ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਤੇਲ ਅਤੇ ਗੈਸ ਦੀ ਮੰਗ ਵਿੱਚ ਤੇਜ਼ੀ ਚੀਨ, ਭਾਰਤ ਅਤੇ ਬਰਾਜ਼ੀਲ ਕਰਕੇ ਆਈ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਦੀ ਰਾਜਨੀਤਕ ਸਥਿਤੀ ਦੇ ਹਾਲਾਤ ਨੂੰ ਵੀ ਕੁਝ ਹੱਦ ਤੱਕ ਜਿੰਮੇਵਾਰ ਠਹਿਰਾਇਆ।
ਰਾਸ਼ਟਰਪਤੀ ਓਬਾਮਾ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਚੀਨ, ਭਾਰਤ, ਬਰਾਜ਼ੀਲ ਅਤੇ ਹੋਰ ਉਭਰ ਰਹੇ ਦੇਸ਼ ਹਨ ਜੋ ਆਪਣੀ ਅਰਥਵਿਵਸਥਾ ਦੀ ਪ੍ਰਗਤੀ ਦੇ ਨਾਲ ਨਾਲ ਤੇਲ ਅਤੇ ਗੈਸ ਦੀ ਵਰਤੋਂ ਪਹਿਲੇ ਨਾਲੋਂ ਜਿਆਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਤੇਲ ਮਾਰਕਿਟ ਵਿੱਚ ਅਨਿਸਿਚਤਤਾ ਦਾ ਇੱਕ ਵੱਡਾ ਕਾਰਣ ਇਹ ਵੀ ਹੈ ਕਿ ਕੁਝ ਦੇਸ਼ਾਂ ਦੀ ਅਰਥਵਿਵਸਥਾ ਦੂਸਰੇ ਦੇਸ਼ਾਂ ਦੀ ਅਰਥਵਿਵਸਥਾ ਨਾਲੋਂ ਜਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਓਬਾਮਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਣ ਆਰਥਿਕ ਵਾਧਾ ਹੈ। ਕੁਝ ਦੇਸ਼ ਤੇਲ ਦੀ ਜਿਆਦਾ ਖਪਤ ਕਰਨ ਲਗ ਪਏ ਹਨ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚਲ ਰਹੀ ਰਾਜਨੀਤਕ ਅਸਥਿਰਤਾ ਵੀ ਤੇਲ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ।