ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਪ੍ਰੈਸ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਾਰਲੀਮੈਟ ਅਤੇ ਅਸੈਬਲੀਆਂ ਤਾਂ ਬਣਾਈਆਂ ਗਈਆਂ ਹਨ ਕਿ ਵਿਰੋਧੀ ਧਿਰ ਸਰਕਾਰ ਨੂੰ ਚੌਕਸ ਅਤੇ ਪੱਬਾਂ ਭਾਰ ਰੱਖੇ, ਸਰਕਾਰ ਆਪਣੇ ਇਲੈਕਸ਼ਨ ਮੈਨੀਫੈਸਟੋ ਨੂੰ ਲਾਗੂ ਕਰੇ। ਵਿਰੋਧੀ ਧਿਰ ਹੀ ਸਰਕਾਰ ਨੂੰ ਸੁਚੇਤ ਕਰਾ ਕੇ ਜਿਮੇਵਾਰ ਬਣਾਉਦੀ ਹੈ ਅਤੇ ਸਰਕਾਰ ਨੂੰ ਲੋਕਾਂ ਸਾਹਮਣੇ ਜਵਾਬਦੇਹ ਵੀ ਕਰਾਉਦੀ ਹੈ।
ਪਰ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇਖਦੀ ਆ ਰਹੀ ਹੈ ਕਿ ਸੈਟਰ ਦੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਿਰੋਧੀ ਧਿਰ ਬੀਜੇਪੀ, ਕਾਮਰੇਡਾਂ ਅਤੇ ਹੋਰ ਪਾਰਟੀਆਂ ‘ਤੇ ਇਹ ਇਲਜ਼ਾਮ ਲਗਾ ਰਹੀ ਹੈ ਕਿ ਵਿਰੋਧੀ ਧਿਰ ਅਤੇ ਇਹ ਪਾਰਟੀਆਂ ਪਾਰਲੀਮੈਟ ਦੀ ਪ੍ਰਣਾਲੀ ਨੂੰ ਤਬਾਹ ਕਰਨੀਆਂ ਚਾਹੁੰਦੀਆਂ ਹਨ ਕਿਉਂਕਿ ਇਹ ਕਾਰਵਾਈ ਨੂੰ ਚੱਲਣ ਹੀ ਨਹੀਂ ਦੇ ਰਹੀਆਂ। ਇਹੀ ਕਾਂਗਰਸ ਪਾਰਟੀ ਦਾ ਸੈਟਰ ਵਿੱਚ ਉਲਾਂਬਾ ਹੈ ਅਤੇ ਵਿਰੋਧੀ ਧਿਰਾਂ ਉੱਤੇ ਦੋਸ਼ ਵੀ ਹੈ।
ਫਿਰ ਅਸੀਂ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਨੂੰ ਪੁੱਛਦੇ ਹਾਂ ਕਿ ਜਦੋਂ ਉਹ ਅਸੈਬਲੀ ਵਿੱਚ ਹਾਜਿਰ ਹੀ ਨਹੀਂ ਰਹਿੰਦੀ ਅਤੇ ਵਾਕ ਆਊਟ, ਰੁੱਸਣ ‘ਤੇ ਜਿਆਦਾ ਭਰੋਸਾ ਰੱਖਦੀ ਹੈ। ਕਈ ਕਈ ਵਾਰ ਵਿਰੋਧੀ ਧਿਰ ਦੇ ਆਗੂ ਮਿਸ ਰਜਿੰਦਰ ਕੌਰ ਭੱਠਲ ਗੈਰ ਹਾਜ਼ਰ ਰਹਿੰਦੇ ਹਨ। ਅਜੇ ਤੱਕ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੋ ਦਾਅਵਾ ਕਰਦੇ ਹਨ ਕਿ ਕਾਂਗਰਸ ਨੇ ਅਗਲੀ ਸਰਕਾਰ ਬਣਾਉਣੀ ਹੈ, ਉਨ੍ਹਾ ਅਸੈਂਬਲੀ ਦੇ ਆਰੰਭ ਹੋਣ ਤੋਂ ਬਾਅਦ ਅਸੈਬਲੀ ਵਿੱਚ ਪ੍ਰਵੇਸ਼ ਹੀਂ ਨਹੀਂ ਕੀਤਾ (ਉਨ੍ਹਾ ਦੀ ਮਜ਼ਬੂਰੀ ਅਸੀਂ ਸਮਝਦੇ ਹਾਂ ਕਿ ਜਦੋ ਉਨ੍ਹਾ ਨੂੰ ਪਾਕਿਸਤਾਨ ਤੋਂ ਉਨ੍ਹਾ ਦੇ ਸ਼ਾਹੀ ਮਹਿਮਾਨ ਮਿਲਣ ਆਉਦੇ ਹਨ ਤਾਂ ਫਿਰ ਜਹਾਨ ਵਿੱਚ ਕੁਝ ਵੀ ਵਾਪਰੇ, ਉਨ੍ਹਾ ਨੂੰ ਆਪਣੀ ਮਸਤੀ ਅਤੇ ਖੁਸ਼ੀ ਵਿੱਚੋ ਕੋਈ ਵੀ ਚੀਜ਼ ਨਹੀਂ ਕੱਢ ਸਕਦੀ।) ਤਾਂ ਫਿਰ ਬਾਦਲ-ਬੀਜੇਪੀ ਸਰਕਾਰ ਨੂੰ ਕਿਵੇ ਪੱਬਾਂ ਭਾਰ ਅਤੇ ਸੁਚੇਤ ਰੱਖਿਆ ਜਾ ਸਕਦਾ ਹੈ। ਜੋ ਆਪ ਜੀ ਦਾ ਇਲਜ਼ਾਮ ਸੈਟਰ ਦੀ ਪਾਰਲੀਮੈਂਟ ਵਿੱਚ ਹੈ ਕਿ ਵਿਰੋਧੀ ਧਿਰ ਆਪਣੇ ਜਮਹੂਰੀਅਤ ਦੇ ਫਰਜ਼ ਨਹੀਂ ਨਿਭਾ ਰਹੀ, ਤਾਂ ਪੰਜਾਬ ਅਸੈਬਲੀ ਬਾਰੇ ਇਹ ਠੀਕ ਹੈ ਕਿ ਗਲਤ ਹੈ?
ਦੂਜਾ ਪ੍ਰਸ਼ਨ ਸਾਡੀ ਪਾਰਟੀ ਦਾ ਇਹ ਹੈ ਕਿ ਮਿਸ ਰਜਿੰਦਰ ਕੌਰ ਭੱਠਲ ਦਾ ਕੁਝ ਚਿਰ ਤੋ ਡਰੈਸਕੋਡ ਅਤੇ ਹੇਅਰ ਸਟਾਈਲ ਹੀ ਬਦਲ ਗਿਆ ਹੈ। ਉਹ ਨੇ ਮਸ਼ਹੂਰ ਫੈਸ਼ਨ ਡੀਜਾਈਨਰਾਂ ਵੱਲੋ ਡਿਜ਼ਾਈਨ ਕੀਤੀਆਂ ਪੌਸ਼ਾਕਾਂ ਅਤੇ ਹੇਅਰ ਡਰੈਸਰਜ਼ ਤੋਂ ਆਪਣੇ ਨਵੇ ਹੇਅਰ ਸਟਾਈਲ ਕਰਵਾ ਕੇ ਕਿਵੇ ਇੱਕਦਮ ਇੰਨੀ ਤਬਦੀਲੀ ਲਿਆਂਦੀ ਹੈ। ਬੇਸ਼ੱਕ ਇਹ ਕੈਪਟਨ ਸਾਹਿਬ ਅਤੇ ਮਿਸ ਰਜਿੰਦਰ ਕੌਰ ਭੱਠਲ ਦੇ ਨਿੱਜੀ ਮਸਲੇ ਹੋਣ ਪਰ ਕਿਉਕਿ ਦੋਨੋ ਇਹ ਪਬਲਿਕ ਦੇ ਨੁੰਮਾਇੰਦੇ ਹਨ, ਫਿਰ ਪਬਲਿਕ ਇਨ੍ਹਾ ਨੂੰ ਪੁੱਛਣ ਦਾ ਹੱਕ ਰੱਖਦੀ ਹੈ ਕਿ ਜੇ ਤੁਸੀਂ ਨਿੱਜੀ ਕੰਮਾਂ ਵਿੱਚ ਮਸ਼ਰੂਫ ਰਹੋਗੇ, ਤਾਂ ਫਿਰ ਪੰਜਾਬ ਵਿੱਚ 40 ਲੱਖ ਬੇਰੁਜ਼ਗਾਰ ਨੌਜਵਾਨ ਦੇ ਰੁਜ਼ਗਾਰ, ਗਰੀਬ ਵਿਧਵਾਵਾਂ ਦੀਆਂ ਪੈਨਸ਼ਨਾਂ, ਦਰਿਆਵਾਂ ਅਤੇ ਨਹਿਰਾਂ ਵਿੱਚ ਇੰਡਸਟ੍ਰੀ, ਮਿਉਸੀਪਲਟੀ ਦੀ ਗੰਦਗੀ ਜਿਸ ਨਾਲ ਕੈਸਰ ਅਤੇ ਪੀਲੀਏ ਦੀਆਂ ਬੀਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ, ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ, ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਦਵਾਈਆਂ, ਡਾਕਟਰਾਂ, ਸਟਾਫ਼ ਦੀ ਕਮੀ, ਪੁਲਿਸ ਵੱਲੋ ਲੋਕਾਂ ਉੱਤੇ ਬੇਹੱਦ ਜੁਲਮ, ਅਫਸਰਸ਼ਾਹੀ-ਸਿਆਸਤਦਾਨਾਂ ਦੀ ਰਿਸ਼ਵਤਖੋਰੀ ਆਦਿ ਇਹ ਸਾਰੇ ਰੋਗ ਕਿਵੇ ਖਤਮ ਹੋਣਗੇ? ਇਹੀ ਸਾਰੇ ਕਾਰਨ ਹਨ, ਜਿਨ੍ਹਾ ਕਰਕੇ ਲੀਬੀਆ, ਮਿਸਰ, ਯਮਨ, ਜੋਰਡਨ, ਬਹਿਰੀਨ, ਟੁਨੇਸ਼ੀਆ, ਅਲਜੀਰੀਆ, ਇਰਾਨ ਆਦਿ ਵਰਗੇ ਅਰਬ ਮੁਲਕਾਂ ਵਿੱਚ ਇਨਕਲਾਬ ਆ ਰਹੇ ਹਨ। ਕੀ ਇਹ ਵਿਗੜੇ ਹੋਏ ਬਾਦਲ ਦਲੀਏ, ਕੱਟੜਪੰਥੀ ਬੀਜੇਪੀ ਵਾਲੇ ਅਤੇ ਨਸਲਕੁਸੀ ਕਰਨ ਵਾਲੇ ਕਾਂਗਰਸੀਏ ਕੰਧਾਂ ‘ਤੇ ਲਿਖਿਆ ਪੜ ਨਹੀਂ ਸਕਦੇ?