ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਦਾ ਮੈਂ ਜਾਇਆ ।
ਜਦ ਖੇਤਾਂ ਨੂੰ ਗੇੜਾ ਮਾਰਾਂ,
ਵੇਖ ਹਰਿਆਲੀ, ਮੋਤੀ ਪਾਣੀ,
ਮੈਂ ਹੋਜਾਂ ਦੂਣ ਸਵਾਇਆ ।
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ।
ਹਲ, ਸੁਹਾਗਾ ਫੇਰ ਕਲਮ ਨੇ ਬਣਦੇ,
ਵਾਅਣ ਬਣ ਸਫ਼ਾ ਨੇ ਮੂਹਰੇ ਤਨਦੇ,
ਰੂਹ ਮੇਰੀ ਫਿਰ ਹੀਰਾਂ ਗਾਵੇ,
ਜਦ ਖਾਲਾਂ ਦਾ ਕੋਈ ਅੱਖਰ ਵਾਇਆ।
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ ।
ਬਲਦ ਨੇ ਦੋ ਮੇਰੇ ਪੱਕੇ ਆੜੀ,
ਬੀਜਣ ਵੱਡਣ ਸਾਉਣ ਤੇ ਹਾੜੀ,
ਗਲ ਓਨਾਂ ਦੇ ਵਿੱਚ ਟੱਲੀਆਂ ਖੜਕਣ,
ਕੁਦਰਤ ਨੇ ਕੋਈ ਨਗਮਾ ਗਾਇਆ,
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ ।
ਆਲੂ, ਸਰ੍ਹੋਂ,ਮਟਰ ਤੇ ਸਾਗ,
ਮੱਕੀ, ਕਪਾਹ, ਅਮਰੂਦ ਦੇ ਬਾਗ਼,
ਖੇਤ ਮੇਰਾ ਫਿਰ ਹੀਰ ਜਿਓੰ ਸੱਜੇ,
ਫ਼ਸਲਾਂ ਦਾ ਗਲ ਗਹਿਣਾ ਪਾਇਆ।
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ ।
ਜਦ ਥਕ ਕੇ ਮੈਂ ਸੌਣਾ ਚਾਹਵਾਂ,
ਨਾਲ ਹਵਾ ਦੇ ਗਾਉਣਾ ਚਾਹਵਾਂ,
ਝੱਲ ਪੱਤਿਆਂ ਦੀ ਪੱਖੀ ਮੈਨੂੰ,
ਫੇਰ ਪਿੱਪਲ ਗੋਦ ਸਵਾਇਆ।
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ ।
ਖੇਤੋਂ ਚੋਗਾ ਚੁੱਗਣ ਪੰਖੇਰੂ ਆਉਂਦੇ,
ਬੱਚੇ ਵਿਚ ਚੁਬੱਚੇ ਨ੍ਹਾਵਣ,
ਮੇਲੇ ਵਾਂਗਰ ਖੇਤ ਹੈ ਲਗਦਾ,
ਫਿਰ ਮੈਂ ਵੱਟਾਂ ਤੇ ਢੋਲਾ ਗਾਇਆ।
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ ।
ਸ਼ਾਮੀਂ ਜਦ ਮੈਂ ਮੁੜਨਾ ਚਾਹਵਾਂ,
ਮਨ ਭਰਦਾ ਫਿਰ ਹੌਕੇ ਹਾਵਾਂ,
ਕਰਕੇ ਵਾਦਾ ਫੇਰ ਸਵੇਰ ਦਾ,
ਜੰਨਤ ਨੂੰ ਫਿਰ ਛੱਡ ਮੈਂ ਆਇਆ,
ਮੈਂ ਖੇਤਾਂ ਦਾ ਪੁੱਤ ਹਾਂਣੀਓ,
ਖੇਤਾਂ ਨੂੰ ਮੈਂ ਜਾਇਆ।