ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਹਜ਼ਾਰਾਂ ਸਿੱਖਾਂ ਨੂੰ ਯਾਦ ਕਰਨ ਲਈ ਸਲੋਅ ਅਤੇ ਆਸ ਪਾਸ ਤੋਂ ਸੈਂਕੜੇ ਸਿੱਖ ਇਕੱਠੇ ਹੋਏ। ਸਲੋਅ ਵਿਖ਼ੇ ਉਲੀਕੇ ਗਏ ਪ੍ਰੋਗਰਾਮ ਦੀ ਸ਼ੁਰੂਆਤ ਸਿਮਰਨ ਨਾਲ ਹੋਈ ਅਤੇ ਹਾਜ਼ਰ ਸਾਰੇ ਲੋਕਾਂ ਨੇ ਉਨ੍ਹਾਂ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਯਾਦ ਕਰਨ ਲਈ ਸੈਂਕੜੇ ਮੋਮਬੱਤੀਆਂ ਜਗਾਈਆਂ ਜਿਨ੍ਹਾਂ ਦੇ ਗਲਾਂ ਵਿੱਚ ਟਾਇਰ ਪਾਏ ਹੋਏ ਸਨ ਅਤੇ ਉਨ੍ਹਾਂ ਨੂੰ ਜਿਉਂਦਿਆਂ ਸਾੜਿਆ ਗਿਆ ਸੀ।
ਇਸ ਤੋਂ ਬਾਅਦ ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਸ਼ਬਦ ਦਾ ਗਾਇਨ ਕੀਤਾ ਗਿਆ ਨਾਲ ਹੀ ਚੌਪਈ ਸਾਹਿਬ ਦੇ ਪਾਠ ਉਪਰੰਤ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਲਈ ਅਰਦਾਸ ਕੀਤੀ ਗਈ ।
ਸਿੱਖ ਫੈਡਰੇਸ਼ਨ (ਯੂ.ਕੇ.) ਦੇ ਦਬਿੰਦਰਜੀਤ ਸਿੰਘ ਅਤੇ ਖਾਲਸਾ ਏਡ ਦੇ ਰਵੀ ਸਿੰਘ ਨੇ ਇਕੱਤਰ ਹੋਏ ਲੋਕਾਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਭਾਰਤੀ ਮੰਤਰੀਆਂ ਨੂੰ ਨਵੰਬਰ ਵਿੱਚ ਸਿੱਖਾਂ ਦੇ ਅੰਨ੍ਹੇਵਾਹ ਕਤਲੇਆਮ ਅਤੇ ਮਨੁੱਖਤਾ ਵਿਰੁੱਧ ਅਪਰਾਧ” ਅਤੇ ਇੱਕ ਨਸਲਕੁਸ਼ੀ ਵਜੋਂ ਦਾ ਹਵਾਲਾ ਦਿੱਤਾ ।
ਉਨ੍ਹਾਂ ਦਸਿਆ ਕਿ ਦਿੱਲੀ ਹਾਈ ਕੋਰਟ ਨੇ ਦਸੰਬਰ 2018 ਵਿੱਚ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ “ਮਨੁੱਖਤਾ ਵਿਰੁੱਧ ਅਪਰਾਧ” ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ “ਇਹ ਸ਼ਾਇਦ ਸਭ ਤੋਂ ਭੈੜੀ ਨਸਲਕੁਸ਼ੀ ਸੀ ਜੋ ਅਸੀਂ ਕਦੇ ਦੇਖੀ ਹੈ ਤੇ ਸਾਡੇ ਵਿੱਚੋਂ ਬਹੁਤ ਸਾਰੇ ਗਵਾਹ ਮੌਜੂਦ ਹਨ।” ਇਸੇ ਮਾਮਲੇ ਦੀ ਸੁਣਵਾਈ ਲਈ ਮਾਰਚ 2019 ਵਿੱਚ ਸੁਪਰੀਮ ਕੋਰਟ ਵਿੱਚ ਇਕ ਅਪੀਲ ਦਾਇਰ ਕੀਤੀ ਗਈ ਸੀ । ਮਈ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਇੱਕ “ਵੱਡੀ, ਭਿਆਨਕ ਨਸਲਕੁਸ਼ੀ” ਸੀ ਜੋ ਕਿ 1984 ਦੇ ਕਤਲੇਆਮ ਦੀਆਂ 50 ਪੀੜ੍ਹੀਆਂ ਬਾਅਦ ਵੀ ਨਹੀਂ ਭੁਲਾਈ ਜਾ ਸਕਦੀ ।
ਸਲੋਅ ਅਤੇ ਮੇਡਨਹੈੱਡ ਦੇ ਸਥਾਨਕ ਕੌਂਸਲਰ ਵੀ ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਲੋਕਾਂ ਨੇ ਮੋਮਬੱਤੀ ਦੀ ਰੌਸ਼ਨੀ ਵਿਚ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਪਰਨ ਕਰਣ ਲਈ ਵੱਡਾ ਸਮਰਥਨ ਦਿਖਾਇਆ ਸੀ ।