ਬੜਾ ਦੇਸ਼ ਮਹਾਨ ਪੰਜਾਬ ਸਾਡਾ
ਧਰਤੀ ਪੰਜ ਦਰਿਆਵਾਂ ਦੀ ਅਖਵਾਂਵਦੀ ਏ…
ਇੱਥੇ ਦਿਨ-ਤਿਉਹਾਰ ਨੇ ਬੜੇ ਆਉਂਦੇ
ਹਰ ਸਾਲ ਦੀਵਾਲੀ ਫੇਰਾ ਪਾਂਵਦੀ ਏ…
ਇਸ ਧਰਤੀ ਨੂੰ ਗੁਰੂਆਂ ਨੇ ਭਾਗ ਲਾਏ
ਵੱਡੇ ਦਿਲਾਂ ਵਾਲੇ ਵਸਦੇ ਲੋਕ ਏਥੇ…
ਭੋਲ਼ੇ ਮਨ ਅਤੇ ਮਾਸੂਮ ਸੂਰਤਾਂ ਨੇ
ਟੱਪੇ, ਮਾਹੀਏ ਤੇ ਗੂੰਜਣ ਸ਼ਲੋਕ ਏਥੇ…
ਕਦੇ ਮੋਹਣ ਸਿੰਘ ਅਤੇ ਆਏ ਸਿ਼ਵ ਵਰਗੇ
ਭਾਈ ਵੀਰ ਸਿੰਘ ਜਿਹੇ ਪੈਦਾਇਸ਼ ਇਹਦੀ…
ਕਰਤਾਰ, ਊਧਮ ਅਤੇ ਭਗਤ ਸਿੰਘ ਉਠੇ
ਅਣਖ਼ੀ ਖ਼ੂਨ ਵਿਚ ਐਸੀ ਗਰਮਾਇਸ਼ ਇਹਦੀ…
ਸੱਤ ਸਮੁੰਦਰੋਂ ਪਾਰ ਜਾ ਬਾਬਿਆਂ ਨੇ
ਵਖ਼ਤ ਵਿਚ ਫ਼ਰੰਗੀ ਨੂੰ ਪਾ ਦਿੱਤਾ…
ਗਦਰੀ-ਗਦਰੀ ਹੋਣ ਲੱਗੀ ਚਾਰੇ ਪਾਸੇ
ਉਹਨਾਂ ‘ਪਰਚਮ’ ਅਜ਼ਾਦੀ ਲਹਿਰਾ ਦਿੱਤਾ…
ਬੜੇ ਮਾਰੇ ਤੇ ਸੁੱਟੇ ਕਾਲੇ ਪਾਣੀਆਂ ਵਿਚ
ਬੁਲੰਦ ਅਵਾਜ਼ ਕਦੋਂ ਹੁੰਦੀ ਬੰਦ, ਕੀਤੀ…?
ਜਿਹਨਾਂ ਕੱਫ਼ਣ ਹੀ ਸਿਰ ‘ਤੇ ਪਹਿਨ ਲਿੱਤਾ
ਸ਼ਹਾਦਤ ਉਹਨਾਂ ਦੇ ਹੁੰਦੇ ਰਿਵਾਜ਼-ਰੀਤੀ…
ਅਜ਼ਾਦੀ ਖਾਤਰ ਸੂਰਮੇਂ ਚੜ੍ਹੇ ਸੂਲ਼ੀ
ਭਾਰਤ-ਮਾਂ ਅਜ਼ਾਦ ਕਰਵਾਵਣੀ ਏ…
ਚਾਹੇ ਕੋੜਮਾ ਸਾਰਾ ਬਲੀ ਚੜ੍ਹ ਜਾਵੇ
ਅਸੀਂ ਸਿੱਖੀ ਨੂੰ ਲਾਜ ਨਾ ਲਾਵਣੀ ਏ…
ਖਾਧੀਆਂ ਗੋਲੀਆਂ ਹਿੱਕਾਂ ਨੂੰ ਤਾਣਕੇ ਸੀ
‘ਸੀ’ ਮੁੱਖੋਂ ਨਾ ਉੱਚਰੀ ਦੇਸ਼ ਖ਼ਾਤਰ…
ਕਹਿੰਦੇ ਮਾਰੋ ਸਾਨੂੰ ਚਾਹੇ ਸੌ ਵਾਰੀ
ਕੱਢਣਾ ਭਾਰਤ ‘ਚੋਂ ਫ਼ਰੰਗੀ ਜੋ ਬਣੇ ਚਾਤਰ…
ਮਰ ਖਪ ਗਏ ਤੇ ਫ਼ਾਹੇ ਆਏ ਕਿੰਨੇ
ਗੁਲਾਮੀ ਹੇਠੋਂ ਦੇਸ਼ ਨੂੰ ਕੱਢ ਲਿਆ ਸੀ…
ਇੱਜ਼ਤ ਅਣਖ਼ ਦੇਸ਼ ਦੀ ਬਰਕਰਾਰ ਰੱਖੀ
ਚਾਹੇ ਆਪਣਾ ਸਭ ਕੁਝ ਛੱਡ ਲਿਆ ਸੀ…
ਫ਼ਰੰਗੀ ਭੱਜਿਆ, ਅਜ਼ਾਦੀ ਨੇ ਖੰਭ ਖੋਲ੍ਹੇ
ਲੋਕਾਂ ਸੁਖ ਦਾ ਸਾਹ ਸੀ ਲਿਆ ਆਖਰ…
ਟੋਪੀਧਾਰੀਆਂ ਨੇ ਸਾਂਭ ਲਈ ਚੁੱਕ ਕੁਰਸੀ
ਅਸੀਂ ਮਾਲਕ ਤੇ ਤੁਸੀਂ ਸਾਡੇ ਹੋ ਚਾਕਰ…
ਜਿਹਨਾਂ ‘ਉਏ’ ਨਾ ਕਹਾਈ ਖੱਬੀ ਖਾਨ ਕੋਲੋਂ
ਅੱਜ ਛਿੱਤਰ ਸਰਕਾਰ ਦੇ ਖਾਂਵਦੇ ਨੇ…
‘ਟੈਂ’ ਜਿਹੜੇ ਨਹੀਂ ਕਿਸੇ ਦੀ ਜਰਦੇ ਸੀ
ਅੱਜ ਖ਼ੁਦਕਸ਼ੀਆਂ ਕਰੀ ਜਾਂਵਦੇ ਨੇ….
ਦੁਨੀਆਂ ਨੂੰ ਪਾਲਦਾ ਦੇਸ਼ ਦਾ ਅੰਨ ਦਾਤਾ
ਆਪ ਮਰੇ ਭੁੱਖਾ ਝਾਕਦਾ ਦਿੱਲੀ ਵੰਨੀਂ…
ਦਿੱਲੀ ਭੁੱਖੀ ਮਾਣੋਂ ਬਿੱਲੀ ਬਣੀ ਬੈਠੀ
ਸਮਝੇ ਜੱਟ ਨੂੰ ਸਿਰਫ਼ ਇਕ ਟੁੱਕ ਖੰਨੀਂ…
ਦਿੱਲੀ ਵਾਲਿਓ ਜੇ ਦੇਸ਼ ਬਚਾਵਣਾ ਹੈ
ਸਹੂਲਤ ਜੱਟ ਨੂੰ ਦੇ ਦਿਓ ਮਾੜੀ ਮੋਟੀ…
ਨਹੀਂ ਭੁੱਖਾ ਭਾਰਤ ਦੇਸ਼ ਮਰ ਜਾਊਗਾ
ਕਿੱਥੋਂ ਦਿਉਂਗੇ ਕੌਮ ਨੂੰ ਦੱਸੋ ਰੋਟੀ…
ਇਕ ਗੱਲ ‘ਧਾਲੀਵਾਲ’ ਦੀ ਯਾਦ ਰੱਖਿਓ
ਭੁੱਖਾ ਮਰਦਾ ਹਥਿਆਰ ਹੱਥ ਫੜਦਾ ਏ…
‘ਸੈਦੋ ਕੇ’ ਹੋਊ ਬਾਗੀ, ਫੇਰ ਨਾ ਦੋਸ਼ ਦੇਇਓ
ਸੰਘੀ ਹੱਥ ਪਵੇ, ਤਾਂ ਲੜਦਾ ਏ…