ਲੰਡਨ/ ਗਲਾਸਗੋ, (ਨਿਊਜ ਡੈਸਕ)- ਪਿਛਲੇ ਲਗਭਗ ਢਾਈ ਦਹਾਕਿਆਂ ਤੋਂ ਨਿਰੰਤਰ ਸਰਗਰਮੀ ਨਾਲ ਪੱਤਰਕਾਰੀ ਖੇਤਰ ਵਿੱਚ ਮੜਕ ਨਾਲ ਤੁਰਦੇ ਆ ਰਹੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸਰਵੋਤਮ ਪੱਤਰਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਇਹ ਸਨਮਾਨ ਯੂਕੇ ਦੇ ਸ਼ਹਿਰ ਵੈਸਟ ਬਰੋਮਵਿਚ ਵਿਖੇ ਹੋਏ ਗਿਆਰਵੇਂ ਯੂਕੇ ਭੰਗੜਾ ਐਵਾਰਡਜ਼ ਸਮਾਰੋਹ ਦੌਰਾਨ ਹਾਸਲ ਕੀਤਾ। ਯੂਕੇ ਭੰਗੜਾ ਐਵਾਰਡਜ਼ ਦੇ ਮੁੱਖ ਪ੍ਰਬੰਧਕ ਸ੍ਰੀ ਬੌਬੀ ਬੋਲਾ ਨੇ ਬੋਲਦਿਆਂ ਕਿਹਾ ਕਿ ਪੱਤਰਕਾਰੀ ਖੇਤਰ ਵਿੱਚ ਮਨਦੀਪ ਖੁਰਮੀ ਹਿੰਮਤਪੁਰਾ ਦੀਆਂ ਸੇਵਾਵਾਂ ਦਾ ਹੀ ਨਤੀਜਾ ਹੈ ਕਿ ਉਹਨਾਂ ਨੂੰ ਇਹ ਐਵਾਰਡ ਹਾਸਲ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ ਪਿੰਡ ਹਿੰਮਤਪੁਰਾ ਦੇ ਜੰਮਪਲ ਮਨਦੀਪ ਖੁਰਮੀ ਨੇ ਆਪਣਾ ਪੱਤਰਕਾਰੀ ਦਾ ਸਫਰ ਸੰਨ 2000 ਵਿੱਚ ਸ਼ੁਰੂ ਕੀਤਾ ਸੀ। ਪੰਜਾਬ ਰਹਿੰਦਿਆਂ ਪੱਤਰਕਾਰੀ ਦੇ ਸਕੂਲ ਵਜੋਂ ਜਾਣੇ ਜਾਂਦੇ ਰੋਜਾਨਾ ਅਖ਼ਬਾਰ ਨਵਾਂ ਜ਼ਮਾਨਾ ਤੋਂ ਸ਼ੁਰੂ ਹੋ ਕੇ ਉਹਨਾਂ ਅਜੀਤ, ਨਿਊਜ਼ ਟਾਈਮ ਟੀਵੀ ਚੈਨਲ ਲਈ ਸੇਵਾਵਾਂ ਦਿੱਤੀਆਂ। 2008 ਵਿੱਚ ਯੂਕੇ ਦੀ ਧਰਤੀ ਨੂੰ ਆਪਣੀ ਕਰਮਭੂਮੀ ਵਜੋਂ ਚੁਣਨ ਉਪਰੰਤ ਉਹਨਾਂ ਇੱਥੇ ਆ ਕੇ ਜਗਬਾਣੀ ਲਈ ਬਤੌਰ ਪੱਤਰਕਾਰ ਸੇਵਾਵਾਂ ਸ਼ੁਰੂ ਕੀਤੀਆਂ ਜੋ ਅਜੇ ਵੀ ਨਿਰੰਤਰ ਜਾਰੀ ਹਨ। ਇਸ ਦੇ ਨਾਲ ਨਾਲ ਉਹਨਾਂ ਹਫਤਾਵਾਰੀ ਕਾਲਮਨਵੀਸ ਵਜੋਂ ਵੀ ਵਿਸ਼ਵ ਦੇ ਵੱਖ-ਵੱਖ ਅਖਬਾਰਾਂ ਲਈ ਕਾਲਮ ਲਿਖੇ। ਮਨਦੀਪ ਖੁਰਮੀ ਹਿੰਮਤਪੁਰਾ ਦਾ ਕਹਿਣਾ ਕਿ ਉਹਨਾਂ ਨੂੰ ਮਾਣ ਹੈ ਕਿ ਵਿਸ਼ਵ ਦਾ ਕੋਈ ਅਖਬਾਰ ਹੀ ਅਜਿਹਾ ਹੋਵੇਗਾ ਜਿਸ ਵਿੱਚ ਉਹਨਾਂ ਨੇ ਇੱਕ ਵਾਰ ਹਾਜ਼ਰੀ ਨਾ ਲਗਵਾਈ ਹੋਵੇ। 2010 ਵਿੱਚ ਉਹਨਾਂ ਆਪਣੇ ਪਿੰਡ ਹਿੰਮਤਪੁਰਾ ਦੇ ਨਾਂ ‘ਤੇ ਇੱਕ ਸਾਹਿਤਿਕ ਵੈੱਬਸਾਈਟ ਸ਼ੁਰੂ ਕੀਤੀ ਜਿਸ ਦਾ ਨਾਂ ਸੀ ਹਿੰਮਤਪੁਰਾ ਡੌਟ ਕੌਮ। ਇਹ ਵੈਬਸਾਈਟ ਸਮੁੱਚੇ ਵਿਸ਼ਵ ਵਿੱਚੋਂ ਪਹਿਲੀ ਸੀ ਜਿਸ ਵਿੱਚ ਪੂਰੇ ਵਿਸ਼ਵ ਦੇ ਅਖਬਾਰਾਂ ਦੇ ਲਿੰਕ ਲਗਾਏ ਹੋਏ ਸਨ ਜਦੋਂ ਵੀ ਕਿਸੇ ਨੇ ਦੁਨੀਆ ਦੇ ਕਿਸੇ ਵੀ ਮੁਲਕ ਦਾ ਕੋਈ ਅਖਬਾਰ ਪੜ੍ਹਨਾ ਹੁੰਦਾ ਤਾਂ ਹਿੰਮਤਪੁਰਾ ਡੌਟ ਕੌਮ ‘ਤੇ ਗੇੜਾ ਮਾਰਨਾ ਹੀ ਪੈਂਦਾ ਸੀ। ਮਨਦੀਪ ਖੁਰਮੀ ਹਿੰਮਤਪੁਰਾ ਨੇ ਵੱਖ-ਵੱਖ ਵਿਸ਼ਿਆਂ ‘ਤੇ ਪੂਰੀ ਨਿੱਠ ਕੇ ਕਲਮ ਅਜ਼ਮਾਈ ਕੀਤੀ। 2019 ਵਿੱਚ ਉਹ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਆਣ ਵਸੇ ਤੇ ਪੰਜ ਦਰਿਆ ਨਾਂ ਦਾ ਰੋਜ਼ਾਨਾ ਈਪੇਪਰ ਸ਼ੁਰੂ ਕੀਤਾ। ਪੰਜ ਦਰਿਆ ਅਖ਼ਬਾਰ ਵੀ ਬਰਤਾਨੀਆ ਦਾ ਹੁਣ ਤੱਕ ਦਾ ਪਹਿਲਾ ਰੋਜ਼ਾਨਾ ਪੰਜਾਬੀ ਈ-ਅਖ਼ਬਾਰ ਹੋ ਨਿੱਬੜਿਆ ਹੈ। ਇਸ ਦੇ ਨਾਲ ਨਾਲ ਮਨਦੀਪ ਖੁਰਮੀ ਹਿੰਮਤਪੁਰਾ ਸਕਾਟਲੈਂਡ ਦੀਆਂ ਗਤੀਵਿਧੀਆਂ ਨੂੰ ਜਗਬਾਣੀ, ਪੀਟੀਸੀ ਪੰਜਾਬੀ ਯੂਕੇ ਤੇ ਪੰਜ ਦਰਿਆ ਦੇ ਮੰਚ ਰਾਹੀਂ ਸਮੁੱਚੇ ਵਿਸ਼ਵ ਦੇ ਰੂਬਰੂ ਕਰਵਾਉਣ ਦਾ ਕਾਰਜ ਕਰਨ ਵਿੱਚ ਰੁੱਝੇ ਹੋਏ ਹਨ। ਯੂਕੇ ਭੰਗੜਾ ਐਵਾਰਡਜ਼ ਸਮਾਰੋਹ ਦੌਰਾਨ ਮਿਲੇ ਇਸ ਸਨਮਾਨ ਨੂੰ ਮਨਦੀਪ ਖੁਰਮੀ ਆਪਣੀ ਪੱਤਰਕਾਰੀ ਦੇ 25 ਸਾਲਾਂ ਨੂੰ ਮਿਲਿਆ ਮਾਣ ਮੰਨਦੇ ਹਨ। ਉਹਨਾਂ ਇਹ ਸਨਮਾਨ ਆਪਣੇ ਮਰਹੂਮ ਪਿਤਾ ਗੁਰਬਚਨ ਸਿੰਘ ਖੁਰਮੀ (ਕੰਡਕਟਰ) ਜੀ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਵੱਲੋਂ ਪਿੱਠ ਨਾ ਥਾਪੜੀ ਹੁੰਦੀ ਤਾਂ ਸ਼ਾਇਦ ਹਾਲਾਤ ਹੋਰ ਹੁੰਦੇ।