ਅਸਾਦਾਬਾਦ- ਅਫ਼ਗਾਨਿਸਤਾਨ ਵਿੱਚ ਨਾਟੋ ਦੁਆਰਾ ਅਤਵਾਦੀਆਂ ਉਪਰ ਕੀਤੇ ਜਾ ਰਹੇ ਹਮਲਿਆਂ ਵਿੱਚ ਆਮ ਲੋਕਾਂ ਦਾ ਕਾਫ਼ੀ ਜਾਨੀ ਨੁਕਸਾਨ ਹੋ ਰਿਹਾ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਨਾਟੋ ਦੇ ਅੰਤਰਗਤ ਕੰਮ ਕਰਨ ਵਾਲੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਦੇਸ਼ ਵਿੱਚ ਇਹ ਸੰਘਰਸ਼ ਬੰਦ ਕਰਨ।
ਨਾਟੋ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਪਿੱਛਲੇ ਹਫ਼ਤੇ 9 ਬੱਚੇ ਮਾਰੇ ਗਏ ਸਨ। ਕਰਜ਼ਈ ਨੇ ਇਸ ਸਬੰਧ ਵਿੱਚ ਅਮਰੀਕਾ ਦੇ ਕਮਾਂਡਰ ਜਨਰਲ ਡੇਵਿਡ ਵਲੋਂ ਮੰਗੀ ਗਈ ਮਾਫ਼ੀ ਨੂੰ ਠੁਕਰਾ ਦਿੱਤਾ ਸੀ। ਕਰਜ਼ਈ ਦੇ ਇੱਕ ਰਿਸ਼ਤੇਦਾਰ ਦੀ ਮੌਤ ਵੀ ਵਿਦੇਸ਼ੀ ਸੈਨਾ ਰਾਹੀਂ ਕੀਤੇ ਗਏ ਹਮਲੇ ਦੌਰਾਨ ਹੋਈ ਸੀ। ਇਸ ਕਰਕੇ ਇਹ ਭਾਵੁਕ ਅਪੀਲ ਕੀਤੀ ਗਈ ਹੈ।
ਅਫ਼ਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਮਾਰੇ ਗਏ ਬੱਚਿਆਂ ਦੇ ਪਰੀਵਾਰਾਂ ਨੂੰ ਮਿਲਣ ਤੋਂ ਬਾਅਦ ਕਰਜ਼ਈ ਨੇ ਕਿਹਾ , ਮੈਂ ਨਾਟੋ ਅਤੇ ਅਮਰੀਕਾ ਨੂੰ ਨਿਮਰਤਾ ਅਤੇ ਆਦਰ ਸਹਿਤ ਕਹਿੰਦਾ ਹਾਂ ਕਿ ਉਹ ਸਾਡੀ ਸਰਜਮੀਨ ਤੋਂ ਸੰਘਰਸ਼ ਬੰਦ ਕਰਨ ਵਿੱਚ ਹਠਧਰਮੀ ਨਾਂ ਵਿਖਾਵੇ।’ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਬਹੁਤ ਸਹਿਨਸ਼ੀਲ ਹਾਂ, ‘ਪਰ ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਹੈ।’ ਕਰਜ਼ਈ ਨੇ ਕਿਹਾ ਕਿ ਪੱਛਮੀ ਦੇਸ਼ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਤਵਾਦੀਆਂ ਦੇ ਛੁਪਣ ਦੇ ਟਿਕਾਣੇ ਪਾਕਿਸਤਾਨ ਦੇ ਸਰਹਦੀ ਇਲਾਕਿਆਂ ਵਿੱਚ ਹਨ। ਇਸ ਲਈ ਨਾਟੋ ਸੈਨਾ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਟਿਕਾਣਿਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਵੇ।
ਰਾਸ਼ਟਰਪਤੀ ਕਰਜ਼ਈ ਕੁਨਾਰ ਵਿੱਚ ਹੋਰ ਘਟਨਾਵਾਂ ਵਿੱਚ ਵੀ ਮਾਰੇ ਗਏ ਲੋਕਾਂ ਦੇ ਪਰੀਵਾਰਾਂ ਨੂੰ ਮਿਲੇ। ਸਥਾਨਕ ਅਧਿਕਾਰੀਆਂ ਅਨੁਸਾਰ ਉਸ ਘਟਨਾ ਵਿੱਚ 65 ਲੋਕ ਮਾਰੇ ਗਏ ਸਨ , ਜਦ ਕਿ ਨਾਟੋ ਦੇ ਸੁਰੱਖਿਆ ਬਲਾਂ ਦਾ ਕਹਿਣਾ ਸੀ ਕਿ ਸਿਰਫ਼ 9 ਵਿਅਕਤੀ ਹੀ ਮਾਰੇ ਗਏ। ਕਰਜ਼ਈ ਇੱਕ ਛੋਟੀ ਬੱਚੀ ਨੂੰ ਮਿਲ ਕੇ ਬਹੁਤ ਹੀ ਭਾਵੁਕ ਹੋ ਗਏ ਜਿਸ ਦਾ ਇੱਕ ਪੈਰ ਹਮਲੇ ਵਿੱਚ ਕਟਿਆ ਗਿਆ ਸੀ।