ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਇਤਿਹਾਸ ਵਿੱਚ ਉਹੀ ਕੌਮਾਂ ਜਿਉਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਵਿੱਚੋਂ ਕਦੇ ਨਹੀਂ ਵਿਸਾਰ ਦੀਆਂ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੀਆਂ ਹਨ । ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਕੈਨੇਡਾ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ, ਜਿਨਾਂ ਨੂੰ ਪਿਛਲੇ ਸਾਲ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਦੀ ਮਿੱਠੀ ਯਾਦ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਉਹਨਾਂ ਦੇ ਸ਼ਹੀਦੀ ਅਸਥਾਨ ਦੇ ਨਜ਼ਦੀਕ ਯਾਦਗਾਰੀ ਗੇਟ ਉਸਾਰੀ ਕਾਰ ਸੇਵਾ ਦਾ ਟੱਕ ਬੀਤੇ ਦਿਨ ਪੰਜ ਸਿੰਘ ਸਾਹਿਬਾਨਾਂ ਦੀ ਰਹਿਨੁਮਾਈ ਹੇਠ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਲਗਾਇਆ ਗਿਆ। ਜਿਕਰਯੋਗ ਹੈ ਕਿ ਭਾਈ ਨਿਝਰ ਦੇ ਕਤਲ ਮਾਮਲੇ ‘ਚ ਭਾਰਤੀ ਰਾਜਦੁਤਾਂ ਸਮੇਤ ਗ੍ਰਿਹਮੰਤਰੀ ਦਾ ਨਾਮ ਵੀ ਗੂੰਜ ਰਿਹਾ ਹੈ ਤੇ ਕੈਨੇਡਾ ਵਲੋਂ ਇਸ ਵਿਚ ਭਾਰਤੀ ਹਕੂਮਤ ਦਾ ਹੱਥ ਹੋਣ ਦਾ ਵਾਰ ਵਾਰ ਦੋਸ਼ ਲਗਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਹੋਠੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਗੇਟ ਦੀ ਉਸਾਰੀ ਵਿਚ ਆਪਣੀ ਤਿਲ ਫੁੱਲ ਅਤੇ ਹੱਥੀ ਕਾਰ ਸੇਵਾਵਾਂ ਕਰਕੇ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ । ਇਸ ਮੌਕੇ ਵਡੀ ਗਿਣਤੀ ਅੰਦਰ ਸੰਗਤਾਂ ਹਾਜ਼ਿਰ ਸਨ ।
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਸਿੱਖ ਦਰਬਾਰ ਕੈਨੇਡਾ ਵਿਖੇ ਯਾਦਗਾਰੀ ਗੇਟ ਉਸਾਰੀ ਕਾਰ ਸੇਵਾ ਸ਼ੁਰੂ
This entry was posted in ਅੰਤਰਰਾਸ਼ਟਰੀ.