ਡਿਜ਼ੀਟਲ ਅਰੈਸਟ ਦੀ ਪਰਿਭਾਸ਼ਾ, ਖਤਰੇ ਤੇ ਬਚਾਅ

ਸਾਈਬਰ ਅਪਰਾਧੀਆਂ ਦੁਆਰਾ ਜਦ ਭਰਮ ਵਾਲੀ ਰਣਨੀਤੀ ਅਪਣਾ ਕੇ ਕਿਸੇ ਨੂੰ ਵੀਡੀਓ ਕਾਲ ਕਰਕੇ, ਆਨਲਾਈਨ ਜਾਂ ਫੋਨ ʼਤੇ ਗ੍ਰਿਫ਼ਤਾਰ ਕਰਨ ਦਾ ਝੂਠਾ ਤੇ ਨਕਲੀ ਦਾਵਾ ਕਰਕੇ, ਡਰਾ ਧਮਕਾ ਕੇ ਵੱਡੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ ਤਾਂ ਉਸਨੂੰ ਡਿਜ਼ੀਟਲ ਅਰੈਸਟ ਦਾ ਨਾਮ ਦਿੱਤਾ ਜਾਂਦਾ ਹੈ।  ਅਰਥਾਤ ਡਿਜ਼ੀਟਲ ਕਿਸੇ ਨੂੰ ਗ੍ਰਿਫ਼ਤਾਰ ਕਰਕੇ, ਡਰਾ ਧਮਕਾ ਕੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਪੈਸਿਆਂ ਦੀ ਮੰਗ ਪੂਰੀ ਕਰਵਾਉਣਾ।

ਅਜਿਹਾ ਕਰਦੇ ਸਮੇਂ ਅਪਰਾਧੀ ਆਪਣੇ ਆਪ ਨੂੰ ਪੁਲਿਸ ਦੇ ਵੱਡੇ ਅਧਿਕਾਰੀ, ਸੀ.ਬੀ.ਆਈ. ਜਾਂ ਆਰ.ਬੀ.ਆਈ. ਦੇ ਅਫ਼ਸਰ ਵਜੋਂ ਪੇਸ਼ ਕਰਦਾ ਹੈ।  ਕਿਸੇ ਨੂੰ ਬਲੈਕਮੇਲ ਕਰਨ ਦਾ, ਠੱਗਣ ਦਾ ਇਹ ਅਤਿ ਆਧੁਨਿਕ ਢੰਗ-ਤਰੀਕਾ ਹੈ।

ਡਿਜ਼ੀਟਲ ਅਰੈਸਟ ਲਈ ਵਧੇਰੇ ਕਰਕੇ ਵੀਡੀਓ ਕਾਲ ਦੀ ਵਰਤੋਂ ਕੀਤੀ ਜਾਂਦੀ ਹੈ।  ਅਪਰਾਧੀ ਦਾ ਪਹਿਰਾਵਾ ਅਤੇ ਪਿਛੋਕੜ ਵਿਚ ਨਜ਼ਰ ਆਉਣ ਵਾਲਾ ਦ੍ਰਿਸ਼ ਅਤੇ ਮਾਹੌਲ ਉਸ ਅਨੁਸਾਰ ਹੁੰਦਾ ਹੈ ਜਿਸ ਅਫ਼ਸਰ, ਅਧਿਕਾਰੀ ਵਜੋਂ ਉਹ ਗੱਲ ਕਰ ਰਹੇ ਹੁੰਦੇ ਹਨ।

ਡਰਾਉਂਦੇ ਧਮਕਾਉਂਦੇ ਹੋਏ ਉਹ ਪੀੜਤ ਨੂੰ ਕਹਿੰਦੇ ਹਨ ਕਿ ਤੁਹਾਡੇ ਪੈਨ ਕਾਰਡ, ਅਧਾਰ ਕਾਰਡ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਕੰਮ ਕੀਤਾ ਗਿਆ ਹੈ।  ਜਾਂ ਕਹਿਣਗੇ ਤੁਹਾਡੇ ਨਾਂ ਇਕ ਪਾਰਸਲ ਆਇਆ ਹੈ ਜਿਸ ਵਿਚ ਵਰਜਿਤ ਨਸ਼ੇ ਹਨ।  ਅਜਿਹੀਆਂ ਡਰਾਉਣ ਵਾਲੀਆਂ ਗੱਲਾਂ ਕਰਕੇ ਉਹ ਪੀੜਤ ਨੂੰ ਲਗਾਤਾਰ ਵੀਡੀਓ ਕਾਲ ʼਤੇ ਬਣੇ ਰਹਿਣ ਲਈ ਕਹਿੰਦੇ ਹਨ ਅਤੇ ਕਿਸੇ ਹੋਰ ਨਾਲ ਗੱਲ ਕਰਨ ਮਿਲਣ ਸਲਾਹ ਕਰਨ ਜਾਂ ਮੈਸਜ ਕਰਨ ਦੀ ਆਗਿਆ ਨਹੀਂ ਦਿੰਦੇ।

ਇਸਤੋਂ ਅਗਲੇ ਪੜਾ ʼਤੇ ਉਹ ਪੀੜਤ ਨੂੰ ਸਮਝਾਉਂਦੇ ਡਰਾਉਂਦੇ ਹਨ ਕਿ ਜੇ ਇਸ ਝੰਜਟ ਤੋਂ ਬਚਣਾ ਹੈ ਜਾਂ ਅਗਾਊਂ ਜਮਾਨਤ ਕਰਾਉਣੀ ਹੈ ਤਾਂ ਉਵੇਂ ਕਰੋ ਜਿਵੇਂ ਅਸੀਂ ਕਹਿੰਦੇ ਹਾਂ।  ਹੁਣ ਤੱਕ ਪੀੜਤ ਬਹੁਤ ਡਰ ਚੁੱਕਾ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਉਨ੍ਹਾਂ ਦੇ ਅਧੀਨ ਹੋ ਜਾਂਦਾ ਹੈ।  ਉਹੀ ਕਰਨ ਲੱਗਦਾ ਹੈ ਜੋ ਅਪਰਾਧੀ ਕਹਿੰਦੇ ਹਨ।

ਅਜਿਹੀਆਂ ਖ਼ਬਰਾਂ ਅਸੀਂ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।  ਭਾਰਤ ਵਿਚ ਹੁਣ ਤੱਕ ਕਰੋੜਾਂ ਨਹੀਂ ਅਰਬਾਂ ਰੁਪਏ ਦੀ ਠੱਗੀ ਹੋ ਚੁੱਕੀ ਹੈ।  ਇਸੇ ਲਈ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੇ ਵੀ ਇਸ ਮਸਲੇ ਬਾਰੇ ਵਿਸਥਾਰ ਵਿਚ ਗੱਲ ਕੀਤੀ।  ਅਖ਼ਬਾਰਾਂ ਦੇ ਸੰਪਾਦਕ ਸੰਪਾਦਕੀ ਨੋਟ ਲਿਖ ਰਹੇ ਹਨ ਅਤੇ ਲੇਖਕ, ਪੱਤਰਕਾਰ ਸੰਪਾਦਕੀ ਸਫ਼ਿਆਂ ʼਤੇ ਲੰਮੇ ਲੇਖ ਲਿਖ ਰਹੇ ਹਨ ਤਾਂ ਜੋ ਲੋਕਾਂ ਨੂੰ ਡਿਜ਼ੀਟਲ ਅਰੈਸਟ ਪ੍ਰਤੀ ਲੋੜੀਂਦੀ ਜਾਣਕਾਰੀ ਦੇ ਕੇ ਸੁਚੇਤ ਕੀਤਾ ਜਾ ਸਕੇ।

ਇਹ ਵੀ ਖ਼ਬਰਾਂ ਹਨ ਕਿ ਅਜਿਹੇ ਅਪਰਾਧੀ ਵਿਦੇਸ਼ਾਂ ਵਿਚੋਂ ਸਿਖਲਾਈ ਲੈ ਰਹੇ ਹਨ ਅਤੇ ਉਨ੍ਹਾਂ ਦਾ ਰੋਜ਼ਾਨਾ ਦਾ ਟੀਚਾ ਕਰੋੜਾਂ ਦੀ ਠੱਗੀ ਮਾਰਨਾ ਹੁੰਦਾ ਹੈ।  ਬੀਤੇ ਦਿਨੀਂ 11 ਮੈਂਬਰਾਂ ਦੇ ਇਕ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਉਨ੍ਹਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਿਚੋਂ ਕੁਝ ਨੇ ਕੰਬੋਡੀਆ ਜਾ ਕੇ ਇਕ ਮਹੀਨਾ ਸਿਖਲਾਈ ਲਈ ਹੈ।  ਉਥੇ ਅਦਾਲਤ ਅਤੇ ਪੁਲਿਸ ਥਾਣੇ ਦਾ ਸੈਟਅਪ ਬਣਾਇਆ ਹੈ।  ਇਸ ਮਾਮਲੇ ਵਿਚ ਚੀਨ ਦੇ ਨਾਗਰਿਕ ਵੀ ਸ਼ਾਮਲ ਹਨ।  ਝਾਰਖੰਡ ਅਤੇ ਬਿਹਾਰ ਦੇ ਕਈ ਨੌਜਵਾਨ ਜਿਹੜੇ ਕੰਬੋਡੀਆ ਰਹਿੰਦੇ ਹਨ ਉਹ ਇਨ੍ਹਾਂ ਗਰੁੱਪਾਂ ਨਾਲ ਪੱਕੇ ਤੌਰ ʼਤੇ ਕੰਮ ਕਰ ਰਹੇ ਹਨ।

ਹਰਿਆਣਾ ਦੇ ਪਲਵਲ ਸਾਈਬਰ ਥਾਣੇ ਅਨੁਸਾਰ ਡਿਜ਼ੀਟਲ ਅਰੈਸਟ ਦੁਆਰਾ ਠੱਗੀ ਕਰਨ ਵਾਲੇ ਗਰੋਹ ਦੇ ਭਾਰਤ ਵਿਚ ਸੈਂਕੜੇ ਮੈਂਬਰ ਹਨ।

ਮੱਧ ਪ੍ਰਦੇਸ਼ ਵਿਚ ਬੀਤੇ ਦਿਨੀਂ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ ਜਿੱਥੇ ਡਿਜ਼ੀਟਲ ਅਰੈਸਟ ਦੌਰਾਨ ਇਕ ਪ੍ਰਿੰਸੀਪਲ ਅਤੇ ਇਕ ਭਾਜਪਾ ਨੇਤਾ ਆਪਣੀ ਸੂਝ-ਬੂਝ ਨਾਲ ਅਪਰਾਧੀਆਂ ਦੇ ਚੁੰਗਲ ਵਿਚ ਫਸਣ ਤੋਂ ਬਚ ਗਏ।  ਯਮੁਨਾਨਗਰ ਦੀ ਇਕ ਔਰਤ ਡਾਕਟਰ ਕੋਲੋਂ 13 ਲੱਖ 20 ਹਜ਼ਾਰ ਰੁਪਏ ਠੱਗ ਲਏ ਗਏ।  ਇਸੇ ਤਰ੍ਹਾਂ ਇੰਦੌਰ ਦੇ ਇਕ ਬਜੁਰਗ ਨੂੰ ਡਿਜ਼ੀਟਲ ਅਰੈਸਟ ਕਰਕੇ 40.0 ਲੱਖ ਰੁਪਏ ਠੱਗ ਲਏ।  ਲਖਨਊ ਦੇ ਇਕ ਸਾਬਕਾ ਪੰਚਾਇਤੀ ਰਾਜ ਕਰਮਚਾਰੀ ਵੀ ਸ਼ਿਕਾਰ ਬਣ ਗਏ।  ਹੈਰਾਨੀ ਦੀ ਗੱਲ ਹੈ ਕਿ ਉਸਨੂੰ ਸੱਤ ਦਿਨ ਤੱਕ ਡਿਜ਼ੀਟਲ ਤੌਰ ʼਤੇ ਗ੍ਰਿਫ਼ਤਾਰ ਰੱਖਿਆ ਗਿਆ ਅਤੇ ਅਖੀਰ ਉਸਤੋਂ 19.50 ਲੱਖ ਰੁਪਏ ਠੱਗਣ ਵਿਚ ਕਾਮਯਾਬ ਹੋ ਗਏ।

ਅਜੇ ਕੁਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਖ਼ਬਰ ਪ੍ਰਕਾਸ਼ਿਤ ਹੋਈ ਕਿ ਦਿੱਲੀ ਦੇ ਇਕ 72 ਸਾਲਾਂ ਦੇ ਇੰਜੀਨੀਅਰ ਬਜੁਰਗ ਨੂੰ 8 ਘੰਟੇ ਡਿਜ਼ੀਟਲ ਅਰੈਸਟ ਕਰਕੇ ਉਸਤੋਂ 10 ਕਰੋੜ ਰੁਪਏ ਬਟੋਰ ਲਏ ਗਏ।  ਉਸਨੂੰ ਡਰਾਇਆ ਧਮਕਾਇਆ ਗਿਆ ਕਿ ਉਸਨੇ ਇਕ ਪਾਰਸਲ ਤੈਵਾਨ ਭੇਜਿਆ ਹੈ ਜਿਸ ਵਿਚ ਵਰਜਿਤ ਨਸ਼ੇ ਸਨ।  ਉਸਨੂੰ ਐਨਾਂ ਡਰਾ ਦਿੱਤਾ ਗਿਆ ਕਿ ਉਹ ਉਵੇਂ ਕਰਦਾ ਗਿਆ ਜਿਵੇਂ ਅਪਰਾਧੀ ਕਹਿੰਦੇ ਗਏ।  ਜਦੋਂ ਉਸਨੂੰ ਕਿਹਾ ਗਿਆ ਕਿ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਕੋਲੋਂ ਵੀ ਪੈਸੇ ਮੰਗਵਾ ਕੇ ਦੇਵੇ।  ਉਦੋਂ ਉਸਨੂੰ ਸ਼ੱਕ ਹੋਇਆ ਅਤੇ ਉਸਨੇ ਆਪਣਾ ਲੈਪਟਾਪ ਬੰਦ ਕਰ ਦਿੱਤਾ।

ਅਪਰਾਧੀ ਬੇਹੱਦ ਸ਼ਾਤਰ-ਦਿਮਾਗ ਹਨ।  ਉਨ੍ਹਾਂ ਨੂੰ ਸਿਖਲਾਈ ਹੀ ਇਵੇਂ ਦਿੱਤੀ ਗਈ ਹੈ ਕਿ ਕਿਧਰੇ ਸ਼ੱਕ ਨਹੀਂ ਪੈਣ ਦਿੰਦੇ।  ਦੇਸ਼ ਵਿਦੇਸ਼ ਵਿਚ ਪੂਰਾ ਨੈਟਵਰਕ ਹੈ।  ਅੱਗੇ ਤੋਂ ਅੱਗੇ ਜਾਲ ਵਿਚ ਫਸਾਈ ਜਾਂਦੇ ਹਨ।  ਡਰਾਈ ਧਮਕਾਈ ਜਾਂਦੇ ਹਨ।  ਜੇਕਰ ਸੰਬੰਧਤ ਵਿਅਕਤੀ ਨੂੰ ਡਿਜ਼ੀਟਲ ਅਰੈਸਟ ਬਾਰੇ ਜਾਣਕਾਰੀ ਨਹੀਂ ਹੈ, ਜੇਕਰ ਇਸ ਪ੍ਰਤੀ ਉਹ ਸੁਚੇਤ ਨਹੀਂ ਹੈ ਤਾਂ ਜਲਦੀ ਹੀ ਅਪਰਾਧੀਆਂ ਦੇ ਚੁੰਗਲ ਵਿਚ ਫਸ ਜਾਂਦਾ ਹੈ, ਸਹਿਮ ਜਾਂਦਾ ਹੈ।

ਬਚਾਅ

ਡਿਜ਼ੀਟਲ ਅਰੈਸਟ ਅਤੇ ਡਿਜ਼ੀਟਲ ਠੱਗੀ ਤੋਂ ਬਚਣ ਦਾ ਸੱਭ ਤੋਂ ਕਾਰਗਰ ਤਰੀਕਾ ਜਾਣਕਾਰੀ ਹੈ।  ਡਿਜ਼ੀਟਲ ਅਰੈਸਟ ਦੀ ਸ਼ੁਰੂਆਤ ਡਰ, ਸਹਿਮ ਅਤੇ ਘਬਰਾਹਟ ਨਾਲ ਹੁੰਦੀ ਹੈ।  ਤੁਸੀਂ ਧਮਕੀਆਂ ਦੇ ਦਬਾਅ ਹੇਠ ਆ ਜਾਂਦੇ ਹੋ।  ਪਹਿਲਾ ਕਦਮ ਇਹ ਹੈ ਕਿ ਅਜਿਹੇ ਕਿਸੇ ਫੋਨ ਜਾਂ ਵੀਡੀਓ ਕਾਲ ਤੋਂ ਡਰਨ ਦੀ ਲੋੜ ਨਹੀਂ ਹੈ।  ਕੋਈ ਫੋਨ ਜਾਂ ਵੀਡੀਓ ਕਾਲ ʼਤੇ ਡਰਾਉਂਦਾ ਧਮਕਾਉਂਦਾ ਹੈ ਤਾਂ ਡਰਨ ਦੀ ਬਜਾਏ ਸਿੱਧਾ ਸਪਸ਼ਟ ਜਵਾਬ ਦਿਓ ਜਾਂ ਫੋਨ ਬੰਦ ਕਰ ਦਿਓ।  ਕੁਝ ਸਮੇਂ ਲਈ ਫੋਨ ਪਾਵਰ-ਆਫ਼ ਕਰ ਦਿਓ।

ਪੁਲਿਸ ਨੂੰ ਸ਼ਕਾਇਤ ਕਰ ਸਕਦੇ ਹੋ।  ਜੇਕਰ ਕੋਈ ਮੈਸਜ ਜਾਂ ਈਮੇਲ ਆਈ ਹੈ ਤਾਂ ਉਹ ਪੁਲਿਸ ਨੂੰ ਦੇ ਸਕਦੇ ਹੋ।  ਸਬੂਤ ਵਜੋਂ ਵੀਡੀਓ ਕਾਲ ਦੀ ਰਿਕਾਰਡਿੰਗ ਕਰ ਸਕਦੇ ਹੋ, ਸਕਰੀਨ ਸ਼ਾਟ ਲੈ ਸਕਦੇ ਹੋ।  ਨਾ ਡਰਨ ਦੀ ਲੋੜ ਹੈ, ਨਾ ਪੈਸੇ ਦੇਣ ਦੀ ਲੋੜ ਹੈ।

ਅਜਿਹੀ ਸਥਿਤੀ ਪੈਦਾ ਹੋਣ ʼਤੇ ਜਿੰਨੀ ਜਲਦੀ ਹੋ ਸਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੂਚਿਤ ਕਰੋ।  ਨੈਸ਼ਨਲ ਸਾਈਬਰਕਰਾਈਮ ਹੈੱਲਪ ਲਾਈਨ 1930 ʼਤੇ ਫੋਨ ਕਰਕੇ ਆਪਣੀ ਸ਼ਕਾਇਤ ਦਰਜ ਕਰਵਾ ਸਕਦੇ ਹੋ।  ਸੋਸ਼ਲ ਮੀਡੀਆ ਮੰਚ ਐਕਸ ʼਤੇ ੑਚੇਬੲਰਦੋਸਟ ਰਾਹੀਂ ਵੀ ਸ਼ਕਾਇਤ ਦਰਜ ਕੀਤੀ ਜਾ ਸਕਦੀ ਹੈ

ਸਾਈਬਰ ਸਕੈਮ ਕਰਨ ਵਾਲੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ।  ਇਸ ਲਈ ਆਪਣੇ ਡੇਟਾ ਦੀ ਸਰੱਖਿਆ ਦਾ ਵਿਸ਼ੇਸ਼ ਧਿਆਨ ਰੱਖੋ।  ਕਿਸੇ ਵੀ ਅਨਜਾਣ ਲਿੰਕ ʼਤੇ ਕਲਿਕ ਨਾ ਕਰੋ।  ਕਿਸੇ ਵੀ ਅਨਜਾਣ ਨੰਬਰ ਤੋਂ ਆਏ ਫੋਨ ʼਤੇ ਕਲਿਕ ਨਾ ਕਰੋ।  ਕਿਸੇ ਵੀ ਅਨਜਾਣ ਨੰਬਰ ਤੋਂ ਆਏ ਫੋਨ ʼਤੇ ਨਿੱਜੀ ਜਾਂ ਬੈਂਕ ਜਾਣਕਾਰੀ ਨਾ ਦਿਓ।  ਜਿੱਥੇ ਵੀ ਪਾਸਵਰਡ ਦੀ ਲੋੜ ਹੈ, ਮਜ਼ਬੂਤ ਪਾਸਵਰਡ ਲਾਓ।  ਕੋਈ ਵੀ ਥਰਡ-ਪਾਰਟੀ ਐਪ ਡਾਉਨਲੋਡ ਨਾ ਕਰੋ ਅਤੇ ਕਿਸੇ ਵੀ ਅਣ-ਅਧਿਕਾਰਿਤ ਪਲੇਟਫਾਰਮ ਤੋਂ ਕੁਝ ਵੀ ਇਨਸਟਾਲ ਨਾ ਕਰੋ।  ਆਪਣੇ ਡਿਵਾਈਸ ਅਤੇ ਐਪਸ ਨੂੰ ਅਪਡੇਟ ਰੱਖੋ।

ਮੁੱਕਦੀ ਗੱਲ ਇਹ ਹੈ ਕਿ ਕਿਸੇ ਵੀ ਦਬਾਅ ਜਾਂ ਧਮਕੀ ਅਧੀਨ ਪੈਸੇ ਟ੍ਰਾਂਸਫਰ ਨਾ ਕਰੋ ਕਿਉਂ ਕਿ ਕੋਈ ਵੀ ਏਜੰਸੀ ਜਾਂ ਅਦਾਰਾ ਅਜਿਹਾ ਕਰਨ ਲਈ ਨਹੀਂ ਕਹਿੰਦਾ।  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ʽਮਨ ਕੀ ਬਾਤʼ ਰਾਹੀਂ ਭਾਰਤ ਵਾਸੀਆਂ ਨੂੰ ʽਡਿਜ਼ੀਟਲ ਅਰੈਸਟʼ ਪ੍ਰਤੀ ਚੁਕੰਨੇ ਕਰਦਿਆਂ ਇਹੀ ਗੱਲਾਂ ਕਹੀਆਂ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>