ਹਨੀ ਟਰੈਪ- ਸੋਸ਼ਲ ਮੀਡੀਆ ਰਾਹੀਂ ਆਰਥਿਕ ਅਤੇ ਮਾਨਸਿਕ ਲੁੱਟ…..!

ਆਧੁਨਿਕ ਤਕਨਾਲੋਜੀ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਕੇ ਸਾਡੀਆਂ ਰੋਜਾਨਾ ਗਤੀਵਿਧੀਆਂ ਵਿੱਚ ਦਾਖਲਾ ਲੈ ਲਿਆ ਹੈ। ਦੋਸਤਾਂ ਨਾਲ ਗੱਲਬਾਤ ਕਰਨੀ ਹੋਵੇ, ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਜਾਂ ਫਿਰ ਮਨੋਰੰਜਨ ਲਈ ਸਮਾਂ ਬਤੀਤ ਕਰਨਾ ਹੋਵੇ, ਸੋਸ਼ਲ ਮੀਡੀਆ ਹਰ ਰੂਪ ਵਿੱਚ ਉਪਯੋਗੀ ਸਾਬਤ ਹੋਈ ਹੈ। ਪਰ ਜਿੱਥੇ ਇਸ ਦੇ ਲਾਭ ਹਨ, ਉੱਥੇ ਇਸ ਦੇ ਨੁਕਸਾਨ ਵੀ ਹਨ। ਅੱਜ ਦੇ ਸਮਾਜ ਵਿੱਚ ਸੋਸ਼ਲ ਮੀਡੀਆ ਦੀ ਇੱਕ ਵੱਡੀ ਦੁਰਵਰਤੋਂ ਦਾ ਰੂਪ ਹੈ ਹਨੀ ਟਰੈਪ, ਜਿਸਦਾ ਮਕਸਦ ਭੋਲੋ-ਭਾਲੇ ਲੋਕਾਂ ਨੂੰ ਆਪਣੀ ਚਾਲ ਵਿੱਚ ਫਸਾ ਕੇ ਆਰਥਿਕ ਅਤੇ ਮਨੋਵਿਗਿਆਨਕ ਤੌਰ ਤੇ ਲੁੱਟਣਾ ਹੁੰਦਾ ਹੈ।

ਹਨੀ ਟਰੈਪ ਇੱਕ ਸਾਜ਼ਿਸ਼ ਭਰਪੂਰ ਚਾਲ ਹੁੰਦੀ ਹੈ। ਹਨੀ ਟਰੈਪ ਦੇ ਮਾਮਲਿਆਂ ਵਿੱਚ ਜ਼ਿਆਦਾਤਰ ਸੌਖੇ ਸ਼ਿਕਾਰ ਉਹ ਵਿਅਕਤੀ ਬਣਦੇ ਹਨ ਜੋ ਸਮਾਜਕ ਪਲੇਟਫਾਰਮਾਂ ‘ਤੇ ਜਿਆਦਾ ਸਰਗਰਮ ਰਹਿੰਦੇ ਹਨ। ਪਹਿਲਾਂ ਉਹਨਾਂ ਨਾਲ ਦੋਸਤੀ ਕੀਤੀ ਜਾਂਦੀ ਹੈ, ਅਤੇ ਫਿਰ ਵੀਡੀਓ ਕਾਲਾਂ ਰਾਹੀਂ ਉਨ੍ਹਾਂ ਨੂੰ ਭਰਮਿਤ ਕੀਤਾ ਜਾਂਦਾ ਹੈ। ਇਨ੍ਹਾਂ ਕਾਲਾਂ ਦੌਰਾਨ ਉਤੇਜਿਤ  ਗੱਲਾਂ ਅਤੇ ਇਸ਼ਾਰਿਆਂ ਨਾਲ ਪੀੜਤ ਨੂੰ ਨਿਰਵਸਤਰ ਕਰਕੇ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ। ਇਸਦੇ ਬਾਅਦ ਇਹਨਾਂ ਵੀਡੀਓਜ਼ ਦੀ ਵਰਤੋਂ ਕਰਕੇ ਉਹਨਾਂ ਤੋਂ ਧਨ ਰੂਪ ਵਿੱਚ ਆਰਥਿਕ ਅਤੇ ਮਨੋਵਿਗਿਆਨਕ ਲੁੱਟਾਂ-ਖੋਹਾਂ ਕੀਤੀਆਂ ਜਾਂਦੀਆਂ ਹਨ। ਹਾਨੀ ਟਰੈਪ ਦੇ ਮਾਮਲਿਆਂ ਵਿੱਚ ਇਸਤਰੀਆਂ ਵੱਲੋਂ ਭਾਵੇਂ ਇਹ ਜਾਣਬੁਝ ਕੇ ਕੀਤਾ ਜਾਂਦਾ ਹੈ ਜਾਂ ਮਜਬੂਰੀ ਵਸ ਕਿਸੇ ਦਬਾਅ ਹੇਠ ਉਹਨਾਂ ਤੋਂ ਇਹ ਕਰਵਾਇਆ ਜਾਂਦਾ ਹੈ, ਪਰ ਇਹਨਾਂ ਹਾਲਾਤਾਂ ਦੇ ਵਿੱਚ ਪੀੜਿਤ ਵਿਅਕਤੀ, ਬਦਨਾਮੀ ਦੇ ਡਰ ਨਾਲ, ਅਕਸਰ ਇਹ ਮਾਮਲਾ ਕਿਸੇ ਨਾਲ ਸਾਂਝਾ ਨਹੀਂ ਕਰਦੇ। ਇਹ ਡਰ ਉਹਨਾਂ ਨੂੰ ਪੂਰੀ ਤਰ੍ਹਾਂ ਪਿੰਜਰੇ ਵਿੱਚ ਬੰਨ੍ਹ ਦਿੰਦਾ ਹੈ। ਉਹ ਕਈ ਵਾਰ ਆਪਣੀਆਂ ਸੰਪਤੀਆਂ ਵੇਚਣ, ਕਰਜ਼ੇ ਚੁਕਾਉਣ ਜਾਂ ਦਬਾਅ ਹੇਠ ਆ ਕੇ ਘਰ-ਬਾਰ ਖ਼ਤਮ ਕਰਨ ਲਈ ਮਜਬੂਰ ਹੋ ਜਾਂਦੇ ਹਨ। ਜਦ ਬਰਦਾਸ਼ਤ ਦੀ ਹੱਦ ਪਾਰ ਹੋ ਜਾਂਦੀ ਹੈ, ਉਹ ਕਈ ਵਾਰ ਆਪਣੀ ਜ਼ਿੰਦਗੀ ਨੂੰ ਵੀ ਖਤਮ ਕਰਨ ਤੱਕ ਦੀ ਸੋਚ ਬਣਾਉਂਦੇ ਹਨ।

ਇਸ ਚਾਲ ਦੇ ਘਾਟੇ ਸਿਰਫ਼ ਸ਼ਿਕਾਰ ਵਿਅਕਤੀ ਨੂੰ ਨਹੀਂ ਝੱਲਣੇ ਪੈਂਦੇ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜਦ ਕੋਈ ਵਿਅਕਤੀ ਇਸ ਧੋਖੇ ਵਿੱਚ ਆਪਣੀ ਪੂਰੀ ਸੰਪਤੀ ਗਵਾ ਦੇਂਦਾ ਹੈ, ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਦਬਾਅ ਹੇਠ ਆ ਜਾਂਦੀ ਹੈ। ਪੁਰਸ਼-ਰਿਸ਼ਤਿਆਂ ਦੇ ਖਰਾਬ ਹੋਏ ਨਾਮ ਅਤੇ ਆਰਥਿਕ ਘਾਟੇ ਦੇ ਕਾਰਨ ਘਰ ਦੀਆਂ ਕੁੜੀਆਂ ਦੇ ਰਿਸ਼ਤੇ ਟੁੱਟ ਜਾਂਦੇ ਹਨ ਜਾਂ ਉਨ੍ਹਾਂ ਲਈ ਮੌਕੇ ਘਟ ਜਾਂਦੇ ਹਨ।  ਇਹ ਮਾਮਲੇ, ਜੋ ਬਾਹਰੋਂ ਸਿਰਫ਼ ਇੱਕ ਛੋਟੇ ਅਪਰਾਧ ਵਾਂਗ ਲੱਗਦੇ ਹਨ, ਅਸਲ ਵਿੱਚ ਸਮਾਜ ਦੇ ਅਧਾਰਾਂ ਨੂੰ ਵੱਡੇ ਪੱਧਰ ‘ਤੇ ਕਮਜ਼ੋਰ ਕਰ ਰਹੇ ਹਨ। ਇਨ੍ਹਾਂ ਘਟਨਾਵਾਂ ਨਾਲ ਪਸਰੇ ਹੋਏ ਡਰ ਅਤੇ ਨਿਰਾਸ਼ਾ ਨੇ ਸਮਾਜਕ ਸੰਤੁਲਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।

ਸੋਸ਼ਲ ਮੀਡੀਆ ਰਾਹੀਂ ਹੋ ਰਹੇ ਹਨੀ ਟਰੈਪ ਦੇ ਮਾਮਲਿਆਂ ਨੂੰ ਰੋਕਣ ਲਈ ਕਾਨੂੰਨੀ ਪ੍ਰਵਿਰਤੀ ਹੁਣ ਵੀ ਬਹੁਤ ਕਮਜ਼ੋਰ ਹੈ। ਇਨ੍ਹਾਂ ਮਾਮਲਿਆਂ ਵਿੱਚ ਸ਼ਿਕਾਰ ਜਿਆਦਾਤਰ ਪੁਰਸ਼ ਹੁੰਦੇ ਹਨ, ਪਰ ਕਾਨੂੰਨੀ ਪ੍ਰਕਿਰਿਆ ਅਕਸਰ ਔਰਤਾਂ ਦੇ ਪੱਖ ਵਿੱਚ ਰਹਿੰਦੀ ਹੈ। ਜਦਕਿ ਇਹ ਗੱਲ ਸਹੀ ਹੈ ਕਿ ਔਰਤਾਂ ਨੂੰ ਸੁਰੱਖਿਆ ਦੇਣ ਲਈ ਕਾਨੂੰਨ ਲਾਗੂ ਕੀਤੇ ਗਏ ਹਨ, ਪਰ ਇਸ ਰੋਜਾਨਾ ਗਤੀਵਿਧੀਆਂ ਦਾ ਫਾਇਦਾ ਕਈ ਔਰਤਾਂ ਆਪਣੀਆਂ ਦੁਰਵਰਤੋਂ ਦੀਆਂ ਯੋਜਨਾਵਾਂ ਵਿੱਚ ਕਰ ਰਹੀਆਂ ਹਨ। ਇਸ ਮਸਲੇ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਕੁਝ ਸਖਤ ਕਦਮ ਚੁੱਕਣੇ ਹੋਣਗੇ। ਪਹਿਲਾਂ ਤਾਂ, ਸਾਰਿਆਂ ਲਈ ਬਰਾਬਰ ਦੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਜਿਨਸੀ ਅਧਾਰ ਤੇ ਕੋਈ ਪੱਖਪਾਤ ਨਾ ਹੋਵੇ। ਦੂਜੇ, ਸਮਾਜਕ ਪਲੇਟਫਾਰਮਾਂ ਨੂੰ ਰੈਗੂਲੇਟ ਕਰਨ ਲਈ ਸੰਵਿਧਾਨਿਕ ਸਖ਼ਤੀ ਲਾਗੂ ਕੀਤੀ ਜਾਵੇ। ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਗੱਲ ਦਾ ਪਾਬੰਦ ਕੀਤਾ ਜਾਵੇ ਕਿ ਉਹਨਾਂ ਦੇ ਪਲੇਟਫਾਰਮਾਂ ‘ਤੇ ਕਿਸੇ ਵੀ ਅਨੈਤਿਕ ਗਤੀਵਿਧੀ ਦੀ ਜਾਂਚ ਤੇ ਰੋਕਥਾਮ ਲਈ ਤੁਰੰਤ ਕਾਰਵਾਈ ਹੋਵੇ।

ਹਨੀ ਟਰੈਪ ਦੇ ਮਾਮਲੇ ਸਿਰਫ਼ ਕਾਨੂੰਨੀ ਜਾਂ ਤਕਨੀਕੀ ਗਤੀਵਿਧੀ ਦੀ ਚਰਚਾ ਦਾ ਵਿਸ਼ਾ ਨਹੀਂ ਹਨ। ਇਹ ਮਾਮਲੇ ਸਮਾਜ ਦੇ ਨੈਤਿਕ ਅਧਾਰਾਂ ਦੀ ਵੀ ਪ੍ਰੀਖਿਆ ਕਰਦੇ ਹਨ। ਇਸਦਾ ਹੱਲ ਸਿਰਫ਼ ਸਖ਼ਤ ਕਾਨੂੰਨਾਂ ਵਿੱਚ ਨਹੀਂ, ਸਗੋਂ ਸਮਾਜਕ ਜ਼ਿੰਮੇਵਾਰੀ ਵਿੱਚ ਵੀ ਲੁੱਕਿਆ ਹੋਇਆ ਹੈ। ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਮਾਜਕ ਮੂਲਾਂ ਅਤੇ ਅਜਿਹੀਆਂ ਅਸਮਾਜਿਕ ਗਤੀਵਿਧੀਆਂ ਬਾਰੇ ਸਿਖਾਉਣਾ ਚਾਹੀਦਾ ਹੈ। ਦੋਸਤਾਂ ਅਤੇ ਮਿੱਤਰਾਂ ਨੂੰ ਵੀ ਇਕ ਦੂਜੇ ਲਈ ਸਹਿਯੋਗ ਦੇਣ ਦੀ ਲੋੜ ਹੈ, ਤਾਂ ਕਿ ਕੋਈ ਵੀ ਵਿਅਕਤੀ ਬਦਨਾਮੀ ਦੇ ਡਰ ਤੋਂ ਆਪਣੀ ਸਮੱਸਿਆ ਨੂੰ ਅੰਦਰ ਨਹੀਂ ਰੱਖੇ। ਇਸ ਤੋਂ ਇਲਾਵਾ, ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਇਸ ਚਾਲ ਦੇ ਖ਼ਤਰੇ ਬਾਰੇ ਜਾਣੂ ਕਰਨਾ ਜਰੂਰੀ ਹੈ। ਜਦ ਲੋਕ ਸਚੇਤ ਹੋਣਗੇ, ਤਾਂ ਉਹ ਅਜਿਹੇ ਧੋਖੇ ਵਿੱਚ ਆਉਣ ਤੋਂ ਬਚ ਸਕਣਗੇ।

ਸੋਸ਼ਲ ਮੀਡੀਆ ਦੀ ਵਰਤੋਂ ਸਾਨੂੰ ਮੋਡਰਨ ਜ਼ਿੰਦਗੀ ਵਿੱਚ ਸੁਵਿਧਾਵਾਂ ਦਿੰਦੀ ਹੈ, ਪਰ ਇਹ ਸਾਧਨ ਤਦ ਹੀ ਲਾਭਕਾਰੀ ਸਾਬਤ ਹੁੰਦਾ ਹੈ ਜਦੋਂ ਇਸਦਾ ਸਹੀ ਤਰੀਕੇ ਨਾਲ ਉਪਯੋਗ ਕੀਤਾ ਜਾਵੇ। ਹਨੀ ਟਰੈਪ ਵਰਗੀਆਂ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਤਕਨਾਲੋਜੀ, ਜੇਕਰ ਚੰਗੇ ਕਾਰਜਾਂ ਲਈ ਵਰਤੀ ਨਾ ਜਾਵੇ, ਤਾਂ ਇਸ ਦਾ ਨੁਕਸਾਨ ਘਾਤਕ ਹੋ ਸਕਦਾ ਹੈ। ਸਰਕਾਰ, ਸਮਾਜਕ ਪਲੇਟਫਾਰਮ, ਅਤੇ ਲੋਕ ਸਭ ਨੂੰ ਮਿਲ ਕੇ ਇਸ ਸਮੱਸਿਆ ਨੂੰ ਸੁਲਝਾਉਣ ਲਈ ਯੋਗਦਾਨ ਦੇਣਾ ਚਾਹੀਦਾ ਹੈ। ਕੇਵਲ ਤਦ ਹੀ ਅਸੀਂ ਇੱਕ ਸੁਰੱਖਿਅਤ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>