ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਵੱਲੋਂ (14 ਤੋਂ 17 ਨਵੰਬਰ ਤੱਕ) ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਆਰੰਭ ਕੀਤਾ ਗਿਆ ਜਿਸ ਦਾ ਉਦਘਾਟਨ ਸਾਬਕਾ ਚਾਂਸਲਰ ਅਤੇ ਅਕਾਡਮੀ ਦੇ ਸਾਬਕਾ ਡਾ. ਸ. ਸ. ਜੌਹਲ ਨੇ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਉਨ੍ਹਾਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਈ ਥਾਈਂ ਪੁਸਤਕ ਮੇਲੇ ਲੱਗਦੇ ਹਨ, ਪਰ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਇਹੋ ਜਿਹਾ ਮੇਲਾ ਕਿਤੇ ਨਹੀਂ ਲੱਗਦਾ। ਪੰਜਾਬ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਸੋ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਇਹ ਉਤਸਵ ਕਰਵਾ ਰਹੇ ਹਾਂ।
ਪਹਿਲਾ ਦਿਨ 14 ਨਵੰਬਰ ਬਾਲ-ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ‘ਆਓ ਪੁਸਤਕਾਂ ਪੜ੍ਹੀਏ’ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਸ. ਸ. ਜੌਹਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਅਮਰਜੀਤ ਸਿੰਘ ਟਿੱਕਾ ਪ੍ਰਧਾਨ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਸ. ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਲੁਧਿਆਣਾ ਅਤੇ ਸਾਬਕਾ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ ਸ਼ਾਮਲ ਹੋਏ। ਜੰਗ ਬਹਾਦਰ ਗੋਇਲ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਉਪਰਾਲੇ ਦੀ ਸ਼ਘਾਲਾ ਕਰਦੇ ਹੋਏ ਆਪਣੇ ਪੇਪਰ ‘ਆਓ ਕਿਤਾਬਾਂ ਪੜ੍ਹੀਏ’ ਵਿਚ ਵਿਸਥਾਰ ਸਹਿਤ ਗੱਲ ਕਰਦਿਆਂ ਕਿਹਾ ਕਿ ਪੁਸਤਕਾਂ ਚੰਗੀ ਅਤੇ ਸੁਖਮਈ ਜ਼ਿੰਦਗੀ ਬਣਾਉਣ ਵਿਚ ਸਹਾਈ ਹੁੰਦੀਆਂ ਹਨ। ਸਾਡੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜੇ.ਪੀ. ਅਬਦੁਲ ਕਲਾਮ ਕਿਹਾ ਕਰਦੇ ਸਨ ‘ਕਿਤਾਬਾਂ ਦੀ ਸੰਗਤ ਵਿਚ ਮੇਰੇ ਜੀਵਨ ਵਿਚ ਕੋਈ ਘਾਟ ਨਹੀਂ ਸੀ।’ ਨੌਜਵਾਨਾਂ ਨੂੰ ਕਿਤਾਬਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਕਿਤਾਬਾਂ ਪੜ੍ਹਨ ਨਾਲ ਚੰਗੀ ਜ਼ਿੰਦਗੀ ਦੀ ਚੋਣ ਕਰਨੀ ਸੌਖੀ ਹੋ ਜਾਂਦੀ ਹੈ। ਜਦੋਂ ਮਨ ਅੱਕਿਆ, ਥੱਕਿਆ, ਹਤਾਸ਼ ਅਤੇ ਨਿਰਾਸ਼ ਹੋਵੇ, ਅਰਦਾਸ/ਪ੍ਰਰਾਥਨਾ ਨਾਲ ਵੀ ਮਨ ਨਾ ਟਿਕੇ, ਓਦੋਂ ਇਕ ਚੰਗੀ ਕਿਤਾਬ ਸਹਾਈ ਸਿੱਧ ਹੋ ਸਕਦੀ ਹੈ। ਕਿਤਾਬਾਂ ਦੀ ਕਰਾਮਾਤ ਹੈ ਕਿ ਉਹ ਖ਼ੁਦਕੁਸ਼ੀ ਕਰਦੇ ਮਨੁੱਖ ਵੀ ਮੋੜ ਲਿਆਉਂਦੀਆਂ ਹਨ। ਸ. ਹਰਚਰਨ ਸਿੰਘ ਗੋਹਲਵੜੀਆ ਨੇ ਕਿਹਾ ਮੈਂ ਪੰਜਾਬੀ ਭਵਨ ਅਨੇਕ ਵਾਰ ਆਇਆ ਹਾਂ, ਪਰ ਇਸ ਵਾਰ ਬਹੁਤ ਬਦਲਾਓ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਸਾਹਿਤ ਉਤਸਵ ਸਮੇਂ ਨਾਟਕ ਖੇਡਣ ਵਾਲੀਆਂ ਟੀਮਾਂ ਨੂੰ ਕਿਰਾਏ ਲਈ ਨਕਦ ਰਾਸ਼ੀ ਮੌਕੇ ’ਤੇ ਦਿੱਤੀ। ਸ. ਅਮਰਜੀਤ ਸਿੰਘ ਟਿੱਕਾ ਨੇ ਕਿਹਾ ਅੱਜ ਸਰਕਾਰਾਂ ਦੀ ਨਾਕਾਮਯਾਬੀ ਕਰਕੇ ਨੌਜਵਾਨ ਨਸ਼ੇ ਵਿਚ ਡੁੱਬੇ ਹੋਏ ਹਨ ਤੇ ਬਾਕੀ ਵਿਦੇਸ਼ਾਂ ਨੂੰ ਜਾ ਰਹੇ ਹਨ। ਸ. ਪ੍ਰਿਤਪਾਲ ਸਿੰਘ ਨੇ ਇਸ ਸ਼ਲਾਘਾਯੋਗ ਉੱਦਮ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੂੰ ਮੁਬਾਰਕਬਾਦ ਦਿੱਤੀ।
ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੁਸਤਕ ਸੇਵਾ ਅਤੇ ਲੰਗਰ ਸੇਵਾ ਦੋਵੇਂ ਇਕ ਮਹਾਨ ਕਾਰਜ ਹੈ। ਉਨ੍ਹਾਂ ਨੇ ਲੰਗਰ ਦੀ ਸੇਵਾ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਅਤੇ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਸ. ਅਮਰਜੀਤ ਸਿੰਘ ਟਿੱਕਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਕਾਡਮੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਟੀਮ ਨੇ ਜੋ ਸੁਪਨੇ ਲਏ ਸਨ ਉਨ੍ਹਾਂ ਨੂੰ ਪੂਰਾ ਕਰਨ ਵਿਚ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ।
ਸਾਹਿਤ ਉਤਸਵ ਦੇ ਪਹਿਲੇ ਦਿਨ ‘ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ’ ਵਿਖੇ ਉੱਘੇ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਹੇਠ ਚਾਰ ਚੋਣਵੇਂ ਨਾਟਕ, ਨਾਟ-ਕਲਾ ਕੇਂਦਰ ਜਗਰਾਉਂ ਦੀ ਪੇਸ਼ਕਾਰੀ ‘ਪੰਛੀ ਬੋਲਣ ਮਿੱਠੜੇ ਬੋਲ’ ਬਾਲ ਨਾਟਕ ਮੋਹੀ ਅਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ, ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੇਸ਼ਕਾਰੀ ‘ਏਵਮ ਇੰਦਰਜੀਤ’ ਡਾ. ਜਸਪਾਲ ਕੌਰ ਦੀ ਨਿਰਦੇਸ਼ਨਾ ਹੇਠ, ਇਪਟਾ ਮੁਹਾਲੀ ਅਤੇ ਯੂਨੀਵਰਸਲ ਆਰਟ ਐਂਡ ਵੈਲਫੇਅਰ ਸੁਸਾਇਟੀ ਦੇ ਪੇਸ਼ਕਾਰੀ ‘ਮੇਰਾ ਉੱਜੜਿਆ ਗੁਆਂਢੀ’ (ਸੰਤੋਖ ਸਿੰਘ ਧੀਰ ਦੀ ਕਹਾਣੀ ’ਤੇ ਅਧਾਰਿਤ) ਜਿਸ ਦੇ ਲੇਖਕ ਸੰਜੀਵਨ ਅਤੇ ਨਰਿੰਦਰ ਪਾਲ ਨੀਨਾ ਦੀ ਨਿਰਦੇਸ਼ਨਾ ਹੇਠ, ਰੰਗਮੰਚ ਰੰਗਨਗਰੀ (ਰਜਿ.) ਲੁਧਿਆਣਾ ਦੀ ਪੇਸ਼ਕਾਰੀ ‘ਸੱਚ ਦੀ ਸਰਦਲ ਤੋਂ’ (ਹਿੰਦੀ ਨਾਟਕ ਚੌਰਾਹੇ ਪਰ) ਦੇ ਲੇਖਕ ਅੰਮ੍ਰਿਤ ਲਾਲ ਮਦਾਨ, ਅਨੁਵਾਦ ਹੀਰਾ ਸਿੰਘ ਰੰਧਾਵਾ, ਤਰਲੋਚਨ ਸਿੰਘ ਦੇ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ। ਇਸ ਸੈਸ਼ਨ ਦੇ ਕੋਆਰਡੀਨੇਟਰ ਸੰਜੀਵਨ ਸਨ। ਪਹਿਲੇ ਨਾਟਕ ਤੇ ਪ੍ਰੋ. ਅਤੈ ਸਿੰਘ ਅਤੇ ਦੂਜੇ ਬਾਰੇ ਜਸਪਾਲ ਮਾਨਖੇੜਾ ਨੇ ਭਾਵਪੂਰਤ ਟਿੱਪਣੀ ਕੀਤੀ। ਤੀਜੇ ਨਾਟਕ ’ਤੇ ਰਾਜਵਿੰਦਰ ਸਮਰਾਲਾ ਨੇ ਚੌਥੇ ਨਾਟਕ ’ਤੇ ਡਾ. ਜਸਪਾਲ ਕੌਰ ਦਿਓਲ ਨੇ ਟਿੱਪਣੀ ਕੀਤੀ।
ਇਸ ਸਮੇਂ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਅਕਾਡਮੀ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਪ੍ਰੈੱਸ/ਦਫ਼ਤਰ ਸਕੱਤਰ ਜਸਵੀਰ ਝੱਜ, ਸਕੱਤਰ ਸਾਹਿਤ ਸਰਗਰਮੀਆਂ ਡਾ. ਹਰੀ ਸਿੰਘ ਜਾਚਕ, ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਰਣਜੀਤ ਸਿੰਘ, ਮਨਦੀਪ ਕੌਰ ਭੰਮਰਾ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਕੁਲਵਿੰਦਰ ਕੌਰ ਮਿਨਹਾਸ, ਡਾ. ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਡੀ. ਐੱਮ. ਸਿੰਘ, ਪੁਸਤਕ ਮੇਲਾ ਕੋਆਰਡੀਨੇਟਰ ਖੁਸ਼ਵੰਤ ਬਰਗਾੜੀ ਤੇ ਦੀਪ ਦਿਲਬਰ, ਅਮਰਿੰਦਰ ਸੋਹਲ, ਰਵੀ ਰਵਿੰਦਰ, ਡਾ. ਮਨਦੀਪ ਕੌਰ, ਗੁਰਿੰਦਰ ਕਲਸੀ, ਬਲਕੌਰ ਸਿੰਘ, ਰਾਣਾ ਰਣਬੀਰ ਸਿੰਘ, ਅਤੈ ਸਿੰਘ, ਜਨਮੇਜਾ ਸਿੰਘ ਜੌਹਲ, ਬਲਵਿੰਦਰ ਗਲੈਕਸੀ, ਜਸਮੇਰ ਸਿੰਘ ਢੱਟ, ਭੁਪਿੰਦਰ ਸਿੰਘ ਚੌਕੀਮਾਨ, ਡਾ. ਹਰਜਿੰਦਰ ਸਿੰਘ ਦਿਲਗੀਰ, ਗੁਰਸ਼ਰਨ ਸਿੰਘ ਨਰੂਲਾ, ਮਾਲਵਾ ਐਜੂਕੇਸ਼ਨ ਕਾਲਜ, ਜੀ.ਐਮ.ਟੀ.ਕਾਲਜ, ਨਾਰੰਗਵਾਲ ਕਾਲਜ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ, ਗਿਆਨ ਅੰਜਨ ਅਕਾਡਮੀ, ਡਾ. ਕੁਲਵਿੰਦਰ ਕੌਰ ਮਿਨਹਾਸ ਵਲੋਂ ਚਲਾਏ ਜਾ ਰਹੇ ਸਕੂਲ ਦੇ ਬੱਚੇ, ਗੌਰਮਿੰਟ ਸੀਨੀਅਰ ਸਕੈਡੰਰੀ ਸਕੂਲ ਸੁਮਿਟਰੀ ਰੋਡ ਲੁਧਿਆਣਾ, ਪੀ.ਏ.ਯੂ.ਹਾਈ ਸਕੂਲ, ਜਵਾਹਰ ਨਗਰ ਸਕੂਲ, ਮਲਟੀਪਰਪਜ਼ ਸਕੂਲ, ਬੀ.ਸੀ.ਐਮ.ਸਕੂਲ, ਸਰਸਵਤੀ ਸਕੂਲ ਦੋਰਾਹਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਸਕੂਲਾਂ ਦੇ ਵਿਦਿਆਰਥੀ, ਅਧਿਆਪਕ ਅਤੇ 45 ਪੁਸਤਕ ਵਿ¬ਕ੍ਰੇਤਾਵਾਂ/ਪ੍ਰਕਾਸ਼ਕਾਂ ਦੀ ਭਰਵੀਂ ਹਾਜ਼ਰੀ ਸੀ।