ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਸਦੇ ਸਿੱਖ ਭਾਈਚਾਰੇ ਦੇ ਮਾਣ ਵਿੱਚ ਗਲਾਸਗੋ ਵਿੱਚ ਜੰਮੀ ਕਲਾਕਾਰ ਕੁੜੀ ਜਸਲੀਨ ਕੌਰ ਨੇ ਬਰਤਾਨੀਆ ਦਾ ਵੱਕਾਰੀ ਟਰਨਰ ਪੁਰਸਕਾਰ 2024 ਜਿੱਤ ਕੇ ਵਾਧਾ ਕੀਤਾ ਹੈ। ਜਸਲੀਨ ਕੌਰ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਰਹਿੰਦਿਆਂ ਉਸ ਦੇ ਜੀਵਨ ਤੋਂ ਪ੍ਰੇਰਿਤ ਹਨ।
ਜਸਲੀਨ ਕੌਰ ਨੇ ਮੰਗਲਵਾਰ ਰਾਤ ਲੰਡਨ ਵਿੱਚ ਟੈਟ ਬ੍ਰਿਟੇਨ ਵਿੱਚ ਇੱਕ ਸਮਾਰੋਹ ਵਿੱਚ ਆਪਣੀ ਇਕੱਲੀ ਪ੍ਰਦਰਸ਼ਨੀ ‘ਅਲਟਰ ਅਲਟਰ’ ਲਈ 25,000 ਪੌਂਡ ਦਾ ਇਨਾਮ ਜਿੱਤਿਆ ਹੈ। ਉਸ ਦੀ ਪ੍ਰਦਰਸ਼ਨੀ ਵਿੱਚ ਇਕੱਠੀਆਂ ਕੀਤੀਆਂ ਅਤੇ ਦੁਬਾਰਾ ਬਣਾਈਆਂ ਗਈਆਂ ਵਸਤੂਆਂ ਦੀਆਂ ਮੂਰਤੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ ਨੂੰ ਕਲਾਕਾਰ ਦੀ ਆਪਣੀ ਪੇਸ਼ਕਾਰੀ ਨਾਲ ਜੁੜੀ ਇਮਰਸਿਵ ਧੁਨੀ ਅਤੇ ਸੰਗੀਤਕ ਰਚਨਾਇੱਕ ਦੁਆਰਾ ਐਨੀਮੇਟ ਕੀਤਾ ਗਿਆ ਹੈ। ਟਰਨਰ ਪ੍ਰਾਈਜ਼ ਜਿਊਰੀ ਨੇ ਕਿਹਾ ਕਿ ਉਨ੍ਹਾਂ ਨੇ ਰੋਜ਼ਾਨਾ ਦੀਆਂ ਵਸਤੂਆਂ ‘ਤੇ ਪ੍ਰਤੀਬਿੰਬਾਂ ਲਈ ਜਸਲੀਨ ਕੌਰ ਨੂੰ ਜੇਤੂ ਵਜੋਂ ਚੁਣਿਆ ਹੈ।
ਸਨਮਾਨ ਜਿੱਤਣ ‘ਤੇ ਜਸਲੀਨ ਕੌਰ ਨੇ ਕਿਹਾ, “ਮੈਨੂੰ ਅੱਜ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਲੋਕਾਂ ਤੋਂ ਬਹੁਤ ਸਾਰੇ ਸੰਦੇਸ਼ ਮਿਲੇ ਹਨ ਜਿਨ੍ਹਾਂ ਨਾਲ ਵਿਚਰਦਿਆਂ ਮੈਂ ਵੱਡੀ ਹੋਈ ਹਾਂ। ਮੈਂ ਉਨ੍ਹਾਂ ਸਾਰਿਆਂ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਾਂ।” ਉਸਦੀ ਪ੍ਰਦਰਸ਼ਨੀ ਤਿੰਨ ਹੋਰ ਸ਼ਾਰਟਲਿਸਟ ਕੀਤੇ ਕਲਾਕਾਰਾਂ ਦੇ ਨਾਲ, ਜਿਨ੍ਹਾਂ ਵਿਚੋਂ ਹਰ ਇੱਕ ਨੇ 10,000 ਪੌਂਡ ਜਿੱਤਿਆ, ਥੇਮਜ਼ ਨਦੀ ਦੇ ਕੰਢੇ ਟੈਟ ਬ੍ਰਿਟੇਨ ਮਿਊਜ਼ੀਅਮ ਵਿੱਚ ਫਰਵਰੀ 2025 ਦੇ ਅੱਧ ਤੱਕ ਪ੍ਰਦਰਸ਼ਿਤ ਕੀਤੀ ਜਾਵੇਗੀ।
1984 ਵਿੱਚ ਸਥਾਪਿਤ ਇਸ ਇਨਾਮ ਦਾ ਨਾਮ ਚਿੱਤਰਕਾਰ ਜੇ ਐੱਮ ਡਬਲਿਊ ਟਰਨਰ (1775-1851) ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਹਰ ਸਾਲ ਇੱਕ ਬ੍ਰਿਟਿਸ਼ ਕਲਾਕਾਰ ਨੂੰ ਇੱਕ ਸ਼ਾਨਦਾਰ ਪ੍ਰਦਰਸ਼ਨੀ ਜਾਂ ਉਨ੍ਹਾਂ ਦੇ ਕੰਮ ਦੀ ਹੋਰ ਪੇਸ਼ਕਾਰੀ ਲਈ ਦਿੱਤਾ ਜਾਂਦਾ ਹੈ। ਬ੍ਰਿਟਿਸ਼ ਭਾਰਤੀ ਮੂਰਤੀਕਾਰ ਅਨੀਸ਼ ਕਪੂਰ ਇਸਦੇ ਪਿਛਲੇ ਜੇਤੂਆਂ ਵਿੱਚ ਸ਼ਾਮਲ ਹਨ।