ਲੰਡਨ – ਬ੍ਰਿਟੇਨ ਵਿੱਚ ਕਰਨਲ ਗਦਾਫ਼ੀ ਦੀ ਸੰਪਤੀ ਜ਼ਬਤ ਕੀਤੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਸੈਫ਼ ਅਲ-ਇਸਲਾਮ ਦੇ ਘਰ ਤੇ ਵੀ ਸਮਾਜਿਕ ਕੰਮ ਕਰਨ ਵਾਲਿਆਂ ਦੇ ਇੱਕ ਗਰੁਪ ‘ਟਾਪਲ ਦੀ ਟਾਏਰੈਨਟਸ ‘ ਨੇ ਕਬਜਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਪਤੀ ਲੀਬੀਆਵਾਸੀਆਂ ਦੀ ਹੈ। ਇਸ ਲਈ ਇਸ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਘਰ ਤੇ ਕਬਜਾ ਕਰਦੇ ਸਮੇਂ ਕੁਝ ਲੋਕਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਘਰ ਦੀ ਛੱਤ ਤੇ ਗਦਾਫ਼ੀ ਦੇ ਖਿਲਾਫ ਝੰਡੇ ਵੀ ਲਗਾ ਦਿੱਤੇ ਹਨ। ਇਨ੍ਹਾਂ ਝੰਡਿਆਂ ਤੇ ‘ਆਊਟ ਆਫ਼ ਲੀਬੀਆ, ਆਊਟ ਆਫ਼ ਲੰਡਨ ‘ ਲਿਖਿਆ ਹੋਇਆ ਹੈ।
ਗਦਾਫ਼ੀ ਦਾ ਪੁੱਤਰ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੀਐਚਡੀ ਕਰਨ ਸਮੇਂ ਇੱਥੇ ਰਹਿੰਦਾ ਸੀ। ਇਸ ਘਰ ਵਿੱਚ ਸਵਿਮਿੰਗ ਪੂਲ, ਸਿਨੇਮਾਘਰ ਤੋਂ ਲੈ ਕੇ ਸਾਰੀਆਂ ਸੁੱਖ ਸਹੂਲਤਾਂ ਮੌਜੂਦ ਹਨ। ਸਮੂੰਹ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੰਪਤੀ ਲੀਬੀਆ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਉਹ ਹੀ ਇਸ ਦੇ ਅਸਲੀ ਹੱਕਦਾਰ ਹਨ।
ਬ੍ਰਿਟਿਸ਼ ਸਰਕਾਰ ਪਹਿਲਾਂ ਹੀ ਗਦਾਫ਼ੀ ਅਤੇ ਉਸ ਦੇ ਪਰੀਵਾਰ ਦੀ ਦੋ ਅਰਬ ਪੌਂਡ ਦੀ ਸੰਪਤੀ ਜਬਤ ਕਰ ਚੁਕੀ ਹੈ। ਸੈਫ਼ ਦੇ ਘਰ ਵਿੱਚ ਲੋਕਾਂ ਦੇ ਅੰਦਰ ਜਾਣ ਸਮੇਂ ਸਕਿਊਰਟੀ ਅਲਾਰਮ ਵਜਣ ਲਗ ਪਿਆ ਜਿਸ ਤੇ ਗਵਾਂਢੀਆਂ ਨੇ ਪੁਲਿਸ ਸੱਦ ਲਈ। ਪੁਲਿਸ ਹਾਲਾਤ ਤੇ ਨਜ਼ਰ ਰੱਖ ਰਹੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।