ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ ਹੋਇਆ ਡਾ. ਸ. ਸ. ਜੌਹਲ, ਡਾ. ਸਰਬਜੀਤ ਸਿੰਘ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਸੰਪੰਨ ਹੋਇਆ। ਜਿਸ ਵਿਚ ਸਾਲ 2024-2025 ਦੀਆਂ ਗਤੀਵਿਧੀਆਂ ਦੀ ਰਿਪੋਰਟ, 2025-2026 ਦਾ ਬਜਟ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਵਿਸਥਾਰ ਸਹਿਤ ਪੇਸ਼ ਕੀਤਾ। ਜਿਸ ਬਾਰੇ ਪ੍ਰੋਧ ਬਲਦੇਵ ਸਿੰਘ ਬੱਲੀ, ਸੁਰਿੰਦਰ ਰਾਮਪੁਰੀ, ਤਰਸੇਮ ਬਰਨਾਲਾ, ਭਗਵੰਤ ਰਸੂਲਪੁਰੀ, ਭਵਨਜੋਤ ਕੌਰ, ਨਵਤੇਜ ਗੜ੍ਹੀਦੀਵਾਲਾ, ਪ੍ਰੋ. ਸੋਮਪਾਲ ਹੀਰਾ, ਡਾ. ਸੁਖਦੇਵ ਸਿੰਘ, ਸੁਰਿੰਦਰ ਕੈਲੇ, ਮਨਦੀਪ ਕੌਰ ਭੰਮਰਾ, ਡਾ. ਹਰਵਿੰਦਰ ਸਿੰਘ ਸਿਰਸਾ, ਮਲਕੀਅਤ ਸਿੰਘ ਔਲਖ, ਜਨਮੇਜਾ ਜੌਹਲ, ਪ੍ਰੋ. ਸੁਰਜੀਤ ਜੱਜ, ਡਾ. ਅਰਵਿੰਦਰ ਕੌਰ ਕਾਕੜਾ ਆਦਿ ਹੋਈ ਚਰਚਾ ਵਿਚ ਖੁੱਲ ਕੇ ਭਾਗ ਲਿਆ। ਚਰਚਾ ਉਪਰੰਤ ਸਰਬਸੰਮਤੀ ਨਾਲ ਹਾਊਸ ਵਲੋਂ ਪਾਸ ਕੀਤਾ ਗਿਆ। ਜਨਰਲ ਇਜਲਾਸ ਵਲੋਂ 130 ਨਵੇਂ ਜੀਵਨ ਮੈਂਬਰ ਪ੍ਰਵਾਨ ਕੀਤੇ ਗਏ। ਸੰਵਿਧਾਨਕ ਸੋਧਾਂ ਜੋ ਪ੍ਰਬੰਧਕੀ ਬੋਰਡ ਵਲੋਂ ਪਾਸ ਸਨ, ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ।
ਚੱਲ ਰਹੇ ਜਨਰਲ ਇਜਲਾਸ ਮੌਕੇ ਖ਼ਬਰ ਮਿਲੀ ਕਿ ਅਕਾਡਮੀ ਦੇ ਆਨਰੇਰੀ ਮੈਂਬਰ ਅਤੇ ਪ੍ਰਸਿੱਧ ਕਹਾਣੀਕਾਰ ਸ੍ਰੀ ਪ੍ਰੇਮ ਪ੍ਰਕਾਸ਼ (ਖੰਨਵੀਂ) ਦਾ ਦੇਹਾਂਤ ਹੋ ਗਿਆ ਹੈ। ਹਾਊਸ ਵਲੋਂ ਦੋ ਮਿੰਟ ਦਾ ਮੋਨ ਰੱਖ ਕੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਸਮੁੱਚਾ ਜਨਰਲ ਇਜਲਾਸ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ -
ਮੁੱਖ ਮੰਤਰੀ ਪੰਜਾਬ ਨੂੰ ਪਹਿਲਾਂ ਵੀ ਪੱਤਰ ਲਿਖ ਚੁੱਕੇ ਹਾਂ ਅਤੇ ਅੱਜ ਫਿਰ ਪੁਰਜ਼ੋਰ ਮੰਗ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਉੱਪਰ ਚੱਲ ਰਹੀਆਂ ਨਿੱਜੀ ਯੂਨੀਵਰਸਿਟੀਆਂ ਵਿਚ ਪੰਜਾਬੀ ਨੂੰ ਸਰਕਾਰੀ ਯੂਨੀਵਰਸਿਟੀਆਂ ਦੇ ਪੱਧਰ ਉੱਪਰ ਲਾਗੂ ਕੀਤਾ ਜਾਵੇ।
ਪੰਜਾਬ ਦੀਆਂ ਅਦਾਲਤਾਂ ਅਤੇ ਪੰਜਾਬ ਦੀ ਧਰਤੀ ’ਤੇ ਕੋਈ ਵੀ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।
ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦਿੱਤਾ ਜਾਵੇ।
ਪੰਜਾਬੀ ਸਾਹਿਤ ਅਕਾਡਮੀ ਦਾ ਜਨਰਲ ਇਜਲਾਸ ਮੰਗ ਕਰਦਾ ਹੈ ਕਿ ਅੱਜ ਦੁਨੀਆਂ ਭਰ ਵਿਚ ਮਸ਼ੀਨੀ ਬੁੱਧੀਮਾਨਤਾ ਦੇ ਮਹੱਤਵ ਨੂੰ ਦੇਖਦਿਆਂ ਇਸ ਦੀ ਸੁਯੋਗ ਵਰਤੋਂ ਲਈ ਪੰਜਾਬ ਸਰਕਾਰ ਵੱਡੇ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਵਿਚਲੀਆਂ ਸਮੁੱਚੀਆਂ ਪੁਸਤਕਾਂ ਨੂੰ ਡਿਜ਼ੀਟਲਾਈਜ਼ ਕਰਵਾ ਕੇ ਯੂਨੀਕੋਡ ਫ਼ੌਂਟ ਵਿਚ ਡਾਟਾ ਬੇਸ ਤਿਆਰ ਕਰਵਾਵੇ।
ਪੰਜਾਬ ਸਰਕਾਰ ਦੇ ਪੰਜਾਬ ਨੂੰ ਪੁਲਿਸ ਤੰਤਰ ਸਟੇਟ ਬਣਾਉਣ ਦੇ ਮਨਸੂਬੇ ਦੀ ਆਲੋਚਨਾ ਕਰਦਿਆਂ ਜਨਰਲ ਇਜਲਾਸ ਵਿਚ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ, ਅਧਿਆਪਕਾਂ ਤੇ ਹੋਰ ਵਰਗਾਂ ’ਤੇ ਆਪਣੇ ਹੱਕ ਮੰਗਣ ’ਤੇ ਬੇਰਹਿਮੀ ਨਾਲ ਕੀਤਾ ਜਾ ਰਿਹਾ ਲਾਠੀਚਾਰਜ ਅਤਿ ਘਾਤਕ ਵਰਤਾਰਾ ਹੈ ਜਿਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਦਰਪੇਸ਼ ਆਉਂਦਾ ਹੈ। ਅਜਿਹੇ ਵਰਤਾਰੇ ਪ੍ਰਤੀ ਪੰਜਾਬ ਸਰਕਾਰ ਧਿਆਨ ਦੇਵੇ ਅਤੇ ਪੰਜਾਬ ਵਿਚ ਸੁਖਾਵਾਂ ਮਾਹੌਲ ਕਾਇਮ ਕਰੇ।
ਜਨਰਲ ਇਜਲਾਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਪਾਲ ਮਾਨਖੇੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਡਾ. ਸੰਤੋਖ ਸਿੰਘ ਸੁੱਖੀ, ਨਰਿੰਦਰਪਾਲ ਕੌਰ ਸਮੇਤ ਪੰਜਾਬ ਭਰ ਤੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੈਂਬਰ ਲੇਖਕ ਸ਼ਾਮਲ ਹੋਏ।