ਬਿੱਕੀ ਬਿਕਰਮਜੀਤ ਟੈਲੀਵਿਜ਼ਨ ਦਾ ਚਰਚਿਤ ਚਿਹਰਾ ਹੈ। ਦੂਰਦਰਸ਼ਨ ਨਾਲ ੳਨ੍ਹਾਂ ਦੀ ਗੂੜ੍ਹੀ ਲੰਮੀ ਸਾਂਝ ਹੈ। ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ ਸੰਗੀਤਕ ਪ੍ਰੋਗਰਾਮਾਂ ਨੂੰ ਸੰਵਾਰਨ ਸ਼ਿੰਗਾਰਨ ਦਾ ਮਹੱਤਵਪੂਰਨ ਕਾਰਜ ਬਿੱਕੀ ਬਿਕਰਮਜੀਤ ਦੇ ਹਿੱਸੇ ਆਉਂਦਾ ਹੈ। ਕੋਰੀਓਗ੍ਰਾਫ਼ੀ, ਅਰਥਾਤ ਨਾਚ ਨੂੰ ਗੀਤ, ਸੰਗੀਤ ਅਤੇ ਸਥਿਤੀ ਅਨੁਸਾਰ ਢਾਲਣਾ, ਜੋੜਨਾ ਅਤੇ ਵਰਤਣਾ। ਕੋਰੀਓਗ੍ਰਾਫ਼ੀ ਟੈਲੀਵਿਜ਼ਨ ਅਤੇ ਸਟੇਜ ’ਤੇ ਇਕੋ ਜਿਹੀ ਚਰਚਿਤ ਤੇ ਪ੍ਰਸਿੱਧ ਹੈ। ਫ਼ਿਲਮਾਂ ਦੇ ਗੀਤਾਂ ਨੂੰ ਕੋਰੀਓਗ੍ਰਾਫ਼ੀ ਰਾਹੀਂ ਆਕਰਸ਼ਕ ਤੇ ਯਾਦਗਾਰੀ ਬਣਾਇਆ ਜਾਂਦਾ ਹੈ। ਬਤੌਰ ਕੋਰੀਓਗ੍ਰਾਫ਼ਰ ਬਿੱਕੀ ਬਿਕਰਮਜੀਤ ਨੇ ਦੂਰਦਰਸ਼ਨ ਲਈ ਸੇਵਾ ਪ੍ਰਦਾਨ ਕਰਦਿਆਂ ਵੱਡਾ ਨਾਂ ਕਮਾਇਆ ਹੈ। ਸੈਂਕੜੇ ਸੰਗੀਤਕ ਪ੍ਰੋਗਰਾਮਾਂ ਲਈ ਉਨ੍ਹਾਂ ਨੇ ਕੋਰੀਓਗ੍ਰਾਫ਼ੀ ਕੀਤੀ ਹੈ।
ਦੂਰਦਰਸ਼ਨ ਦੇ ਬਹੁਤ ਸਾਰੇ ਨਾਟਕਾਂ, ਪ੍ਰੋਗਰਾਮਾਂ ਵਿਚ ਬਤੌਰ ਅਦਾਕਾਰ ਉਨ੍ਹਾਂ ਨੇ ਗੂੜ੍ਹੀ ਛਾਪ ਛੱਡੀ ਹੈ। ਉਹ ਕਿਰਦਾਰ ਵਿਚ ਇੰਝ ਰਚ ਮਿਚ ਜਾਂਦੇ ਹਨ ਕਿ ਬਿੱਕੀ ਬਿਕਰਮਜੀਤ ਕਿਧਰੇ ਲਾਂਭੇ ਰਹਿ ਜਾਂਦਾ ਹੈ। ਆਪਣੀ ਅਦਾਕਾਰੀ ਦੇ ਬਲ ’ਤੇ ਨਿਭਾਈ ਜਾ ਰਹੀ ਭੂਮਿਕਾ ਵਿਚ ਜਾਨ ਪਾ ਦਿੰਦੇ ਹਨ।
ਕਪੂਰਥਲਾ ਵਿਖੇ ਵਰਿਆਂ ਤੋਂ ਕਰਵਾਏ ਜਾਂਦੇ ਹਮਦਰਦ ਵਿਰਾਸਤੀ ਮੇਲੇ ਦੀ ਉਹ ਜਿੰਦਜਾਨ ਹਨ। ਉਸਦੀ ਰੂਪ-ਰੇਖਾ ਉਸਦੇ ਮਿਆਰ, ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਸੱਭ ਦੀ ਖੂਬ ਚਰਚਾ ਹੁੰਦੀ ਹੈ। ਤਿੰਨ ਦਹਾਕਿਆਂ ਤੋਂ ਜਾਰੀ ਇਸ ਮੇਲੇ ਨੇ ਪੰਜਾਬ ਦੇ ਮੇਲਿਆਂ ਵਿਚ ਆਪਣੀ ਨਿਵੇਕਲੀ ਪਹਿਚਾਣ ਸਥਾਪਿਤ ਕਰ ਲਈ ਹੈ।
ਹੁਣ ਬਿੱਕੀ ਬਿਕਰਮਜੀਤ ‘ਆਨ ਸਕਾਈ’ ਟੀ.ਵੀ. ਦੇ ਪ੍ਰੋਗਰਾਮਾਂ ’ਤੇ ਸਖ਼ਤ ਮਿਹਨਤ ਕਰ ਰਹੇ ਹਨ। ਵੱਖ ਵੱਖ ਖੇਤਰਾਂ ਨਾਲ ਸੰਬੰਧਤ ਦਰਸ਼ਕਾਂ ਵਿਚ ਇਹ ਪ੍ਰੋਗਰਾਮ ਮਕਬੂਲ ਹੋ ਰਹੇ ਹਨ। ਅੰਮ੍ਰਿਤ ਵੇਲਾ, ਬੋਲਦੇ ਅੱਖਰ, ਕੰਧ ਉਹਲੇ ਪਰਦੇਸ, ਕਲਾ ਦੇ ਸਿਰਨਾਵੇਂ, ਕਲਮਾਂ ਦਾ ਸਫ਼ਰ ਅਤੇ ਸੱਜਰੇ ਸੁਰ ਜਿਹੇ ਪ੍ਰੋਗਰਾਮ ਸੰਬੰਧਤ ਸ਼ਖ਼ਸੀਅਤਾਂ ਦੀ ਚੋਣ, ਪੇਸ਼ਕਾਰੀ ਅਤੇ ਮਿਆਰ ਕਾਰਨ ਚਰਚਾ ਵਿਚ ਹਨ। ਉਦਾਹਰਨ ਵਜੋਂ ‘ਕੰਧ ਉਹਲੇ ਪਰਦੇਸ’ ਪ੍ਰੋਗਰਾਮ ਤਹਿਤ ਜਦ ਵਿੱਕੀ ਨਾਗਰਾ ਕੋਹਾਲਾ ਨੂੰ ਦਰਸ਼ਕਾਂ ਰੂਬਰੂ ਕੀਤਾ ਗਿਆ ਤਾਂ ਡਾ. ਔਜਲਾ ਦਾ ਕਹਿਣਾ ਸੀ ‘ਪਰਵਾਸ’ ਸ਼ਬਦ ਦੇ ਅੱਖਰ ਤਾਂ ਚਾਰ ਹਨ ਪਰ ਪੈਂਡਾ ਬਹੁਤ ਲੰਮਾ ਹੈ। ਮਾਂ, ਬਾਪ ਤੇ ਘਰ ਛੱਡ ਕੇ ਪਰਦੇਸ ਜਾਣਾ ਬਹੁਤ ਔਖਾ।
ਇਸੇ ਤਰ੍ਹਾਂ ‘ਬੋਲਦੇ ਅੱਖਰ’ ਪ੍ਰੋਗਰਾਮ ਰਾਹੀਂ ਨਵੀਆਂ ਪੁਸਤਕਾਂ ਦੇ ਲੇਖਕਾਂ ਨੂੰ ਦਰਸ਼ਕਾਂ ਰੂਬਰੂ ਕੀਤਾ ਜਾਂਦਾ ਹੈ। ਲੰਮੀ ਵਿਸਥਾਰਤ ਇੰਟਰਵਿਊ ਵੇਖ ਸੁਣ ਕੇ ਦਰਸ਼ਕਾਂ ਨੂੰ ਕਿਤਾਬ ਅਤੇ ਲੇਖਕ ਬਾਰੇ ਵਾਹਵਾ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਚੰਗਾ ਤੇ ਸਾਰਥਕ ਪਹਿਲੂ ਇਹ ਹੈ ਕਿ ਇਸ ਚੈਨਲ ਦੇ ਐਂਕਰ ਬਹੁਤ ਸਾਰਾ ‘ਹੋਮ ਵਰਕ’ ਕਰਕੇ ਆਉਂਦੇ ਹਨ। ‘ਬੋਲਦੇ ਅੱਖਰ’ ਪ੍ਰੋਗਰਾਮ ਦੇ ਪੇਸ਼ਕਾਰ ਡਾ. ਭੁਪਿੰਦਰ ਕੌਰ ਪਹਿਲਾਂ ਸੰਬੰਧਤ ਪੁਸਤਕ ਪ੍ਰਾਪਤ ਕਰਦੇ ਹਨ। ਫੇਰ ਉਸਨੂੰ ਧਿਆਨ ਨਾਲ ਅੱਖਰ ਅੱਖਰ ਪੜ੍ਹਦੇ ਹਨ। ਤਦ ਜਾ ਕੇ ਲੇਖਕ ਨਾਲ ਕੀਤੀ ਜਾਣ ਵਾਲੀ ਇੰਟਰਵਿਊ ਲਈ ਦਿਨ ਅਤੇ ਸਮਾਂ ਤੈਅ ਹੁੰਦਾ ਹੈ। ਦਰਸ਼ਕ ਅਤੇ ਪਾਠਕ ਸਮਝ ਸਕਦੇ ਹਨ ਕਿ ਪੁਸਤਕ ਪੜ੍ਹ ਕੇ ਲੇਖਕ ਨਾਲ ਕੀਤੀ ਇੰਟਰਵਿਊ ਅਤੇ ਬਿਨ੍ਹਾਂ ਪੜ੍ਹੇ ਕੀਤੀ ਇੰਟਰਵਿਊ ਵਿਚ ਕੀ ਅੰਤਰ ਹੋਵੇਗਾ।
ਇਸੇ ਤਰ੍ਹਾਂ ‘ਕਲਾ ਦੇ ਸਿਰਨਾਵੇਂ’ ਅਤੇ ‘ਕਲਮਾਂ ਦਾ ਸਫ਼ਰ’ ਪ੍ਰੋਗਰਾਮਾਂ ਦੀ ਤਿਆਰੀ ਵੇਲੇ ਐਂਕਰ ਸੰਬੰਧਤ ਸ਼ਖ਼ਸੀਅਤ ਬਾਰੇ ਬਹੁਤ ਸਾਰੀ ਜਾਣਕਾਰੀ ਇਕੱਤਰ ਕਰਕੇ ਸੈੱਟ ’ਤੇ ਪਹੁੰਚਦੇ ਹਨ। ਸਾਹਿਤਕਾਰ ਅਤੇ ਕਲਾਕਾਰ ਨਾਲ ਫੋਨ ’ਤੇ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਸਦੀ ਰਚਨਾ ਅਤੇ ਕਲਾ ਨੂੰ ਪੜ੍ਹਿਆ, ਸਮਝਿਆ ਜਾਂਦਾ ਹੈ। ਇੰਟਰਵਿਊ ਤੋਂ ਐਨ ਪਹਿਲਾਂ ਬੈਠ ਕੇ ਖੁਲ੍ਹੀ ਗੱਲਬਾਤ ਕੀਤੀ ਜਾਂਦੀ ਹੈ। ਇੰਝ ਕਰਨ ਨਾਲ ਜਿੱਥੇ ਇੰਟਰਵਿਊ ਸਹੀ ਦਿਸ਼ਾ ਵਿਚ ਅੱਗੇ ਵੱਧਦੀ ਹੈ ਉਥੇ ਐਂਕਰ ਅਤੇ ਮਹਿਮਾਨ ਦੋਵੇਂ ਸਹਿਜ ਤੇ ਸੁਖਾਲਾ ਮਹਿਸੂਸ ਕਰਦੇ ਹਨ।
1980 ਤੋਂ ਬਤੌਰ ਕੋਰੀਓਗ੍ਰਾਫ਼ਰ ਅਤੇ ਨਾਟਕ ਅਦਾਕਾਰ ਦੂਰਦਰਸ਼ਨ ਨਾਲ ਜੁੜੇ ਬਿੱਕੀ ਬਿਕਰਮਜੀਤ ਨਾ ਅੱਕਣ ਵਾਲੇ, ਨਾ ਥੱਕਣ ਵਾਲੇ ਪ੍ਰਤਿਭਾਸ਼ਾਲੀ ਟੈਲੀਵਿਜ਼ਨ ਚਿਹਰੇ ਹਨ। ਉਨ੍ਹਾਂ ਵੱਲੋਂ ਬਤੌਰ ਕੋਰੀਓਗ੍ਰਾਫ਼ਰ ਅਤੇ ਬਤੌਰ ਕਲਾਕਾਰ ਕੀਤੇ ਕੰਮ ਨੂੰ ਕਿਸੇ ਸੂਚੀ ਵਿਚ ਸਮੇਟਣਾ ਸੌਖਾ ਨਹੀਂ ਹੈ। ਡਾ. ਪਰਮਜੀਤ ਕੌਰ ਹੁਰਾਂ ਦਾ ਸਹਿਯੋਗ, ਸਮਰਥਨ ਤੇ ਭੂਮਿਕਾ ਸਰਾਹੁਣਯੋਗ ਹੈ।