ਐਰੀਜ਼ੋਨਾ- ਅਮਰੀਕਾ ਦੀ ਇਕ ਅਦਾਲਤ ਨੇ ਇਕ 12 ਸਾਲਾ ਲੜਕੇ ਨੂੰ ਆਪਣੀ ਹੀ ਮਾਂ ਦੇ ਕਤਲ ਕਰਨ ਦਾ ਦੋਸ਼ੀ ਦਸਿਆ ਹੈ। ਦਸਿਆ ਜਾ ਰਿਹਾ ਹੈ ਕਿ ਘਰੇਲੂ ਕੰਮਕਾਰ ਕਰਕੇ ਝਗੜੇ ਕਰਕੇ ਇਸ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰਕੇ ਹਤਿਆ ਕਰ ਦਿੱਤੀ ਸੀ। ਐਰੀਜ਼ੋਨਾ ਦੀ ਅਦਾਲਤ ਵਿਚ ਸਰਕਾਰੀ ਵਕੀਲ ਨੇ ਇਹ ਸਾਬਤ ਕੀਤਾ ਕਿ ਇਸ ਲੜਕੇ ਨੇ ਆਪਣੀ ਮਾਂ ਦਾ ਕਤਲ ਇਰਾਦਤਨ ਕੀਤਾ ਹੈ।
ਇਸ ਲੜਕੇ ਨੇ ਆਪਣੀ ਮਾਂ, ਸਾਰਾ ਮੈਡ੍ਰਿਡ ਦਾ ਪਿਛਲੇ ਸਾਲ ਅੱਠ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਲੜਕੇ ਦੀ ਪਛਾਣ ਗੁਪਤ ਰੱਖੀ ਗਈ ਸੀ ਕਿਉਂਕਿ ਘਟ ਉਮਰ ਕਰਕੇ ਇਸ ਲੜਕੇ ਨੂੰ ਬਾਲ ਅਪਰਾਧੀ ਵਜੋਂ ਰੱਖਿਆ ਗਿਆ ਸੀ। ਇਸ ਪੂਰੇ ਕਾਂਡ ਦੀ ਸੁਣਵਾਈ ਦੱਖਣੀ ਐਰੀਜ਼ੋਨਾ ਸ਼ਹਿਰ ਦੀ ਇਕ ਅਦਾਲਤ ਵਿਚ ਕੀਤੀ ਗਈ। ਉਸਨੂੰ 23 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਦਸਿਆ ਜਾ ਰਿਹਾ ਹੈ ਕਿ ਮਾਂ ਅਤੇ ਬੇਟੇ ਵਿਚਕਾਰ ਘਰੇਲੂ ਕੰਮਕਾਰ ਸਬੰਧੀ ਬਹਿਸ ਜਦ ਵਧੇਰੇ ਗਰਮ ਹੋ ਗਈ ਤਾਂ ਲੜਕੇ ਨੇ ਅਲਮਾਰੀ ਵਿਚ ਰੱਖੀ ਪਿਸਤੌਲ ਕੱਢੀ ਅਤੇ ਇਕ ਤੋਂ ਬਾਅਦ ਇਕ ਅੱਠ ਗੋਲੀਆਂ ਆਪਣੀ ਮਾਂ ‘ਤੇ ਚਲਾ ਦਿੱਤੀਆਂ। ਸਾਰਾ ਮੈਡ੍ਰਿਡ ਦੇ ਮਰਦ ਦੋਸਤ (ਬੁਆਇ ਫਰੈਂਡ) ਅਲਫ਼ੋਂਜ਼ੋ ਨੇ ਇਹ ਸਭ ਹੁੰਦੇ ਹੋਏ ਵੇਖਿਆ ਸੀ। ਉਸਨੇ ਦਸਿਆ ਕਿ ਲੜਕੇ ਨੇ ਗੋਲੀ ਮਾਰਨ ਤੋਂ ਬਾਅਦ ਖਾਲੀ ਪਿਸਤੌਲ ਉਸਦੇ ਹਵਾਲੇ ਕਰ ਦਿੱਤੀ। ਇਸ ਲੜਕੇ ਦੀ ਪਰਵਰਿਸ਼ ਵਿਚ ਮਦਦ ਕਰਨ ਵਾਲੇ ਅਲਫ਼ੌਂਜ਼ੋ ਨੇ ਕਿਹਾ ਕਿ ਉਸੇ ਨੇ ਇਸ ਕਿਸ਼ੋਰ ਨੂੰ ਮੁਸੀਬਤ ਸਮੇਂ ਹਾਲਾਤ ਨਾਲ ਨਜਿੱਠਣ ਲਈ ਪਿਸਤੌਲ ਚਲਾਉਣੀ ਸਿਖਾਈ ਸੀ। ਉਧਰ ਲੜਕੇ ਦੇ ਵਕੀਲ ਦਾ ਕਹਿਣਾ ਹੈ ਕਿ ਉਸਦਾ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ, ਉਹ ਸਿਰਫ਼ ਆਪਣੀ ਮਾਂ ਦੀਆਂ ਗਾਲ੍ਹਾਂ ਦਾ ਜਵਾਬ ਦੇਣਾ ਚਾਹੁੰਦਾ ਸੀ।
ਲੜਕੇ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸਦੀ ਮਾਂ ਉਸ ‘ਤੇ ਚੀਕੀ ਅਤੇ ਥਪੜ ਮਾਰਿਆ। ਸਰਕਾਰੀ ਵਕੀਲ ਨੇ ਇਸ ਲੜਕੇ ‘ਤੇ ਇਕ ਬਾਲਗ਼ ਵਾਂਗ ਮੁਕਦਮਾ ਚਲਾਉਣ ਲਈ ਅਪੀਲ ਕੀਤੀ, ਪਰ ਜੱਜ ਨੇ ਮਨੋਵਿਗਿਆਨੀ ਦੀ ਰਿਪੋਰਟ ਆਉਣ ਤੋਂ ਬਾਅਦ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਬਾਲ ਅਦਾਲਤ ਦੇ ਅਧੀਨ ਹੀ ਕੀਤੀ ਜਾਵੇ। ਮਨੋ-ਚਕਿਤਸਕ ਨੇ ਵੇਖਿਆ ਕਿ ਲੜਕੇ ‘ਤੇ ਉਸਦੀ ਮਾਂ ਦੀਆ ਗਾਲ੍ਹਾਂ ਦਾ ਸ਼ਾਬਦਿਕ ਅਤੇ ਸਰੀਰਕ ਦੋਵੇਂ ਤਰ੍ਹਾਂ ਨਾਲ ਬੁਰਾ ਅਸਰ ਪਿਆ ਹੈ ਅਤੇ ਬਾਲ ਅਪਰਾਧ ਨਿਆਂ ਪ੍ਰਣਾਲੀ ਦੇ ਤਹਿਤ ਉਸਨੂੰ ਸੁਧਾਰਿਆ ਜਾ ਸਕਦਾ ਹੈ। ਜਿ਼ਕਰਯੋਗ ਹੈ ਕਿ ਐਰੀਜ਼ੋਨਾ ਕਾਨੂੰਨ ਦੇ ਮੁਤਾਬਕ ਇਕ ਨੌਜਵਾਨ ਨੂੰ ਸਿਰਫ਼ 18 ਸਾਲ ਦੀ ਉਮਰ ਤੱਕ ਹੀ ਬਾਲ ਗ੍ਰਹਿ ਵਿਚ ਰੱਖਿਆ ਜਾ ਸਕਦਾ ਹੈ।
12 ਸਾਲਾ ਬੇਟਾ ਮਾਂ ਦੀ ਜਾਨ ਲਈ ਦੋਸ਼ੀ
This entry was posted in ਅੰਤਰਰਾਸ਼ਟਰੀ.