ਦਿੱਲੀ –: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਜਨਵਰੀ 2022 ‘ਚ ਹੋਈਆਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਨੂੰ ਸਰਨਾ ਭਰਾਵਾਂ ਨੇ ਮਾਨਤਾ ਦੇ ਦਿੱਤੀ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਚੋਣਾਂ ਮਾਮਲਿਆਂ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਅਹੁਦੇਦਾਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਦੀ ਪਟਿਆਲਾ ਹਾਉਸ ਜਿਲਾ ਅਦਾਲਤ ‘ਚ ਪਾਈ ਪਟੀਸ਼ਨ ਨੂੰ ਬੀਤੇ ਦਿਨੀ ਵਾਪਿਸ ਲੈ ਲਿਆ ਸੀ। ਦਸੱਣਯੋਗ ਹੈ ਸ. ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਜਨਵਰੀ 2022 ਦੀਆਂ ਕਾਰਜਕਾਰੀ ਬੋਰਡ ਦੀਆਂ ਚੋਣਾਂ ਨੂੰ ਵੰਗਾਰਦੇ ਹੋਇਆ ਮਈ 2022 ‘ਚ ਇਹ ਪਟੀਸ਼ਨ ਦਾਖਿਲ ਕੀਤੀ ਸੀ, ਜਿਸ ‘ਚ ਇਹਨਾਂ ਚੋਣਾਂ ਸਬੰਧੀ ਜਾਰੀ ਕੀਤੇ ਗਜਟ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪਟੀਸ਼ਨ ‘ਚ ਸਰਨਾ ਵਲੋਂ ਦਿੱਲੀ ਸਰਕਾਰ, ਡਾਇਰੈਕਟਰ ਗੁਰਦੁਆਰਾ, ਦਿੱਲੀ ਪੁਲਿਸ ਕਮਿਸ਼ਨਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਮੇਟੀ ਦੇ ਅਹੁਦੇਦਾਰਾਂ ਤੇ ਹੋਰਨਾਂ ਮੈਂਬਰਾਂ ਸਣੇ 21 ਵਿਰੋਧੀ ਧਿਰ ਵਜੌਂ ਸ਼ਾਮਿਲ ਕੀਤੇ ਗਏ ਸੀ। ਪਰੰਤੂ ਦੋ ਸਾਲ ਇਸ ਮੁਕੱਦਮੇ ਦੀ ਪੈਰਵੀ ਕਰਨ ਤੋਂ ਉਪਰੰਤ ਹਰਵਿੰਦਰ ਸਿੰਘ ਸਰਨਾ ਨੇ ਅਚਨਚੇਤ ਯੂ-ਟਰਨ ਲੈਂਦਿਆਂ ਬੀਤੀ 29 ਅਕਤੂਬਰ 2024 ਨੂੰ ਇਸ ਪਟੀਸ਼ਨ ਨੂੰ ਵਾਪਿਸ ਲੈ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਵਲੋਂ ਜਨਵਰੀ 2022 ‘ਚ ਹੋਈਆਂ ਚੋਣਾਂ ਸਬੰਧੀ ਲਗਾਏ ਗਏ ਸਾਰੇ ਇਲਜਾਮ ਝੂਠੇ ਸਨ ‘ਤੇ ਹੁਣ ਉਹ ਇਹਨਾਂ ਚੋਣਾਂ ਨੂੰ ਸਹੀ ਕਰਾਰ ਦਿੰਦੇ ਹਨ।
ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਰਨਾ ਭਰਾਵਾਂ ਨੇ ਇਹਨਾਂ ਚੋਣਾਂ ‘ਚ ਬੈਲਟ ਬਕਸੇ ਤੇ ਕਬਜਾ ਕਰਕੇ ਵੋਟ-ਪ੍ਰਕਿਆ ‘ਚ ਰੁਕਾਵਟ ਪਾਈ ਸੀ ਜੋ ਕਿ ਨਿਯਮਾਂ ਦੀ ਘੋਰ ਉਲੰਘਣਾਂ ਹੈ, ਜਿਸਦੇ ਚਲਦੇ ਇਹ ਚੋਣਾਂ ਤਕਰੀਬਨ 12 ਘੰਟੇ ਮੁਲਤਵੀ ਹੋਣ ਤੌਂ ਉਪਰੰਤ ਪੁਲਿਸ ਸੁਰਖਿਆਂ ‘ਚ ਨੇਪਰੇ ਚੜ੍ਹੀਆਂ ਸਨ। ਇੰਦਰ ਮੋਹਨ ਸਿੰਘ ਨੇ ਸ. ਸਰਨਾ ਵਲੋਂ ਆਪਣੀ ਗਲਤੀ ਨੂੰ ਮੰਨਦੇ ਹੋਏ ਮੁਕੱਦਮਾਂ ਵਾਪਸ ਲੈਣ ‘ਤੇ ਇਹਨਾਂ ਚੋਣਾਂ ਨੂੰ ਪੁਰਨ ਤੋਰ ‘ਤੇ ਮਾਨਤਾ ਦੇਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਮਾਨਤਾ ਦੇਣ ਤੋਂ ਉਪਰੰਤ ਹੁਣ ਸਰਨਾ ਭਰਾ ਮੋਜੂਦਾ ਕਮੇਟੀ ਦੇ ਕੰਮ-ਕਾਜ ‘ਚ ਆਪਣਾ ਸਹਿਯੋਗ ਦੇਣ ‘ਤੇ ਬੇਬੁਨਿਆਦੀ ਬਿਆਨਬਾਜੀ ਤੋਂ ਗੁਰੇਜ ਕਰਨ।