ਅਲਵਿਦਾ! ਸਿੱਖ ਵਿਦਵਾਨ ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) : ਉਜਾਗਰ ਸਿੰਘ

0740425b-35d6-4495-9ad6-48a3077e9ec4.resized ਪ੍ਰੋ.ਹਰਬੰਸ ਸਿੰਘ ਕੋਹਲੀ (ਡਾ.) ਸਿੱਖੀ ਸੋਚ ਨੂੰ ਪ੍ਰਣਾਇਆ ਹੋਇਆ ਪ੍ਰਬੁੱਧ ਵਿਦਵਾਨ ਸੀ। ਉਹ 82 ਸਾਲ ਦੀ ਉਮਰ ਵਿੱਚ 3 ਮਾਰਚ 2025 ਨੂੰ ਨੀਂਦ ਵਿੱਚ ਹੀ ਸਦਾ ਲਈ ਅਲਵਿਦਾ ਕਹਿ ਗਏ। ਸਾਇੰਸ ਦੇ ਅਧਿਆਪਕ ਹੁੰਦੇ ਹੋਏ ਵਿਦਿਆਰਥੀਆਂ ਨੂੰ ਵਿਗਿਆਨ ਦੀ ਸਿੱਖਿਆ ਦਿੰਦੇ ਸਨ ਪ੍ਰੰਤੂ ਸਿੱਖੀ ਵਿਚਾਰਧਾਰਾ ਦੇ ਪਹਿਰੇਦਾਰ ਬਣਕੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਚਰਦੇ ਰਹਿੰਦੇ ਸਨ। ਜਦੋਂ ਵੀ ਉਨ੍ਹਾਂ ਦਾ ਕੋਈ ਪੀਰੀਅਡ ਖਾਲ੍ਹੀ ਹੁੰਦਾ ਤਾਂ ਉਨ੍ਹਾਂ ਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸਿੱਖੀ ਸੋੋਚ ਬਾਰੇ ਧਰਮ  ਅਧਿਐਨ ਵਿਭਾਗ ਦੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਵੇਖਿਆ ਜਾ ਸਕਦਾ ਸੀ। ਪ੍ਰੋ.ਤਾਰਨ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਗੁਰਦੁਆਰਾ ਸਾਹਿਬ ਬਣਵਾਇਆ ਸੀ। ਗੁਰਦੁਆਰਾ ਸਾਹਿਬ ਬਣਾਉਣ ਦਾ ਸਪਨਾ ਡਾ.ਇੰਦਰਜੀਤ ਕੌਰ ਉਪ ਕੁਲਪਤੀ ਦੇ ਸਮੇਂ ਸਿਰਜਿਆ ਗਿਆ, ਜਿਹੜਾ ਡਾ.ਅਮਰੀਕ ਸਿੰਘ ਉਪ ਕੁਲਪਤੀ ਦੇ ਸਮੇਂ ਸਿਰੇ  ਚੜ੍ਹਿਆ। ਹਰਬੰਸ ਸਿੰਘ ਕੋਹਲੀ ਖਾਲਸਾ ਕਾਲਜ ਪਟਿਆਲਾ, ਸਰਕਾਰੀ ਕਾਲਜ ਬਠਿੰਡਾ ਅਤੇ ਸਰਕਾਰੀ ਕਾਲਜ ਅੰਮ੍ਰਿਤਸਰ ਵਿੱਚ ਲੈਕਚਰਾਰ ਰਹੇ। ਫਿਰ ਉਹ 1973 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆ ਗਏ। ਉਹ ਬਹੁਤ ਸਾਰੀਆਂ  ਵਿਦਿਅਕ ਸੰਸਥਾਵਾਂ ਵਿੱਚ ਕੰਮ ਕਰਦੇ ਰਹੇ, ਜਿਨ੍ਹਾਂ ਵਿੱਚ ਢੁਡਿਆਲ ਖਾਲਸਾ ਹਾਇਰ ਸੈਕੰਡਰੀ ਸਕੂਲ ਪਟਿਆਲਾ ਸ਼ਾਮਲ ਹੈ। ਉਹ ਢੁਡਿਆਲ ਖਾਲਸਾ ਹਾਇਰ ਸੈਕੰਡਰੀ ਸਕੂਲ ਦੇ ਸਕੱਤਰ ਸਨ। ਇਹ ਸਕੂਲ ਉਨ੍ਹਾਂ ਦੇ ਪਿੰਡ ਢੁਡਿਆਲ ਦੇ ਨਾਮ ‘ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਨੇ ਸਥਾਪਤ ਕੀਤਾ ਸੀ। ਪ੍ਰੋ.ਹਰਬੰਸ ਸਿੰਘ ਕੋਹਲੀ ਪੰਜਾਬੀ ਯੂਨੀਵਰਸਿਟੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਬੜੂ ਸਾਹਿਬ ਅਕੈਡਮੀ ਨਾਲ ਜੁੜ ਗਏ ਸਨ। ਉਹ ਨੌਜਵਾਨਾ ਨੂੰ ਸਿੱਖੀ ਸੋਚ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਉਂਦੇ ਰਹਿੰਦੇ ਸਨ। ਉਨ੍ਹਾਂ ਨੇ ਹਿਮਾਚਲ ਵਿੱਚ ਬੜੂ ਸਾਹਿਬ ਅਤੇ ਮਹਾਰਾਸ਼ਟਰ ਵਿੱਚ ਨਾਦੇੜ ਸਮੀ ਹਜ਼ੂਰ ਸਾਹਿਬ ਵਿਖੇ ਗੁਰਮਤਿ ਕੈਂਪ ਵੀ ਲਗਵਾਏ ਸਨ। ਪ੍ਰੋ. ਹਰਬੰਸ ਸਿੰਘ ਚੁੱਪ ਚੁਪੀਤੇ ਗ਼ਰੀਬ ਲੜਕੀਆਂ ਦੀ ਪੜ੍ਹਾਈ ਵਿੱਚ ਸਹਾਈ ਹੁੰਦੇ ਰਹਿੰਦੇ ਸਨ। ਹਰਬੰਸ ਸਿੰਘ ਨਮਰ ਸੁਭਾਅ ਦੇ ਮਾਲਕ ਘੱਟ ਬੋਲਦੇ ਪ੍ਰੰਤੂ ਆਪਣੇ ਕੰਮ ਵਿੱਚ ਮਗਨ ਰਹਿੰਦੇ ਸਨ। ਉਹ ਸ੍ਰ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਹਰਿਆਣਾ ਤੋਂ ਸਾਬਕਾ ਰਾਜ ਸਭਾ ਮੈਂਬਰ ਦੇ ਛੋਟੇ ਭਰਾ ਸਨ।

ਹਰਬੰਸ ਸਿੰਘ ਕੋਹਲੀ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਢੁਡਿਆਲ ਵਿਖੇ ਬਲਵੰਤ ਸਿੰਘ ਦੇ ਘਰ 1943 ਵਿੱਚ ਹੋਇਆ। 1947 ਵਿੱਚ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਪਟਿਆਲਾ ਆ ਕੇ ਵਸ ਗਿਆ। ਹਰਬੰਸ ਸਿੰਘ ਕੋਹਲੀ ਨੇ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਬੀ.ਐਨ.ਖਾਲਸਾ ਸਕੂਲ ਪਟਿਆਲਾ ਵਿੱਚੋਂ ਪ੍ਰਾਪਤ ਕੀਤੀ। ਫਿਰ ਦਸਵੀਂ ਢੁਡਿਆਲ ਖਾਲਸਾ ਹਾਈ ਸਕੂਲ ਤੋਂ ਪਾਸ ਕੀਤੀ। ਬੀ.ਐਸ.ਸੀ ਉਨ੍ਹਾਂ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਹਰਬੰਸ ਸਿੰਘ ਕੋਹਲੀ ਨੇ ਐਮ.ਐਸ.ਸੀ ਕੈਮਿਸਟਰੀ ਕੁਰਕਸ਼ੇਤਰਾ ਯੂਨੀਵਰਸਿਟੀ ਤੋਂ ਪਾਸ ਕੀਤੀ। 1963 ਵਿੱਚ ਉਨ੍ਹਾਂ ਸ੍ਰੀ.ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੈਮਿਸਟਰੀ ਵਿੱਚ ਪੀ.ਐਚ.ਡੀ.ਕੀਤੀ। ਉਹ ਆਪਣੇ ਪਿੱਛੇ ਪਤਨੀ ਡਾ.ਇੰਦਰਜੀਤ ਕੌਰ, ਲੜਕੀ ਗੁਨੀਤ ਕੌਰ ਕੋਹਲੀ ਜੋ ਅਮਰੀਕਾ ਵਿੱਚ ਸੈਟਲ ਹੈ ਤੇ ਲੜਕਾ ਤਾਰਿਕਦੀਪ ਸਿੰਘ ਕੋਹਲੀ ਮੋਹਾਲੀ ਵਿਖੇ ਆਈ.ਟੀ ਕੰਪਨੀ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ, ਅੰਤਮ ਅਰਦਾਸ ਅਤੇ ਕੀਰਤਨ ਐਤਵਾਰ 9 ਮਾਰਚ 2025 ਨੂੰ ਦੁਪਹਿਰ 1.30 ਤੋਂ 2.30 ਵਜੇ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲ ਰੋਡ ਪਟਿਆਲਾ ਵਿਖੇ ਹੋਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>