ਸ਼ਬਦ ਰੂਪੀ ਬ੍ਰਹਮ ਜਦ ਅੱਖ ਖੋਲੀ,
ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ।
ਇੱਕ ਸ਼ਬਦ ਤੋਂ ਲੱਖਾਂ ਦਰੀਆਉ ਚੱਲੇ,
ਧੜਕਣ ਜਿੰਦਗੀ ਦੀ ਐਸੀ ਪਾਈ ਉਹਨੇ।
ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ,
ਸ਼ਬਦ ਨਾਲ ਜੋ ਖੇਡ ਰਚਾਈ ਉਹਨੇ।
ਸ਼ਬਦ ਵਿੱਚ ਹੀ ਰੱਖੇ ਨੇ ਭੇਦ ਸਾਰੇ,
ਸ੍ਰਿਸ਼ਟੀ ਆਪ ਹੀ ਟੋਲਣ ਤੇ ਲਾਈ ਉਹਨੇ।
ਸ਼ਬਦ-ਸੂਝ ਵੀ ਤਾਂ ਸ਼ਬਦ ਆਪ ਦੇਵੇ,
ਸ਼ਬਦ ਵਿੱਚ ਹੀ ਰੱਖਿਆ ਗਿਆਨ ਪੂਰਾ।
ਇੱਕੋ ਸ਼ਬਦ ਤੋਂ ਪੈਦਾ ਸਰੀਰ ਹੋਏ,
ਓਹੀ ਸ਼ਬਦ ਹੈ ਸਾਰੇ ਪ੍ਰਵਾਨ ਪੂਰਾ।
ਜਿਹੜੀ ਸੁਰਤ ਵਿੱਚ ਸ਼ਬਦ ਦਾ ਵਾਸ ਹੋਵੇ,
ਓਸ ਸੁਰਤ ਨੂੰ ਪੂਜੇ ਜਹਾਨ ਪੂਰਾ।
ਆਓ ਨਾਨਕ ਦਾਤਾਰ ਦੀ ਗੱਲ ਕਰੀਏ,
ਜੀਹਨੇ ਸ਼ਬਦ ਦਾ ਕੀਤਾ ਏ ਦਾਨ ਪੂਰਾ।
ਪਾਧੇ ਪਾਸ ਸੀ ਪੜ੍ਹਨ ਲਈ ਭੇਜਿਆ ਜਾ,
ਨਾਨਕ-ਮੁੱਖ ਤੋਂ ਸ਼ਬਦ ਹੀ ਬੋਲਦਾ ਏ।
ਬਾਅਦ “ਇੱਕ” ਦੇ ਪੜ੍ਹਨਾ ਹੈ “ਦੂਸਰਾ” ਕੀ,
ਭੇਦ “ਇੱਕ” ਦਾ ਪਿਆ ਉਹ ਖੋਲਦਾ ਏ।
ਮੋਦੀਖਾਨੇ ਵਿੱਚ ਬੈਠ ਕੇ ਸ਼ਬਦ ਇਹੀ,
ਆਖ “ਤੇਰਾ ਤੇਰਾ” ਪੂਰਾ ਤੋਲਦਾ ਏ ।
ਇੱਕੋ ਸ਼ਬਦ ਅੰਦਰ ਸੱਭੇ ਬਰਕਤਾਂ ਨੇ,
ਸ਼ਬਦ-ਰੱਤਿਆ ਕਦੇ ਨਾ ਡੋਲਦਾ ਏ।
ਸ਼ਬਦ ਵਿੱਚ ਡੁੱਬੇ ਤਾਈਂ ਪਿਤਾ ਕਾਲੂ,
ਕਿਹਾ, “ਲਾਹੇ ਦਾ ਕਰੀਂ ਵਪਾਰ ਨਾਨਕ।
ਆਹ ਲੈ ਵੀਹ ਰੁਪਈਏ ਦੀ ਨਕਦ ਪੂੰਜੀ,
ਦੂਣੀ ਹੋਵੇ ਐਸੀ ਕਰੀਂ ਕਾਰ ਨਾਨਕ।”
ਭੁੱਖੇ ਮਿਲੇ ਸਾਧੂ ਜਿਹੜੇ ਨਾਮ ਜਪਦੇ,
ਨਾਲ ਸ਼ਬਦ ਦੇ ਕੀਤੇ ਸਰਸ਼ਾਰ ਨਾਨਕ।
ਸੌਦਾ ਸੱਚ ਦਾ ਕੀਤਾ ਰੂਹ ਨਾਲ ਐਸਾ,
ਵੰਡ ਛਕਣ ਦਾ ਕੀਤਾ ਪ੍ਰਚਾਰ ਨਾਨਕ।
ਕੰਢੇ ਵੇਈਂ ਤੋਂ ਸ਼ਬਦ ਦੀ ਧੁਨ ਉੱਠੀ,
ਫੇਰ ਆਈ ਨਾ ਕਿਸੇ ਹਿਸਾਬ ਅੰਦਰ।
ਗੁਰਮੁਖ ਖੋਜਣ ਲਈ ਚੱਲਿਆ ਯਾਤਰਾ ਤੇ,
ਸ਼ਬਦ ਗੂੰਜ ਦਾ ਡੂਮ-ਰਬਾਬ ਅੰਦਰ।
ਸ਼ਬਦ ਨਾਲ ਹੀ ਸਿਫਤ ਸਲਾਹ ਉਹਦੀ,
ਪ੍ਰਸ਼ਨ ਜੱਗ ਦੇ, ਸ਼ਬਦ-ਜਵਾਬ ਅੰਦਰ।
ਏਸੇ ਸ਼ਬਦ ਨੇ ਚਹੁੰਆਂ ਉਦਾਸੀਆਂ ਵਿਚ,
ਕੰਡੇ ਬਦਲੇ ਨੇ ਸੱਭੇ ਗੁਲਾਬ ਅੰਦਰ।
ਸਿੱਧ ਹੋਏ ਸਿੱਧੇ ਹਉਮੈ ਛੱਡ ਕੇ ਤੇ,
ਬਾਣ ਸ਼ਬਦ ਦਾ ਬਾਬੇ ਨੇ ਮਾਰਿਆ ਸੀ।
ਸ਼ਬਦ ਸੁਣ ਕੇ ਠੱਗ ਵੀ ਬਣੇ ਸੱਜਣ,
ਕਿਧਰੇ ਭੂਮੀਏ ਚੋਰ ਨੂੰ ਤਾਰਿਆ ਸੀ।
ਮਲਕ ਭਾਗੋ ਦੀ ਲੁੱਟ ਦੇ ਖਾਣਿਆਂ ਨੂੰ,
ਉਹਦੇ ਸ਼ਬਦ ਨੇ ਕਿੱਦਾਂ ਨਕਾਰਿਆ ਸੀ।
ਹੱਥੀਂ ਕਿਰਤ ਨੂੰ ਦੇ ਕੇ ਵਡਿਆਈ ਦਾਤਾ,
ਸ਼ਬਦ ਰਾਹੀਂ ਹੀ ਲਾਲੋ ਸਤਿਕਾਰਿਆ ਸੀ।
ਵਲ਼, ਵਲੀ ਕੰਧਾਰੀ ਦੇ ਸ਼ਬਦ ਕੱਢੇ,
ਸ਼ਬਦ ਬਿਨਾਂ ਤਾਂ ਪੱਤਾ ਵੀ ਹੱਲਦਾ ਨਾ।
ਜਿੱਥੇ ਸ਼ਬਦ ਸੰਗੀਤ ਵਿੱਚ ਵੱਜਦਾ ਸੀ,
ਜਾਦੂਗਰਨੀਆਂ ਦਾ ਜਾਦੂ ਚੱਲਦਾ ਨਾ।
ਸ਼ਬਦ ਆਖਿਆ ਬਾਬਰ ਨੂੰ ਜਦੋਂ ਜਾਬਰ,
ਠੰਡਾ ਹੋ ਗਿਆ, ਚੋਟ ਨੂੰ ਝੱਲਦਾ ਨਾ।
ਰਾਇ-ਬੁਲਾਰ ਦੇ ਸੀਨੇ ਵਿੱਚ ਛੇਕ ਹੋਏ,
ਤਾਹੀਂ ਸ਼ਬਦ ਦੀ ਆਖੀ ਉਹ ਥੱਲਦਾ ਨਾ।
ਪੁਰੀ ਮੰਦਰ ਦੇ ਸੰਖ ਵਿੱਚ ਸ਼ਬਦ ਪੁੱਜਾ,
ਸਭ ਪ੍ਰਭੂ ਦੀ ਆਰਤੀ ਗਾਉਣ ਲੱਗੇ।
ਮਸਜਿਦ ਵਿੱਚ ਜਾਂ ਸ਼ਬਦ ਨੇ ਬਾਂਗ ਦਿੱਤੀ,
ਕਾਜੀ ਮੌਲਵੀ ਸੁਰਤ ਟਿਕਾਉਣ ਲੱਗੇ।
ਕਿਧਰੇ ਜੋਗੀਆਂ ਨਾਥਾਂ ਦੇ ਕੋਲ ਜਾ ਜਾ,
ਲੱਖਾਂ ਧਰਤ- ਪਤਾਲ ਸਮਝਾਉਣ ਲੱਗੇ।
ਹਿਰਦੇ ਜੋ ਜੋ ਬਿੰਨੇ ਸੀ ਸ਼ਬਦ ਸੱਚੇ,
ਉਹ ਸੱਚ-ਆਚਾਰ ਵੱਲ ਆਉਣ ਲੱਗੇ।
ਗ੍ਰਹਿਸਥੀ ਬਣ ਕਰਤਾਰਪੁਰ ਆਣ ਕੇ ਤੇ,
ਯਾਦ ਕੀਤਾ ਸੀ ਓਸ ਕਰਤਾਰ ਤਾਈਂ।
ਖੇਤੀ ਕਰਕੇ ਦੱਸਿਐ ਆਪ ਹੱਥੀਂ,
ਨਾਮ ਬੀਜਣਾ ਕਿਵੇਂ ਸੰਸਾਰ ਤਾਈਂ।
ਹੱਥ ਕਾਰ ਵੱਲੇ ਦਿਲ ਦਿਲਦਾਰ ਵੱਲੇ,
ਉੱਚਾ ਰੱਖਣਾ ਸਦਾ ਕਿਰਦਾਰ ਤਾਈਂ।
ਸੁਰਤ ਸ਼ਬਦ ਨਾਲ ਜੋਡ਼ “ਰੁਪਾਲ” ਤੂੰ ਵੀ,
ਭੁੱਲ ਜਾਵੀਂ ਨਾ ਨਾਨਕ-ਨਿਰੰਕਾਰ ਤਾਈਂ ।