ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਕਿਸਾਨ ਮੇਲੇ ਵਿੱਚ ਨੇਪਾਲ ਤੋਂ ਆਏ ਕਿਸਾਨਾਂ ਦੇ ਪ੍ਰਤੀਨਿਧ ਵਿਗਿਆਨੀ ਡਾ: ਅਸ਼ੋਕ ਮੁਰਾਰਕਾ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਰੁਦਰਾਕਸ਼ ਦੇ ਪੰਜ ਬੂਟੇ ਭੇਂਟ ਕੀਤੇ। ਡਾ: ਮੁਰਾਰਕਾ ਨੇ ਡਾ: ਕੰਗ ਨੂੰ ਰੁਦਰਾਕਸ਼ ਦੀ ਇਕ ਮਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਦਾਅਵਤ ਦਿੱਤੀ ਕਿ ਉਹ ਨੇਪਾਲ ਦੀ ਖੇਤੀਬਾੜੀ ਨੂੰ ਅਗਵਾਈ ਦੇਣ ਲਈ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਇਕ ਵਫਦ ਭੇਜਣ ਤਾਂ ਜੋ ਗੁਆਂਢੀ ਦੇਸ਼ ਨੇਪਾਲ ਵੀ ਪੰਜਾਬੀ ਕਿਸਾਨਾਂ ਤੋਂ ਵਿਕਾਸ ਦਾ ਸਬਕ ਹਾਸਿਲ ਕਰ ਸਕੇ।
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਦੀ ਮੁਬਾਰਕਬਾਦ ਵੀ ਦਿੱਤੀ। ਡਾ: ਮੁਰਾਰਕਾ ਦੇ ਨਾਲ ਨੇਪਾਲ ਤੋਂ 300 ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਵੀ ਦੋ ਰੋਜ਼ਾ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਈਆਂ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਡਾ: ਅਸ਼ੋਕ ਮੁਰਾਰਕਾ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ।