ਗਿ: ਹਰਪ੍ਰੀਤ ਸਿੰਘ ਦੇ ਮਾਮਲੇ ’ਚ ਰਾਜਨੀਤੀ ਤੋਂ ਪ੍ਰੇਰਿਤ ਫ਼ੈਸਲਾ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਚੁਕਾ ਹੈ- ਪ੍ਰੋ. ਸਰਚਾਂਦ ਸਿੰਘ

448908971_1670856830413076_2862787470041405753_n.resizedਅੰਮ੍ਰਿਤਸਰ – ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪੜਤਾਲ ਵਾਸਤੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੋਂ ਕਿਸੇ ਨਿਰਪੱਖ ਪੜਤਾਲ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ, ਜਿਸ ਜਾਂਚ ਕਮੇਟੀ ਵਿਚ ਕੇਵਲ ਬਾਦਲ ਦਲ ਪੱਖੀ ਮੈਂਬਰ ਪਾਏ ਗਏ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਸ਼ੇਸ਼ ਵਿਅਕਤੀ ’ਤੇ ਲੱਗੇ ਗੰਭੀਰ ਇਲਜ਼ਾਮਾਂ ’ਤੇ ਪੜਤਾਲ ਕਰਾਉਣੀ ਚੰਗੀ ਗਲ ਹੈ, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ’ਚ ਇੰਜ ਲਗਦਾ ਹੈ ਕਿ ਰਾਜਨੀਤੀ ਤੋਂ ਪ੍ਰੇਰਿਤ ਫ਼ੈਸਲਾ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਚੁਕਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਪੰਜ ਸਿੰਘ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਖਿਲਾਫ 2 ਦਸੰਬਰ ਨੂੰ ਸੁਣਾਏ ਗਏ ਸਿਧਾਂਤਕ ਫ਼ੈਸਲਿਆਂ ਨੂੰ ਬਦਲਾਉਣ ਦੀ ਮਨਸ਼ਾ ਹੋ ਸਕਦੀ ਹੈ। ਜਿਨ੍ਹਾਂ ’ਚ ਫਖਰੇ ਕੌਮ ਦਾ ਖ਼ਿਤਾਬ ਵਾਪਸ ਲੈਣਾ, ਅਕਾਲੀ ਦਲ ਦੀ ਭਰਤੀ ਲਈ ਕਮੇਟੀ ਬਣਾਉਣੀ ਅਤੇ ਖ਼ਾਸ ਕਰਕੇ ਮੌਜੂਦਾ ਲੀਡਰਸ਼ਿਪ ਨੂੰ ਸਿਆਸੀ ਅਗਵਾਈ ਲਈ ਅਯੋਗ ਠਹਿਰਾਉਣ ਤੋਂ ਇਲਾਵਾ ਕਈ ਸਾਲਾਂ ਤੋਂ ਪੰਥ ਨਾਲ ਫ਼ਰੇਬ ਕੀਤਾ ਜਾ ਰਿਹਾ ਹੋਣ ਨੂੰ ਕਬੂਲ ਕਰਾਉਣਾ ਸ਼ਾਮਿਲ ਹੈ। ਇਹ ਸੱਚ ਹੈ ਤਾਂ ਗੁਰੂ ਪੰਥ ਅਜਿਹੇ ਕਿਸੇ ਵੀ ਫ਼ੈਸਲੇ ਨੂੰ ਬਦਲਣ ਪ੍ਰਤੀ ਚੌਕਸ ਹੈ ਜਿਨ੍ਹਾਂ ਨਾਲ ਪੰਥਕ ਜਜ਼ਬਾਤ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਵੋਟ ਰਾਜਨੀਤੀ ਦੇ ਅਮਲ ਨਾਲ ਪੰਥਕ ਸੁਰਤ ਵਿਚੋਂ ਜਥੇਦਾਰ ਨੂੰ ਚੁਣਨ ਦੀ ਪੰਥਕ ਵਿਧੀ ਖ਼ਤਮ ਕਰ ਦਿੱਤੀ ਗਈ, ਅੱਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ, ਜਿਸ ’ਤੇ ਅਕਾਲੀ ਦਲ ਦਾ ਚਿਰਾਂ ਤੋਂ ਗ਼ਲਬਾ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਾਂ ਨਾਲ ਚਾਹੇ ਹਰ ਕੋਈ ਸਹਿਮਤ ਨਾ ਹੋਵੇ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਦੂਰ ਅੰਦੇਸ਼ੀ ਅਤੇ ਸੁਹਿਰਦ ਕਾਰਗੁਜ਼ਾਰੀ ਨੇ ਜਥੇਦਾਰ ਦੇ ਪਦਵੀ ਦੀ ਗਰਿਮਾ ਨੂੰ ਮੁੜ ਬਹਾਲ ਕਰਨ ਅਤੇ ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਜ਼ਰੂਰ ਕੀਤਾ ਹੈ। ਭਾਵੇਂ ਅਕਾਲੀ ਲੀਡਰਸ਼ਿਪ ਦੀਆਂ ਖਵਾਇਸ਼ ਦੀ ਪੂਰਤੀ ਕਰਨੀ ਉਨ੍ਹਾਂ ਲਈ ਮਜਬੂਰੀ ਰਹੀ ਹੋਵੇ, ਪਰ ਉਨ੍ਹਾਂ ਨੇ ’ਅਕਾਲੀ ਦਲ’ ਅਤੇ ਬਾਦਲ ਪਰਿਵਾਰ ਦੀਆਂ ਖ਼ਾਮੀਆਂ ਅਤੇ ਗ਼ਲਤੀਆਂ ਨੂੰ ਵੀ ਨਿਸ਼ਾਨੇ ਲਿਆ ਹੈ। ਆਪਣੇ ਵੱਲੋਂ ਥਾਪੇ ਹੋਏ ਜਥੇਦਾਰ ਦੀ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰਨ ਦੀ ਦਲੇਰੀ ਉਨ੍ਹਾਂ ਨੂੰ ਕਿਵੇਂ ਪਸੰਦ ਆ ਸਕਦੀ ਸੀ। ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਨ੍ਹਾਂ ਗੱਲਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਪੇ ਤੋਂ ਬਾਹਰ ਕੀਤਾ ਉਨ੍ਹਾਂ ’ਚ ਅਕਾਲੀ ਦਲ ’ਤੇ ਕੀਤੀ ਗਈ ਇਹ ਸਖ਼ਤ ਟਿੱਪਣੀ ਕਿ ’’ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਸੀ। ਹੁਣ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ।’’ ਇਹ ਅਕਾਲੀ ਲੀਡਰਸ਼ਿਪ ਲਈ ਇਕ ਵੱਡੀ ਵੰਗਾਰ ਅਤੇ ਚਿਤਾਵਨੀ ਸੀ। ਇਸ ਤੋਂ ਇਲਾਵਾ ਜਥੇਦਾਰ ਦਾ ਇਹ ਬਿਆਨ ਕਿ ’’50 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਸਿੱਖ ਪੰਥ ਅਤੇ ਗੁਰਦੁਆਰਿਆਂ ਦੀ ਚੜ੍ਹਦੀ ਕਲਾ ਸੀ, ਅੱਜ ਸਾਡੀ ਸੋਚ ’ਚੋਂ ਸਿੱਖ ਪੰਥ ਅਤੇ ਗੁਰਦੁਆਰੇ ਦੋਵੇਂ ਮਨਫ਼ੀ ਹੋ ਗਏ।’’ ਇਹ ਉਹ ਗੱਲਾਂ ਸਨ, ਜੋ ਅਕਾਲੀ ਲੀਡਰਸ਼ਿਪ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਅਕਾਲੀ ਲੀਡਰਸ਼ਿਪ ਜਥੇਦਾਰ ’ਤੇ ਦਬਾਅ ਪਾਉਣ ਵਿਚ ਅਸਫਲ ਰਹੇ ਤਾਂ ਉਨ੍ਹਾਂ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੇ ਅਹੁਦੇ ਤੋਂ ਉਨ੍ਹਾਂ ਨੂੰ ਹਟਾ ਦਿੱਤਾ। ਹੁਣ ਜਥੇਦਾਰ ਵੱਲੋਂ ਕੀਤੀ ਜਾ ਰਹੀ ਅਜ਼ਾਦ ਹਸਤੀ ਦੇ ਪ੍ਰਗਟਾਵੇ ਨੇ ਅਕਾਲੀ ਲੀਡਰਸ਼ਿਪ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ’’ ਇਹ ਕੰਮ ਦਾ ਬੰਦਾ ਨਹੀਂ ਰਿਹਾ’’ । ਸੋ ਉਨ੍ਹਾਂ ਦਾ ਜਾਣਾ ਤੈਅ ਸੀ। ਜਥੇਦਾਰ ਨੂੰ ਮੌਜੂਦਾ ਸਮੇਂ ਅਸਲ ਮਾਰਗ ਤੋਂ ਭਟਕ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਆਪਣੀਆਂ ਸਿਆਸੀ ਇੱਛਾਵਾਂ ਤੋਂ ਦੂਰ ਰਹਿਣ ਅਤੇ ਪੰਥਕ ਏਜੰਡੇ ਵੱਲ ਮੁੜਨ ਲਈ ਆਪਣੀ ‘ਸਲਾਹ’ ਦੀ ਕੀਮਤ ਚੁਕਾਉਣੀ ਪਈ। ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਿਖਰਲੇ ਅਕਾਲੀ ਆਗੂਆਂ ਦੀ ਧੌਂਸਵਾਦੀ ਸਿਆਸਤ ਨੇ ਪੰਥਕ ਸੋਚ ਵਾਲੇ ਸਾਰੇ ਭਰਮ-ਭੁਲੇਖੇ ਕਾਫ਼ੂਰ ਕਰ ਦਿੱਤੇ ਹਨ। ਅੱਜ ਹਰ ਫ਼ਰੰਟ ’ਤੇ ਮੂੰਹ ਦੀ ਖਾਣ ਤੋਂ ਬਾਅਦ ਅਕਾਲੀ ਦਲ ਮੁੜ ਪੰਥਕ ਸਰੂਪ ਅਤੇ ਸਿਆਸਤ ਵਲ ਮੋੜਾ ਕੱਟਣ ਦਾ ਪੈਂਤੜਾ ਅਪਣਾਉਣ ਦੀ ਨਾਕਾਮ ਕੋਸ਼ਿਸ਼ ਵਿਚ ਹੈ। ਬੇਸ਼ੱਕ ਆਉਣ ਵਾਲੇ ਸਮੇਂ ਵਿਚ ਪੰਜਾਬ ਅਤੇ ਪੰਥਕ ਸਿਆਸਤ ਅੰਦਰ ਨਵੇਂ ਸਿਆਸੀ ਸਮੀਕਰਨ ਅਤੇ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>