ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ’ਚ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਸਾਹਿਤ ਸਭਾ, ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਬਾਲ ਰੰਗਮੰਚ ਉਤਸਵ ਦਾ ਆਗਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੇ ਬਾਲਾਂ ਦੀ ਸ਼ਾਨਦਾਰ ਪੇਸ਼ਕਾਰੀ ‘ਮੈਂ ਜੱਲਿਆਂਵਾਲਾ ਬਾਗ ਬੋਲਦਾ ਹਾਂ’ ਨਾਲ ਹੋਇਆ। ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਸਾਗਰ ਸੁਰਿੰਦਰ ਤੇ ਗੁਲਾਬ ਸਿੰਘ ਦੁਆਰਾ ਨਿਰਦੇਸ਼ਿਤ ਇਸ ਨਾਟਕ ਵਿਚ ਨਿੱਕੇ ਨਿੱਕੇ ਬਾਲਾਂ ਨੇ ਸ਼ਾਨਦਾਰ ਤਰੀਕੇ ਨਾਲ ਪਹਿਲੀ ਸੰਸਾਰ ਜੰਗ, ਗਦਰ ਪਾਰਟੀ ਅਤੇ 1919 ਦਾ ਜਲ੍ਹਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਊਧਮ ਸਿੰਘ ਦੀ ਭੂਮਿਕਾ ਤਕ ਦੇ ਇਤਿਹਾਸ ਦੀ ਪੇਸ਼ਕਾਰੀ ਕੀਤੀ। ਨਾਟਕ ਦਾ ਸਿਖਰ ਇਹ ਸੀਨ ਸੀ ਕਿ ਡਾਇਰ ਕੋਈ ਬੰਦਾ ਨਹੀਂ ਹੁੰਦਾ, ਬਲਕਿ ਹਰ ਯੁਗ ਵਿਚ ਡਾਇਰ ਅਤੇ ਔਰੰਗੇ ਪੈਦਾ ਹੁੰਦੇ ਹਨ ਅਤੇ ਸਮਾਜ ਨੂੰ ਇਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ।
ਦੂਜਾ ਨਾਟਕ ਸਰਕਾਰੀ ਮਿਡਲ ਸਕੂਲ ਚੌਰਵਾਲਾ (ਫਤਹਿਗੜ੍ਹ ਸਾਹਿਬ) ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ‘ਸਾਹ ਨਾ ਮਿਲਣ ਉਧਾਰੇ’ ਸੀ। ਨੌਜਵਾਨ ਅੰਮ੍ਰਿਤਪਾਲ ਮੰਘਾਣੀਆ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਇਹ ਨਾਟਕ ‘ਵਾਤਾਵਰਨ ਸੰਕਟ’ ਦੇ ਬਹੁਤ ਵਡੇ ਮਸਲਿਆ ਨੂੰ ਮੁਖਾਤਬ ਸੀ। ਛੇਵੀਂ ਸਤਵੀਂ ਦੇ ਵਿਦਿਆਰਥੀਆਂ ਨੇ ਜਿਸ ਸ਼ਿੱਦਤ ਨਾਲ ਜੰਗਲ ਦੇ ਦ੍ਰਿਸ਼ ਵਿਚ ਸਾਧੂ ਅਤੇ ਉਤੇ ਉਸ ਦੇ ਚੇਲਿਆ ਰਾਹੀਂ ਕਾਰਪੋਰੇਟੀ ਵਿਕਾਸ ਮਾਡਲ ਦੀਆਂ ਧੱਜੀਆਂ ਉਡਾਈਆਂ, ਉਹ ਬਾਕਮਾਲ ਸੀ। ਨਿਰਣਾਕਾਰ ਗੁਰਨੈਬ ਮੰਘਾਣੀਆਂ ਦੇ ਨਿਰਣੇ ਅਨੁਸਾਰ ਦੋਵੇਂ ਨਾਟਕਾਂ ਵਿੱਚੋਂ ਬੈਸਟ ਐਕਟਰ ਅਤੇ ਐਕਟਰੈਸ ਦਾ ਸਨਮਾਨ ਦਿੱਤਾ ਗਿਆ। ਉਤਸਵ ਦਾ ਆਗਾਜ਼ ਡਾ. ਸਤੀਸ਼ ਕੁਮਾਰ ਦੇ ਇਨ੍ਹਾਂ ਬੋਲਾਂ ਨਾਲ ਹੋਇਆ ਕਿ ਚਾਰ ਦਹਾਕੇ ਬਾਅਦ ਬਾਲ ਰੰਗਮੰਚ ਦੇ ਇਸ ਕਾਫ਼ਲੇ ਦਾ ਇੰਝ ਤੁਰਨਾ ਸਾਡੇ ਸਾਰਿਆਂ ਲਈ ਵੱਡੀ ਪ੍ਰਾਪਤੀ ਹੈ। ਡਾ. ਰਾਜਵੰਤ ਕੌਰ ਪੰਜਾਬੀ ਨੇ ਪੰਜਾਬੀ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਇਸ ਵੱਡੇ ਉਪਰਾਲੇ ਲਈ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਅਸੀਂ ਵੱਡਿਆਂ ਲਈ ਬਹੁਤ ਕੁਝ ਕਰਦੇ ਹਾਂ, ਪਰ ਇਸ ਉਤਸਵ ਦੇ ਰੂਪ ਵਿਚ ਅਸੀਂ ਨਿੱਕਿਆਂ ਨੂੰ ਸੰਬੋਧਤ ਹੋ ਰਹੇ ਹਾਂ। ਉਤਸਵ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਮੁਹਿੰਮ ਨੂੰ ਅਗਲੇ ਸਮਿਆਂ ਵਿਚ 23 ਜ਼ਿਲ੍ਹਿਆਂ ਤੀਕ ਲੈ ਕੇ ਜਾਵਾਂਗੇ। ਇਸ ਸਮਾਗਮ ਦਾ ਇਕ ਹੋਰ ਮਹੱਤਵਪੂਰਨ ਫੀਚਰ ਬਾਲਾਂ ਨੂੰ ਦਹਾਕਿਆਂ ਤੋਂ ਸੰਗੀਤ ਦੀ ਟਰੇਨਿੰਗ ਦੇਣ ਵਾਲੇ ਸਕੂਲ ਆਫ ਐਮੀਨੈਂਸ ਫੀਲਖਾਨਾ ਦੇ ਸੰਗੀਤ ਅਧਿਆਪਕ ਪਰਗਟ ਸਿੰਘ ਦਹੀਆ ਦਾ ਸਨਮਾਨ ਕਰਨਾ ਸੀ। ਸਿਮਰਨਜੀਤ ਕੌਰ ਦੀ ਕਵਿਤਾ ਅਤੇ ਫੀਲਖਾਨਾ ਸਕੂਲ ਦੀ ਵਾਰ ਨੇ ਖੂਬ ਰੰਗ ਬੰਨ੍ਹਿਆ। ਇਸ ਦੌਰਾਨ ਮੰਚ ਸੰਚਾਲਨ ਗੁਰਦੀਪ ਗਾਮੀਵਾਲਾ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੈਨੇਡਾ ਵਾਸੀ ਪਰਮਿੰਦਰ ਸਵੈਚ, ਪ੍ਰੋ. ਕੁਲਦੀਪ ਸਿੰਘ, ਜਸਪ੍ਰੀਤ ਜਗਰਾਓਂ, ਅਮਰਜੀਤ ਕਸਕ, ਸੁਖਜੀਵਨ, ਜਗਪਾਲ ਚਹਿਲ, ਪ੍ਰਿਤਪਾਲ ਚਹਿਲ, ਭੁਪਿੰਦਰ ਉਡਤ, ਸੁਖਦੀਪ ਕੌਰ, ਜਗਜੀਤ ਵਾਲੀਆ, ਸੰਦੀਪ ਵਾਲੀਆ, ਚਰਨਜੀਤ ਕੌਰ, ਹਰਮਨ ਚੌਹਾਨ, ਰੂਹੀ ਸਿੰਘ, ਰਣਜੀਤ ਸਿੰਘ ਬੀਰੋਕੇ, ਚਮਕੌਰ ਸਿੰਘ ਬਿੱਲਾ ਅਤੇ ਡਾ. ਇਕਬਾਲ ਸੋਮੀਆ ਆਦਿ ਸ਼ਾਮਲ ਹੋਏ।