ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ।
ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ।
ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ।
ਘਰ ਬਾਰ ਛੱਡ ਕੇ ਵੀ, ਦਿਲ ਨਾ ਡੋਲਾਇਆ ਤੂੰ।
ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ
ਧੰਨ…
ਸਰਸਾ ਦੇ ਕੰਢੇ ਜਦ ਪੈ ਗਿਆ ਵਿਛੋੜਾ ਸੀ
ਪਿਤਾ ਦਸ਼ਮੇਸ਼ ਨਾਲ ਪੁੱਤਰਾਂ ਦਾ ਜੋੜਾ ਸੀ
ਨਿੱਕੜੇ ਮਾਸੂਮ ਤੁਰ ਪਏ ਤੇਰੇ ਨਾਲ ਨੀ
ਧੰਨ…
ਅਜੀਤ ਤੇ ਜੁਝਾਰ ਲਾੜੀ ਮੌਤ ਵਿਆਹੀ ਏ।
ਗੜ੍ਹੀ ਚਮਕੌਰ ਵਿੱਚ ਪਿੱਠ ਨਾ ਵਿਖਾਈ ਏ।
ਸੂਰਬੀਰ ਯੋਧੇ ਤੇਰੇ ਪੋਤਰੇ ਕਮਾਲ ਨੀ
ਧੰਨ…
ਛੋਟਿਆਂ ਨੇ ਸਿਦਕ ਨਿਭਾਇਆ ਸਰਹੰਦ ਏ।
ਸਿਦਕੋਂ ਨਾ ਡੋਲੇ ਭਾਵੇਂ ਡੋਲ ਗਈ ਕੰਧ ਏ।
ਕੰਬਿਆ ਜਲਾਦ ਤੱਕ ਚਿਹਰੇ ਦਾ ਜਲਾਲ ਨੀ
ਧੰਨ…
ਪੋਤਿਆਂ ਦੇ ਨਾਲ, ਸਚਖੰਡ ਚਾਲੇ ਪਾ ਲਏ।
ਵਾਰ ਸਰਬੰਸ ਤੁਸਾਂ ਸ਼ੁਕਰ ਮਨਾ ਲਏ।
‘ਦੀਸ਼’ ਕੋਲੋਂ ਹੋਏ ਨਾ ਬਿਆਨ ਸਾਰਾ ਹਾਲ ਨੀ
ਧੰਨ…