ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- 1 ਨਵੰਬਰ ਤੋਂ 4 ਨਵੰਬਰ 1984 ਦੇ ਕਾਲ਼ੇ ਦਿਨਾਂ ਦੇ ਦੁੱਖ ਸਾਡੇ ਜ਼ਿਹਨਾਂ ‘ਚ ਇਸ ਕਦਰ ਘਰ ਕਰ ਚੁੱਕੇ ਹਨ, ਕਿ ਕਦੇ ਵੀ ਸਿੱਖ ਕੌਮ ਭੁੱਲ ਨਹੀਂ ਸਕਦੀ। ਨਵੰਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ‘ਚ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਸਿੱਖ ਨਸਲਕੁਸ਼ੀ ‘ਚ ਕਤਲ ਕੀਤੇ ਗਏ ਲੋਕਾਂ ਨੂੰ ਨਿਮਰ ਸ਼ਰਧਾਂਜਲੀ ਭੇਂਟ ਕਰਦੇ ਹਾਂ !
ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਇਕ ਨਸਲਕੁਸ਼ੀ ਸੀ ਅਤੇ ਸਿੱਖ ਕੌਮ ਇਸ ਨੂੰ ਪਹਿਲੇ ਅਤੇ ਦੂਜੇ ਘੱਲੂਘਾਰਿਆਂ ਵਾਂਗ ਹੀ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਹਾਲਾਤ ਅਤੇ ਘਟਨਾਵਾਂ ਇਕ ਨਸਲਕੁਸ਼ੀ ਵਜੋੰ ਸੰਯੁਕਤ ਰਾਸ਼ਟਰ ਦੀ ਤੈਅ ਕੀਤੀ ਪ੍ਰੀਭਾਸ਼ਾ ਉੱਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ, ਜਿਨ੍ਹਾਂ ਮੁਤਾਬਿਕ ਕਿਸੇ ਫਿਰਕੇ, ਧਰਮ ਤੇ ਰੰਗ-ਨਸਲ ਦੇ ਲੋਕਾਂ ਨੂੰ ਸਰੀਰਕ ਤੌਰ ‘ਤੇ ਕਤਲ ਕਰਨ ਅਤੇ ਉਨ੍ਹਾਂ ਦੇ ਜੀਣ-ਥੀਣ ਦੀਆਂ ਸੰਭਾਵਨਾਵਾਂ ਨੂੰ ਤਬਾਹ ਕਰ ਦੇਣ ਦਾ ਅਮਲ ਨਸਲਕੁਸ਼ੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ‘84 ਵਿਚ ਸਮੂਹਿਕ ਕਤਲੇਆਮ ਲਈ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨ ਵਿਚ ਵੋਟਰ ਸੂਚੀਆਂ ਦੀ ਵਰਤੋਂ ਕਰਨਾ ਅਤੇ ਪੁਲਿਸ ਵਲੋਂ ਸਿੱਖਾਂ ਵਿਰੁੱਧ ਹਿੰਸਾ ਦੌਰਾਨ ਮੂਕ ਬਣੇ ਰਹਿਣਾ ਸਿੱਖ ਨਸਲਕੁਸ਼ੀ ਦੇ ਪ੍ਰਤੱਖ ਪ੍ਰਮਾਣ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਅਜੇ ਤੱਕ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪੀੜਤ ਇਨਸਾਫ ਲਈ ਅਦਾਲਤਾਂ ਵਿਚ ਧੱਕੇ ਖਾਂਦੇ-ਖਾਂਦੇ ਇਸ ਜਹਾਨੋਂ ਰੁਖਸਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਪਰ ਦੁੱਖ ਦੀ ਗੱਲ ਹੈ ਕਿ ਦੂਜੇ ਦੇਸ਼ ਸਿੱਖ ਵਿਰੋਧੀ ਕਤਲੇਆਮ ਬਾਰੇ ਨਿੰਦਾ ਮਤੇ ਲਿਆ ਰਹੇ ਹਨ ਪਰ ਭਾਰਤ ਵਿਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ 40 ਸਾਲ ਬਾਅਦ ਵੀ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਦੀ ਪਾਰਲੀਮੈਂਟ ਵਿਚ ਨਵੰਬਰ ‘84 ਦੇ ਸਿੱਖ ਕਤਲੇਆਮ ਨੂੰ ‘ਸਿੱਖ ਵਿਰੋਧੀ ਹਿੰਸਾ’ ਵਜੋਂ ਮਾਨਤਾ ਮਿਲ ਰਹੀ ਹੈ ਤੇ ਦੇਸ਼ ਦੀ ਮੌਜੂਦਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਕਤਲੇਆਮ ਨਾਲ ਜੁੜੇ ਸਮੂਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਨੂੰਨੀ ਪ੍ਰਕਰੀਆਂ ਹੇਠ ਸਜ਼ਾ ਦਿਵਾਉਣ ਦਾ ਉਪਰਾਲਾ ਕਰੇ ਜਿਸ ਨਾਲ ਤਪ ਰਹੇ ਸਿੱਖ ਹਿਰਦਿਆਂ ਨੂੰ ਕੁਝ ਰਾਹਤ ਮਿਲ ਸਕੇ ।