ਲੁਧਿਆਣਾ – ਉਦੈਪੁਰ ਸਥਿਤ ਨਰਾਇਣ ਸੇਵਾ ਸੰਸਥਾ ਵੱਲੋਂ ਐਤਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਸਰਤਾਜ ਪੈਲੇਸ ਵਿਖੇ ਨਰਾਇਣ ਲਿੰਬ ਐਂਡ ਕੈਲੀਪਰਸ ਫਿਟਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸੂਬੇ ਦੇ 467 ਤੋਂ ਵੱਧ ਅੰਗਹੀਣਾਂ ਨੂੰ ਉਪਰਲੇ ਅਤੇ ਹੇਠਲੇ ਬਨਾਵਟੀ ਅੰਗਾਂ ਅਤੇ ਕੈਲੀਪਰਾਂ ਨਾਲ ਫਿੱਟ ਕੀਤਾ ਗਿਆ। ਇਸ ਮੌਕੇ ਸ਼ਿਵਦੁਲਾਰ ਢਿੱਲੋਂ, ਸਕੱਤਰ ਪੰਜਾਬ ਰੈੱਡ ਕਰਾਸ ਸੋਸਾਇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਨਰਾਇਣ ਸੇਵਾ ਸੰਸਥਾ ਵੱਲੋਂ ਅਜਿਹੇ ਨੇਕ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਨਾ ਸਿਰਫ਼ ਅਪਾਹਜਾਂ ਦਾ ਜੀਵਨ ਬਦਲ ਰਹੀਆਂ ਹਨ ਸਗੋਂ ਸਮਾਜ ਨੂੰ ਕੁਝ ਵੀ ਨੇਕ ਕੰਮ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ। ਉਨ੍ਹਾਂ ਸੰਸਥਾ ਨੂੰ ਅਜਿਹੇ ਪ੍ਰੋਜੈਕਟਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜੇਆਰਐਸ ਈਸਟਮੈਨ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਕੈਂਪ ਦੇ ਆਯੋਜਨ ਵਿੱਚ ਯੋਗਦਾਨ ਪਾਇਆ ਸੀ।
ਇਸ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਪ੍ਰਸ਼ਾਂਤ ਅਗਰਵਾਨ ਨੇ ਮੇਵਾੜੀ ਪਰੰਪਰਾ ਅਨੁਸਾਰ ਮੰਚ ‘ਤੇ ਬੈਠੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੀਆਂ ਹੁਣ ਤੱਕ ਦੀਆਂ ਸੇਵਾਵਾਂ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਙ ਇਸ ਮੌਕੇ ਉਨ੍ਹਾਂ ਸੰਸਥਾ ਦਾ ਪੰਜ ਸਾਲਾ ਵਿਜ਼ਨ ਵੀ ਪੇਸ਼ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਲਾਭ ਪਹੁੰਚਾਉਣ ਦੇ ਵਿਚਾਰ ਨੂੰ ਸਾਕਾਰ ਕਰਦਿਆਂ ਸੰਸਥਾ ਵੱਲੋਂ 21 ਜੁਲਾਈ ਨੂੰ ਲੁਧਿਆਣਾ ਵਿੱਚ ਕੈਂਪ ਲਗਾਇਆ । 500 ਤੋਂ ਵੱਧ ਮਰੀਜ਼ ਆਏ ਅਤੇ ਉਨ੍ਹਾਂ ਵਿੱਚੋਂ 467 ਅੰਗਹੀਣਾਂ ਨੂੰ ਨਰਾਇਣ ਲਿੰਬ ਅਤੇ ਕੈਲੀਪਰਜ਼ ਕੈਂਪ ਲਈ ਚੁਣਿਆ ਗਿਆ। ਨਤੀਜੇ ਵਜੋਂ ਐਤਵਾਰ ਨੂੰ ਇਕ ਨਹੀਂ ਬਲਕਿ ਸੈਂਕੜੇ ਅਪਾਹਜਾਂ ਦੀ ਰੁਕੀ ਹੋਈ ਜ਼ਿੰਦਗੀ ਨੂੰ ਮੁੜ ਹੁਲਾਰਾ ਮਿਲਿਆ। ਸਮਾਗਮ ਦੌਰਾਨ ਬਨਾਵਟੀ ਅੰਗ ਪਹਿਨਣ ਵਾਲੇ ਅਪਾਹਜ ਵਿਅਕਤੀਆਂ ਨੇ ਪਰੇਡ ਦੇ ਨਾਲ-ਨਾਲ ਫੁੱਟਬਾਲ ਅਤੇ ਬੈਡਮਿੰਟਨ ਵੀ ਖੇਡਿਆ। ਮਾਹਿਰ ਡਾਕਟਰਾਂ ਵੱਲੋਂ ਅੰਗਹੀਣਾਂ ਨੂੰ ਨਕਲੀ ਯੰਤਰਾਂ ਦੀ ਵਰਤੋਂ ਅਤੇ ਰੱਖ-ਰਖਾਅ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਸੰਸਥਾ ਦੇ ਟਰੱਸਟੀ ਦੇਵੇਂਦਰ ਚੌਬੀਸਾ ਨੇ ਕੈਂਪ ਦੀ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਲੋਅਰ 263 ਲਿੰਬ, 46 ਅੱਪਰ ਲਿੰਬ, 20 ਮਲਟੀਪਲ ਲਿੰਬ ਅਤੇ 138 ਕੈਲੀਪਰ ਲਗਾਏ ਗਏ ਸਨ। ਸੰਸਥਾ ਦੇ 80 ਵਿਅਕਤੀਆਂ ਦੀ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਲਈ ਮੁਫਤ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਪ੍ਰੋਗਰਾਮ ਦੌਰਾਨ ਜੇਆਰਐਸ ਦੇ ਮਾਲਕ ਜਗਦੀਸ਼ ਸਿੰਘਲ, ਭਾਜਪਾ ਦੇ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਰਾਸ਼ੀ ਅਗਰਵਾਲ, ਉਦਯੋਗਪਤੀ ਤੇ ਸਮਾਜ ਸੇਵੀ ਅਨਿਲ ਗੁਪਤਾ, ਸ੍ਰੀਪਾਲ ਜੈਨ, ਕੈਥਲ ਤੋਂ ਡਾ: ਵਿਵੇਕ ਗਰਗ, ਡਾ: ਵਿਕਾਸ ਮੱਕੜ, ਸਮਾਜ ਸੇਵੀ ਹਰਪਾਲ ਸਿੰਘ, ਆਲ ਇੰਡੀਆ ਮਾਰਵਾੜੀ ਯੁਵਾ ਮੰਚ ਦੇ ਪ੍ਰਧਾਨ ਡਾ. ਮੋਹਰ ਸਿੰਘ ਅਤੇ ਸ਼ਹਿਰ ਦੇ ਹੋਰ ਦਾਨੀ ਸੱਜਣਾਂ ਨੇ ਸ਼ਮੂਲੀਅਤ ਕੀਤੀ।