ਅੰਮ੍ਰਿਤਸਰ – ਭਾਈ ਅੰਮ੍ਰਿਤਪਾਲ ਸਿੰਘ ਟੀਮ ਵੱਲੋਂ 13 ਨਵੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦਾ ਫ਼ੈਸਲਾ ਕਿਸੇ ਵਕਤੀ ਕਾਰਨ ਦੀ ਬਜਾਏ ਲੰਮੇ ਵਿਚਾਰ-ਮਸ਼ਵਰੇ ਬਾਅਦ ਲਿਆ ਗਿਆ ਹੈ । ਜਿਸ ਬਾਰੇ ਮਿਤੀ 19.10:2024 ਦੀ ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਸੀ। ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੇ ਟੀਮ ਮੈਂਬਰਾਂ ਬਾਪੂ ਤਰਲੋਕ ਸਿੰਘ ਜੱਲੂਪੁਰ , ਸਰਬਜੀਤ ਸਿੰਘ ਐੱਮ ਪੀ ਫ਼ਰੀਦਕੋਟ, ਸੁਖਵਿੰਦਰ ਸਿੰਘ ਅਗਵਾਨ ਤੇ ਸਮੂਹ ਟੀਮ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਮੀਡੀਏ ਵਿੱਚ ਕੀਤੀਆਂ ਜਾ ਰਹੀਆਂ ਕਿਆਸੀ-ਅਰਾਈਆਂ ਬਾਰੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਨਾ ਲੜਨ ਦਾ ਫ਼ੈਸਲਾ, ਗੰਭੀਰ ਵਿਚਾਰ ਚਰਚਾ ਤੋਂ ਬਾਅਦ ਲਿਆ ਗਿਆ। ਚਰਚਾ ਵਿੱਚ ਇਹ ਸਿੱਟਾ ਨਿਕਲ ਕੇ ਆਇਆ ਕਿ ਜ਼ਿਮਨੀ ਚੋਣਾਂ ਨੂੰ ਹਰੇਕ ਹਲਕੇ ਵਿੱਚ ਕੇਵਲ ਇੱਕ ਸਾਂਝੇ ਪੰਥਕ ਉਮੀਦਵਾਰ ਵਾਲੀ ਸਥਿਤੀ ਵਿੱਚ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਜਾ ਸਕਦਾ ਸੀ, ਪਰ ਮੌਜੂਦਾ ਸਮੇਂ ਵੱਖ-ਵੱਖ ਪੰਥਕ ਧਿਰਾਂ ਦੇ ਸਬੰਧਾਂ ਵਿਚਲੀ ਆਪਸੀ ਕੁੜੱਤਣ ਨੂੰ ਵੇਖਦਿਆਂ ਅਜਿਹਾ ਕਰ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ ।ਦੂਜਾ ਵੱਡਾ ਕਾਰਨ ਇਸ ਵਕਤ ਸਾਡਾ ਸਭ ਤੋਂ ਵੱਡਾ ਟੀਚਾ ਲੀਹੋਂ ਲੱਥੀ ਹੋਈ ਪੰਥਕ ਰਾਜਨੀਤੀ ਨੂੰ ਰਾਹ ਉੱਪਰ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਕਾਰਜ ਉੱਪਰ ਆਪਣਾ ਸਾਰਾ ਧਿਆਨ ਕੇਂਦਰਿਤ ਕਰਨਾ ਹੈ । ਅਜਿਹਾ ਕਰਨ ਲਈ ਵੱਖ-ਵੱਖ ਧਿਰਾਂ ਨਾਲ ਇੱਕ ਸੁਖਾਵੇਂ ਮਾਹੌਲ ਨੂੰ ਪੈਦਾ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਪਵੇਗੀ। ਸੁਖਾਵਾਂ ਮਹੌਲ ਤਾਂ ਹੀ ਬਣ ਸਕੇਗਾ ਜੇਕਰ ਇਸ ਪੰਥਕ ਰਾਜਨੀਤੀ ਵਿੱਚ ਪੈਦਾ ਹੋਏ ਖ਼ਲਾਅ ਦੌਰਾਨ ਹਰੇਕ ਪੰਥਕ ਧਿਰ ਮੌਕੇ ਦਾ ਫ਼ਾਇਦਾ ਉਠਾਉਣ ਦੀ ਝਾਕ ਛੱਡ ਕੇ ਦੁਸ਼ਮਣ ਨੂੰ ਹਰਾਉਣ ਲਈ ਮੁੱਦਿਆਂ ਉੱਤੇ ਪੰਥਕ ਏਕਤਾ ਦਰਸਾਏ । ਲੋਕ ਸਭਾ ਚੋਣ ਦਾ ਸਾਡਾ ਤਜਰਬਾ ਇਹ ਦਰਸਾਉਂਦਾ ਕਿ ਚੋਣਾਂ ਦੌਰਾਨ ਕਿਸੇ ਹਲਕੇ ਤੋਂ ਇੱਕ ਤੋਂ ਜ਼ਿਆਦਾ ਪੰਥਕ ਉਮੀਦਵਾਰ ਹੋਣ ਦੀ ਸਥਿਤੀ ਵਿੱਚ ਆਪਸੀ ਤਲਖ਼ੀ ਅਤੇ ਦੂਰੀਆਂ ਦਾ ਵੱਧ ਜਾਣਾ ਸੁਭਾਵਿਕ ਹੈ ।ਅਜਿਹੀ ਸਥਿਤੀ ਭਵਿੱਖ ਵਿੱਚ ਪੰਥਕ ਏਕਤਾ ਦੇ ਯਤਨਾਂ ਵਿੱਚ ਵੱਡੀ ਰੁਕਾਵਟ ਬਣ ਸਕਦੀ ਹੈ ।ਇਸ ਆਪਸੀ ਟਕਰਾਓ ਦੇ ਮਾਹੌਲ ਤੋ ਬਚਣ ਲਈ ਅਸੀਂ ਆਪਣੇ ਵੱਲੋਂ ਉਮੀਦਵਾਰ ਨਾ ਉਤਾਰਨਾ ਹੀ ਬਿਹਤਰ ਸਮਝਿਆ। ਅਸੀਂ ਛੇਤੀ ਹੀ ਵੱਖ ਵੱਖ ਪੰਥਕ ਧਿਰਾਂ ਦੇ ਸੁਹਿਰਦ ਆਗੂਆਂ ਤੋਂ ਇਲਾਵਾ ਧਾਰਮਿਕ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਨਾਲ ਤਾਲਮੇਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਅਤੇ ਪੰਥਕ ਏਕਤਾ ਬਾਰੇ ਉਹਨਾਂ ਦੇ ਸਹਿਯੋਗ ਅਤੇ ਮਸ਼ਵਰੇ ਲਈ ਤਾਲਮੇਲ ਦਾ ਸਿਲਸਿਲਾ ਆਰੰਭ ਕਰਨ ਜਾ ਰਹੇ ਹਾਂ ।ਸਿੱਖ ਕੌਮ ਉੱਪਰ ਮੌਜੂਦਾ ਸਮੇਂ ਦੇ ਸੰਕਟਮਈ ਹਾਲਾਤ ਨੂੰ ਦੇਖਦੇ ਹੋਏ ਅਸੀਂ ਚੋਣਾਂ ਲੜਨ ਜਾ ਰਹੇ ਪੰਥਕ ਧੜਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਖੋ ਵੱਖਰੇ ਚੋਣਾਂ ਲੜਨ ਦੀ ਬਜਾਏ ਉਹ ਹਰੇਕ ਹਲਕੇ ਤੋਂ ਇੱਕ ਉਮੀਦਵਾਰ ਬਾਰੇ ਸਹਿਮਤੀ ਬਣਾ ਲੈਣ । ਅਸੀਂ ਇਹ ਸਮਝਦੇ ਹਾਂ ਕਿ ਪੰਥਕ ਰਾਜਨੀਤੀ ਵਿੱਚ ਪੈਦਾ ਹੋਏ ਖ਼ਲਾਅ ਸਮੇਂ ਹਰੇਕ ਪੰਥਕ ਧੜਾ ਮੌਕੇ ਦੀ ਝਾਕ ਵਾਲੀ ਸੋਚਣੀ ਛੱਡ ਕੇ ਤਿਆਗ ਦੀ ਭਾਵਨਾ ਦਰਸਾਏ ਇਸ ਵਿੱਚ ਹੀ ਸਾਡੇ ਸਾਂਝੇ ਦੁਸ਼ਮਣ ਸਟੇਟ ਜੋ 1947 ਤੋਂ ਹੀ ਪੰਥ ਵਿਰੁੱਧ ਸਾਜ਼ਿਸ਼ਾਂ ਰਚਦਾ ਆ ਰਿਹਾ ਉਸ ਦੀ ਹਾਰ ਹੈ ।
ਭਾਈ ਅੰਮ੍ਰਿਤਪਾਲ ਸਿੰਘ ਟੀਮ ਵੱਲੋਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦਾ ਫ਼ੈਸਲਾ ਕਿਸੇ ਵਕਤੀ ਕਾਰਨ ਦੀ ਬਜਾਏ ਲੰਮੇ ਵਿਚਾਰ-ਮਸ਼ਵਰੇ ਬਾਅਦ ਲਿਆ ਗਿਆ ਹੈ
This entry was posted in ਪੰਜਾਬ.