ਲੁਧਿਆਣਾ: – ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸ:ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਸਾਲਾਨਾ ਬਜਟ ਵਿੱਚੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਸਾਂਈ ਮੀਆਂਮੀਰ ਭਵਨ ਉਸਾਰਨ ਲਈ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਅਜ਼ਾਦੀ ਮਗਰੋਂ ਪਹਿਲੀ ਵਾਰ ਪੰਜਾਬ ਸਰਕਾਰ ਨੇ ਇਸ 56 ਸਾਲ ਪੁਰਾਣੀ ਸੰਸਥਾ ਨੂੰ ਖੁੱਲੇ ਦਿਲ ਨਾਲ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਜਿਸ ਲਈ ਪੰਜਾਬ ਦੀ ਵਿੱਤ ਮੰਤਰੀ ਸਰਦਾਰਨੀ ਡਾ: ਉਪਿੰਦਰਜੀਤ ਕੌਰ, ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਸਾਡੇ ਧੰਨਵਾਦ ਦੇ ਹੱਕਦਾਰ ਹਨ। ਅਕੈਡਮੀ ਦੇ ਪ੍ਰਧਾਨ ਸ: ਗਿੱਲ ਨੇ ਪੰਜਾਬ ਆਰਟਸ ਕੌਂਸਲ ਦੇ ਕੰਟਰੋਲ ਹੇਠ ਕਰਮਸ਼ੀਲ ਤਿੰਨ ਅਕੈਡਮੀਆਂ ਨੂੰ ਵੀ ਪੱਕੀ ਗਰਾਂਟ ਦੇਣ ਦਾ ਸੁਆਗਤ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਹੁਣ ਸਾਡੇ ਕੋਲ ਵਸੀਲੇ ਹੋਣਗੇ ਜਿਸ ਨਾਲ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਨਿਸਚਿੰਤ ਅਗਲੇਰੇ ਕਾਰਜ ਕੀਤੇ ਜਾ ਸਕਣਗੇ।
ਲੁਧਿਆਣਾ ਵਸਦੇ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਡਾ:ਗੁਰਇਕਬਾਲ ਸਿੰਘ, ਪ੍ਰੋਫੈਸਰ ਰਵਿੰਦਰ ਭੱਠਲ, ਤਰਲੋਚਨ ਲੋਚੀ, ਜਸਵੰਤ ਜਫ਼ਰ, ਅਮਰਜੀਤ ਸਿੰਘ ਗਰੇਵਾਲ, ਮਨਜਿੰਦਰ ਧਨੋਆ, ਬੀਬੀ ਗੁਰਚਰਨ ਕੌਰ ਕੋਚਰ ਨੇ ਵੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ ਦਿੱਤੀ ਸਹਾਇਤਾ ਲਈ ਧੰਨਵਾਦ ਕੀਤਾ ਹੈ।