ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਸਰਕਾਰ ਦੇ ਮੁੱਖ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਨੇ ਕਿਹਾ ਹੈ ਕਿ ਕੰਢੀ ਖੇਤਰ ਅੰਦਰ ਬਾਗਬਾਨੀ ਅਤੇ ਖੇਤੀਬਾੜੀ ਦੇ ਸਾਂਝੇ ਵਿਕਾਸ ਲਈ ਵਿਗਿਆਨੀਆਂ ਦੀ ਅਗਵਾਈ ਹੇਠ ਕਿਸਾਨਾਂ ਨੂੰ ਬਾਰੀਕੀ ਦੀ ਖੇਤੀ ਵੱਲ ਮੁੜਨਾ ਚਾਹੀਦਾ ਹੈ ਕਿਉਂਕਿ ਇਹ ਕਿਸਾਨ ਮੇਲੇ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੂੰ ਨਵੇਂ ਗਿਆਨ ਨਾਲ ਮਿਲਾਉਣ ਲਈ ਹੀ ਕਰਵਾਏ ਜਾਂਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣ ਕੇ ਪੂਰੇ ਦੇਸ਼ ਅੰਦਰ ਪੰਜਾਬ ਸਰਕਾਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁਬਾਰਕ ਦੇ ਹੱਕਦਾਰ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਭੋਜਨ ਸੁਰੱਖਿਆ ਦੇ ਨਾਲ ਆਪਣੇ ਪੰਜਾਬੀ ਕਿਸਾਨਾਂ ਦੀ ਖੁਸ਼ਹਾਲੀ ਵੀ ਜ਼ਰੂਰੀ ਹੈ ਅਤੇ ਇਸ ਖੁਸ਼ਹਾਲੀ ਵਾਲੇ ਪਾਸੇ ਅਜੇ ਬਹੁਤ ਹਿੰਮਤ ਦੀ ਲੋੜ ਹੈ।
ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਕੰਢੀ ਖੇਤਰ ਦਾ ਬਹੁਤਾ ਰਕਬਾ ਬਰਾਨੀ ਹੈ ਅਤੇ ਪਾਣੀ ਵੀ ਬਹੁਤ ਡੂੰਘੇ ਹੋਣ ਕਾਰਨ ਟਿਊਬਵੈੱਲ ਵੀ ਆਮ ਕਿਸਾਨ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਆਖਿਆ ਕਿ ਕੰਢੀ ਖੇਤਰ ਦੇ ਵਿਕਾਸ ਲਈ ਸਾਨੂੰ ਬਰਸਾਤੀ ਪਾਣੀ ਸੰਭਾਲਣ ਲਈ ਵਿਕਸਤ ਤਕਨਾਲੋਜੀ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਥੇ ਉਹ ਫ਼ਸਲਾਂ ਹੀ ਬੀਜੀਆਂ ਜਾਣ ਜਿਹੜੀਆਂ ਇਸ ਖਿੱਤੇ ਦੇ ਭੂਗੋਲਿਕ ਮਾਹੌਲ ਨਾਲ ਮੇਲ ਖਾਂਦੀਆਂ ਹਨ। ਡਾ: ਕੰਗ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਇਸ ਇਲਾਕੇ ਲਈ ਢੁੱਕਵੀਆਂ ਫ਼ਸਲਾਂ ਤੋਂ ਇਲਾਵਾ ਇਸ ਇਲਾਕੇ ਦੇ ਢੁੱਕਵੇਂ ਫ਼ਲਾਂ, ਅੰਬ, ਗਲਗਲ, ਨਿੰਬੂ ਜਾਤੀ ਫ਼ਲ, ਅਮਰੂਦ, ਬੇਰ ਅਤੇ ਆਂਵਲਾ ਤੇ ਵੀ ਨਿਰੰਤਰ ਖੋਜ ਕਰ ਰਹੇ ਹਨ ਅਤੇ ਇਨ੍ਹਾਂ ਫ਼ਲਾਂ ਲਈ ਵਿਸ਼ੇਸ਼ ਤਕਨੀਕਾਂ ਇਸ ਇਲਾਕੇ ਨੂੰ ਧਿਆਨ ਵਿੱਚ ਰੱਖ ਕੇ ਸਿਫਾਰਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਕਿਸਾਨ ਭਰਾਵਾਂ ਨੂੰ ਸਾਰੇ ਕਿਸਾਨ ਮੇਲਿਆਂ ਵਿੱਚ ਲਗਾਤਾਰ ਆਉਣਾ ਚਾਹੀਦਾ ਹੈ ਅਤੇ ਇਥੋਂ ਖੇਤੀਬਾੜੀ ਗਿਆਨ ਖਰੀਦ ਕੇ ਪੜ੍ਹਨਾ ਚਾਹੀਦਾ ਹੈ ਤਾਂ ਜੋ ਖੁਸ਼ਹਾਲੀ ਲਈ ਵਿਗਿਆਨਕ ਸੋਝੀ ਹਾਸਿਲ ਹੋ ਸਕੇ। ਕਿਸਾਨ ਮੇਲੇ ਦੇ ਵਿਸੇਸ਼ ਮਹਿਮਾਨ ਅਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਡਾ: ਬੇਅੰਤ ਸਿੰਘ ਆਹਲੂਵਾਲੀਆ ਆਸਟਰੀਆ ਨੇ ਇਲਾਕੇ ਦੇ ਲੋਕਾਂ ਨੂੰ ਗਿਆਨ ਵਿਗਿਆਨ ਅਪਨਾਉਣ ਤੇ ਜ਼ੋਰ ਦਿੱਤਾ। ਐਸ ਡੀ ਐਮ ਬਲਾਚੌਰ ਜਨਾਬ ਮੁਹੰਮਦ ਤਾਇਯਬ ਨੇ ਵੀ ਖੇਤੀ ਲਈ ਸਰਵਪੱਖੀ ਤਕਨੀਕ ਅਪਨਾਉਣ ਤੇ ਜ਼ੋਰ ਦਿੱਤਾ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਹੁਣ ਤੀਕ ਦੀਆਂ 695 ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਕੀਤੀਆਂ ਤਕਨੀਕੀ ਸਿਫਾਰਸ਼ਾਂ ਅਪਣਾਉਣ ਲਈ ਵੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਚੌਧਰੀ ਨੰਦ ਲਾਲ ਅਤੇ ਵਾਈਸ ਚਾਂਸਲਰ ਡਾ; ਕੰਗ ਦਾ ਸੁਆਗਤ ਕਰਦਿਆਂ ਆਖਿਆ ਕਿ ਕਿਸਾਨਾਂ ਨਾਲ ਲਗਾਤਾਰ ਸੰਪਰਕ ਲਈ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਹਨ ਜਦ ਕਿ ਕੰਢੀ ਖੋਜ ਕੇਂਦਰ ਵੀ ਇਸ ਇਲਾਕੇ ਦੀਆ ਸਮੱਸਿਆਵਾਂ ਤੇ ਅਧਾਰਿਤ ਖੋਜ ਕਰਕੇ ਅਗਵਾਈ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਤੇਲ ਬੀਜ ਫ਼ਸਲਾਂ ਲਈ ਇਹ ਰਕਬਾ ਸਭ ਤੋਂ ਵਧੀਆ ਹੈ ਵਿਸ਼ੇਸ਼ ਕਰਕੇ ਤਾਰੇਮੀਰੇ ਦੀ ਫ਼ਸਲ ਲਈ ਪੰਜਾਬ ਵਿੱਚ ਸਭ ਤੋਂ ਢੁੱਕਵੀਂ ਥਾਂ ਕੰਢੀ ਖੇਤਰ ਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 14 ਮਾਰਚ ਨੂੰ ਬਠਿੰਡਾ ਵਿਖੇ ਇਸ ਮਹੀਨੇ ਦਾ ਚੌਥਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ।
ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਖੇਤੀਬਾੜੀ ਸਾਹਿਤ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਗਿਆਨ ਦੀ ਕੁੰਜੀ ਬਿਨਾਂ ਵਿਕਾਸ ਦਾ ਬੂਹਾ ਨਹੀਂ ਖੁੱਲ ਸਕਦਾ। ਇਸ ਮੌਕੇ ਮੁੱਖ ਮਹਿਮਾਨ ਨੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ, ਫ਼ਸਲ ਕੈ¦ਡਰ ਅਤੇ ਹੋਰ ਪ੍ਰਕਾਸ਼ਨਾਵਾਂ ਵੀ ਜਾਰੀ ਕੀਤੀਆਂ। ਚੌਧਰੀ ਨੰਦ ਲਾਲ ਨੇ ਗੁਲਾਬੀ ਅਮਰੂਦ ਅਤੇ ਡਾ: ਮਨਜੀਤ ਸਿੰਘ ਕੰਗ ਨੇ ਅੰਬ ਦਾ ਬੂਟਾ ਲਾ ਕੇ ਇਸ ਕੇਂਦਰ ਨਾਲ ਪੱਕੀ ਸਾਂਝ ਪਾਈ। ਕਿਸਾਨ ਭਰਾਵਾਂ ਨੇ ਜੈਟਰੌਫਾ ਦੀ ਕਾਸ਼ਤ ਵੱਲ ਵਿਸ਼ੇਸ਼ ਦਿਲਚਸਪੀ ਵਿਖਾਈ। ਸਵੈ ਸਹਾਇਤਾ ਗਰੁੱਪਾਂ ਦੇ ਸਟਾਲ ਸਭ ਤੋਂ ਵੱਧ ਦਿਲਚਸਪੀ ਦਾ ਕੇਂਦਰ ਬਣੇ। ਇਸ ਕੇਂਦਰ ਦੇ ਨਿਰਦੇਸ਼ਕ ਡਾ: ਸੁਭਾਸ਼ ਚੰਦਰ ਸ਼ਰਮਾ ਨੇ ਕੰਢੀ ਖੋਜ ਕੇਂਦਰ ਦੀਆਂ ਪ੍ਰਾਪਤੀਆਂ ਅਤੇ ਖੋਜ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਧੰਨਵਾਦ ਦੇ ਸ਼ਬਦ ਕਹੇ।