋਹਰਾ ਸਟੈਂਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਇੱਕ ਪਾਸੇ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜੇਕਰ ਪਾਰਟੀ ਪਾਰਟੀ ਪ੍ਰਧਾਨ ਦੀ ਗੈਰ ਸਰਗਰਮੀ ਕਾਰਨ ਜ਼ਿਮਨੀ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ ਹਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਕਿਵੇਂ ਲੜੀ ਜਾ ਸਕਦੀ ਹੈ?