ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਰਲ ਮਿਲ ਕੇ ਹੰਭਲੇ ਮਾਰਨ ਦੀ ਲੋੜ ਹੈ। ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਲੋਕਾਂ ਤੋਂ ਬਿਨਾਂ ਰਾਜਨੀਤੀ, ਸਾਹਿਤ, ਸੱਭਿਆਚਾਰ ਆਦਿ ਹਰ ਖੇਤਰ ਨਾਵ ਜੁੜੇ ਲੋਕਾਂ ਨੂੰ ਮਿਲ-ਜੁਲ ਕੇ ਖੇਡਾਂ ਲਈ ਉਦਮ ਕਰਨ ਦੀ ਲੋੜ ਹੈ। ਸ੍ਰੀ ਢੀਂਡਸਾ ਇਥੇ ਪੀ.ਏ.ਯੂ. ਵਿਖੇ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦੀ ਸਮਾਪਤੀ ਮੌਕੇ ਇਨਾਮ ਵੰਡਣ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਸ੍ਰੀ ਢੀਂਡਸਾ ਨੇ ਕਿਹਾ ਕਿ ਖੇਡ ਵਿਭਾਗ ਪੰਜਾਬ ਨੂੰ ਸਮੁੱਚੀਆਂ ਖੇਡ ਐਸੋਸੀਏਸ਼ਨਾਂ ਨਾਲ ਤਾਲਮੇਲ ਕਰ ਕੇ ਖੇਡਾਂ ਦੀ ਤਰੱਕੀ ਲਈ ਕੰਮ ਕਰਨੇ ਚਾਹੀਦੀ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਖੇਡਾਂ ਦਾ ਮੰਤਰਾਲਾ ਸਾਂਭ ਰਹੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੇਡਾਂ ਲਈ ਬਹੁਤ ਉਦਮ ਕਰ ਰਹੇ ਹਨ। ਹਾਕੀ ਅਤੇ ਕਬੱਡੀ ਦੇ ਵੱਡੇ ਕੱਪ ਕਰਵਾਉਣ ਤੋਂ ਇਲਾਵਾ ਪਹਿਲੀਆਂ ਸ਼ਹੀਦ ਭਗਤ ਸਿੰਘ ਪੰਜਾਬ ਖੇਡਾਂ ਕਰਵਾ ਕੇ ਵੱਡਾ ਉਪਰਾਲਾ ਕੀਤਾ। ਉਨ੍ਹਾਂ ਕਿਹਾਂ ਕਿ ਪੰਜਾਬ ਸਰਕਾਰ ਆਪਣੇ ਖਿਡਾਰੀਆਂ ਨੂੰ ਵੱਡੀ ਇਨਾਮ ਰਾਸ਼ੀ ਵੀ ਦੇ ਰਹੀ ਹੈ। ਰਾਜ ਸਭਾ ਮੈਂਬਰ ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਅਤੇ ਸਮੁੱਚੇ ਦੇਸ਼ ਵਿੱਚ ਖੇਡਾਂ ਦਾ ਪੱਧਰ ਪਿਛਲੇ ਸਮੇਂ ਵਿੱਚ ਕਾਫੀ ਹੇਠਾਂ ਆਇਆ ਹੈ। ਉਨ੍ਹਾਂ ਕਿਹਾ ਕਿ ਸਪਰੋਟਸ ਕੌਂਸਲ ਲੁਧਿਆਣਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਤੇ ਅਜਿਹੇ ਉਪਰਾਲੇ ਖੇਡਾਂ ਨੂੰ ਬਹੁਤ ਅਗਾਂਹ ਲੈ ਕੇ ਜਾਣਗੇ। ਉਨ੍ਹਾਂ ਕੌਂਸਲ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।