ਸੋਸ਼ਲ ਮੀਡੀਆ ਵੱਲ ਬੇਹਿਸਾਬ ਖਿੱਚ ਨੇ ਆਧੁਨਿਕ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਸਾਡੇ ਸਮਾਜ ਦੇ ਹਰ ਵਰਗ, ਖਾਸ ਕਰਕੇ ਨਵੀਂ ਪੀੜ੍ਹੀ, ਇਸ ਦੀ ਚਮਕ-ਧਮਕ ਅਤੇ ਆਕਰਸ਼ਣ ਦਾ ਸ਼ਿਕਾਰ ਹੋ ਰਹੀ ਹੈ। ਬਚਪਨ, ਜੋ ਕਿ ਖੇਡਕੁੱਦ, ਸਿਖਲਾਈ ਅਤੇ ਸੁਨੈਹਰੀ ਯਾਦਾਂ ਬਣਾਉਣ ਦਾ ਸਮਾਂ ਹੁੰਦਾ ਹੈ, ਉਹ ਅੱਜ ਦੇ ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆ ਵਿੱਚ ਗੁੰਮ ਹੁੰਦਾ ਜਾ ਰਿਹਾ ਹੈ। ਬੱਚੇ ਅੱਜ ਆਪਣੇ ਕਮਰੇ ਦੇ ਇੱਕ ਕੋਨੇ ਵਿੱਚ ਬੈਠੇ ਮੋਬਾਈਲ ਫੋਨ ਜਾਂ ਟੈਬਲੇਟ ਦੀ ਸਕਰੀਨ ‘ਤੇ ਕੈਦ ਹੋ ਗਏ ਹਨ।
ਸੋਸ਼ਲ ਮੀਡੀਆ ਆਪਣੀ ਲੁਭਾਵਣੀ ਅਤੇ ਰੰਗੀਨ ਦੁਨੀਆਂ ਨਾਲ ਬੱਚਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਰਗੇ ਪਲੇਟਫਾਰਮਾਂ ਨੇ ਬੱਚਿਆਂ ਨੂੰ ਇੱਕ ਅਜਿਹੇ ਜਗਤ ਨਾਲ ਜੁੜਨ ਲਈ ਉਤਸੁਕ ਕੀਤਾ ਹੈ ਜਿੱਥੇ ਉਹ ਅਸਲੀਅਤ ਤੋਂ ਦੂਰ ਅਭਾਸੀ ਜ਼ਿੰਦਗੀ ਨੂੰ ਜੀ ਰਹੇ ਹਨ। ਭਾਂਤ ਭਾਂਤ ਦੀਆਂ ਫੋਟੋਆਂ, ਵੀਡੀਓਜ਼ ਅਤੇ ਹੋਰ ਸਮੱਗਰੀ ਦੇ ਚਲਨ ਨੇ ਬੱਚਿਆਂ ਦੇ ਮਨ ਵਿੱਚ ਆਪਣੇ ਆਪ ਦੀ ਤੁਲਨਾ ਕਰਨ ਦੀ ਆਦਤ ਪੈਦਾ ਕਰ ਦਿੱਤੀ ਹੈ। ਇਹ ਤੁਲਨਾ ਬਹੁਤ ਵਾਰ ਹੌਂਸਲੇ ਨੂੰ ਘੱਟ ਕਰਦੀ ਹੈ ਅਤੇ ਮਾਨਸਿਕ ਦਬਾਅ ਦਾ ਕਾਰਨ ਬਣਦੀ ਹੈ।
ਸੋਸ਼ਲ ਮੀਡੀਆ ਦੇ ਵਧੇਰੇ ਪ੍ਰਭਾਵ ਕਾਰਨ ਬੱਚੇ ਖੇਡਾਂ ਵਿੱਚ ਭਾਗ ਨਹੀਂ ਲੈਂਦੇ। ਪੁਰਾਣੇ ਸਮਿਆਂ ਦੀਆਂ ਖੇਡਾਂ ਜਿਵੇਂ ਕਿ ਗੁੱਲੀ-ਡੰਡਾ, ਪਿੱਠੂ, ਅਤੇ ਲੁਕ-ਛਿਪਾਈ, ਜਿਹੜੀਆਂ ਸਿਰਫ਼ ਸ਼ਰੀਰਕ ਸਿਹਤ ਨੂੰ ਨਹੀਂ ਸਗੋਂ ਬੱਚਿਆਂ ਦੀ ਸਮਾਜਿਕ, ਬੌਧਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀਆਂ ਸਨ, ਹੁਣ ਇਹ ਇੱਕ ਤਰ੍ਹਾਂ ਨਾਲ ਬਿਲਕੁਲ ਗੁੰਮ ਹੋ ਚੁੱਕੀਆਂ ਹਨ। ਇਸ ਨਾਲ ਬੱਚਿਆਂ ਦੀ ਸਰੀਰਕ ਸਰਗਰਮੀ ਘਟ ਰਹੀ ਹੈ, ਜੋ ਮੋਟਾਪੇ ਅਤੇ ਹੋਰ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ।
ਸੋਸ਼ਲ ਮੀਡੀਆ ਬੱਚਿਆਂ ਦੀ ਮਾਨਸਿਕ ਤੰਦਰੁਸਤੀ ‘ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ। ਅਸਲੀ ਅਤੇ ਅਭਾਸੀ ਦੁਨੀਆ ਦੇ ਵਿਚਕਾਰ ਦੀ ਦੂਰੀ ਬੱਚਿਆਂ ਨੂੰ ਮਨੋਵਿਗਿਆਨਕ ਪੱਧਰ ‘ਤੇ ਅਸਥਿਰ ਕਰ ਰਹੀ ਹੈ। ਉਹ ਅਕਸਰ ਆਪਣੇ ਆਪ ਨੂੰ ਹੋਰ ਲੋਕਾਂ ਦੇ ਜੀਵਨ ਦੇ ਨਾਲ ਤੁਲਨਾ ਕਰਦੇ ਹਨ, ਜਿਸ ਨਾਲ ਹੀਨ ਭਾਵਨਾ ਅਤੇ ਡਿਪ੍ਰੈਸ਼ਨ ਪੈਦਾ ਹੁੰਦਾ ਹੈ।
ਬੱਚਿਆਂ ਦੇ ਵਧਦੇ ਸੋਸ਼ਲ ਮੀਡੀਆ ਦੇ ਇਸਤੇਮਾਲ ਨੇ ਪਰਿਵਾਰਕ ਅਤੇ ਸਮਾਜਕ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰਿਵਾਰਕ ਗੱਲਬਾਤਾਂ ਅਤੇ ਸਮਾਂ ਬਿਤਾਉਣ ਦੀ ਥਾਂ, ਬੱਚੇ ਸਕ੍ਰੀਨਾਂ ਦੇ ਸਾਹਮਣੇ ਵੱਧ ਸਮਾਂ ਬਿਤਾਉਣ ਲੱਗੇ ਹਨ। ਇਸ ਨਾਲ ਉਹ ਆਪਣੇ ਮਾਤਾ-ਪਿਤਾ ਅਤੇ ਸਹਿਯੋਗੀਆਂ ਨਾਲ ਭਾਵਨਾਤਮਕ ਸਬੰਧ ਨਹੀਂ ਬਣਾਉਂਦੇ।
ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਾਰਨ ਬੱਚਿਆਂ ਦਾ ਪੜ੍ਹਾਈ ‘ਤੇ ਧਿਆਨ ਵੀ ਘੱਟਦਾ ਜਾ ਰਿਹਾ ਹੈ। ਅਭਿਆਸ ਦੇ ਸਮੇਂ ਨੂੰ ਛੱਡਕੇ, ਉਹ ਸਕ੍ਰੀਨਾਂ ਤੇ ਸਮਾਂ ਬਰਬਾਦ ਕਰਦੇ ਹਨ, ਜਿਸ ਨਾਲ ਉਹਨਾਂ ਦੀ ਅਕਾਦਮਿਕ ਕਾਰਗੁਜ਼ਾਰੀ ਵੀ ਖਰਾਬ ਹੁੰਦੀ ਹੈ। ਨਵੇਂ ਟ੍ਰੈਂਡ ਅਤੇ ਚੈਲੈਂਜਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਬੱਚੇ ਪੜ੍ਹਾਈ ਅਤੇ ਸਿਖਲਾਈ ਦੇ ਅਹਿਮੀਅਤ ਨੂੰ ਭੁੱਲ ਰਹੇ ਹਨ।
ਇਸ ਸਮੱਸਿਆ ਨੂੰ ਹੱਲ ਕਰਨ ਲਈ ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਹਰ ਪੱਖ ਨੂੰ ਸੰਜਮ ਦੇ ਨਾਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਕ੍ਰੀਨ ਸਮੇਂ ਨੂੰ ਸੀਮਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਬਾਹਰਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਤਸਾਹਿਤ ਕਰਨ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਸਿੱਖਿਆ ਦਿੰਦਿਆਂ ਬੱਚਿਆਂ ਨੂੰ ਆਪਣੇ ਚੰਗੇ – ਮਾੜੇ ਦੀ ਪਛਾਣ ਕਰਨਾ ਸਿਖਾਉਣ।
ਬਚਪਨ ਨੂੰ ਬਚਾਉਣ ਲਈ, ਬੱਚਿਆਂ ਨੂੰ ਟੈਕਨਾਲੋਜੀ ਦੀ ਸਹੀ ਵਰਤੋਂ ਸਿਖਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਓਹਨਾਂ ਦੀ ਅਸਲ ਜ਼ਿੰਦਗੀ ਨਾ ਹੋਕੇ ਸਿਰਫ਼ ਸੂਚਨਾ ਅਤੇ ਮਨੋਰੰਜਨ ਦਾ ਸਾਧਨ ਹੈ। ਟੈਕਨਾਲੋਜੀ ਨੂੰ ਇੱਕ ਮਿਤਵਾਨ ਪੱਖ ਤੋਂ ਵਰਤਣ ਦੀ ਲੋੜ ਹੈ, ਜਿਸ ਨਾਲ ਬੱਚੇ ਆਪਣੀ ਪੜਾਈ ਅਤੇ ਸ਼ਰੀਰਕ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਸਕਣ।
ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆ ਨੇ ਬਚਪਨ ਨੂੰ ਇੱਕ ਜੰਜੀਰ ਵਿੱਚ ਜਕੜ ਦਿੱਤਾ ਹੈ, ਪਰ ਇਸਨੂੰ ਸੁਰੱਖਿਅਤ ਕਰਨਾ ਸਾਡੇ ਹੱਥ ਵਿੱਚ ਹੈ। ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਪ੍ਰਤਿਨਿਧੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਬੱਚਿਆਂ ਦਾ ਬਚਪਨ ਸੋਸ਼ਲ ਮੀਡੀਆ ਦੀ ਗੁਲਾਮੀ ਤੋਂ ਬਚ ਸਕੇ। ਇਹ ਸਿਰਫ਼ ਸਾਡੇ ਹੁਨਰ ਅਤੇ ਸੰਜਮ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸੁਨਹਿਰਾ ਭਵਿੱਖ ਦੇ ਸਕਦੇ ਹਾਂ।