ਨਵੀਂ ਦਿੱਲੀ – ਵਿਕੀਲੀਕਸ ਦੁਆਰਾ ਸੰਸਦਾਂ ਦੇ ਖ੍ਰੀਦੇ ਜਾਣ ਸਬੰਧੀ ਕੀਤੇ ਗਏ ਖੁਲਾਸੇ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੀ ਖਰੀਦੋ ਫਰੋਖਤ ਨਹੀਂ ਹੋਈ। ਵਿਰੋਧੀ ਧਿਰ ਵਲੋਂ ਲਗਾਏ ਗਏ ਅਰੋਪਾਂ ਤੋਂ ਨਰਾਜ਼ ਵਿਖਾਈ ਦੇ ਰਹੇ ਪ੍ਰਧਾਨਮੰਤਰੀ ਨੇ ਲੋਕ ਸਭਾ ਵਿੱਚ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਵਾਰ ਵਾਰ ਉਨ੍ਹਾਂ ਮੁੱਦਿਆਂ ਨੂੰ ਉਠਾਇਆ ਜਾ ਰਿਹਾ ਹੈ ਜਿਨ੍ਹਾਂ ਤੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ।
ਡਾ: ਮਨਮੋਹਨ ਸਿੰਘ ਨੇ ਕਿਹਾ ਕਿ 2008 ਵਿੱਚ ਵਿਸ਼ਵਾਸ਼ ਮੱਤ ਹਾਸਿਲ ਕਰਨ ਸਬੰਧੀ ਜਾਂਚ ਪਹਿਲਾ ਹੀ ਸੰਸਦੀ ਕਮੇਟੀ ਕਰ ਚੁੱਕੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਉਸ ਸਮੇਂ ਕੋਈ ਗੈਰ ਕਨੂੰਨੀ ਵੋਟਿੰਗ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਵਿਕੀਲੀਕਸ ਦੇ ਕੇਬਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਸਰਕਾਰ ਵਿਕੀਲੀਕਸ ਦੁਆਰਾ ਲਗਾਏ ਗਏ ਅਰੋਪਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰਦੀ ਹੈ। ਕਾਂਗਰਸ ਪਾਰਟੀ ਦਾ ਇੱਕ ਵੀ ਮੈਂਬਰ ਗੈਰ ਕਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੈ। ਇਸ ਤੋਂ ਬਾਅਦ ਲੋਕ ਸੱਭਾ ਵਿੱਚ ਜਮ ਕੇ ਹੰਗਾਮਾ ਹੋਇਆ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਸ਼ੋਰ ਸ਼ਰਾਬੇ ਨਾਲ ਹੀ ਸੁਰੂ ਹੋਈ। ਰੌਲੇ ਰੱਪੇ ਕਾਰਣ ਸਦਨ ਦੀ ਕਾਰਵਾਈ ਪਹਿਲਾਂ 12ਵਜੇ ਅਤੇ ਫਿਰ ਦੁਪਹਿਰ ਦੇ ਦੋ ਵਜੇ ਸਥਗਿਤ ਕਰਨੀ ਪਈ।
ਵਿਕੀਲੀਕਸ ਨੇ ਇਹ ਖੁਲਾਸਾ ਕੀਤਾ ਹੈ ਕਿ ਯੂਪੀਏ ਸਰਕਾਰ ਨੇ 2008 ਵਿੱਚ ਵਿਸ਼ਵਾਸ਼ ਮੱਤ ਹਾਸਿਲ ਕਰਨ ਲਈ ਆਰ ਐਲਡੀ ਦੇ ਚਾਰ ਸੰਸਦ ਮੈਂਬਰਾਂ ਨੂੰ 10-10 ਕਰੋੜ ਰੁਪੈ ਦਿੱਤੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸੀ ਨੇਤਾ ਸਤੀਸ਼ ਸ਼ਰਮਾ ਦੇ ਸਾਥੀ ਨਚਕੇਤਾ ਕਪੂਰ ਰਾਹੀਂ ਸੰਸਦਾਂ ਦੀ ਸੌਦੇਬਾਜ਼ੀ ਕੀਤੀ ਗਈ। ਸਤੀਸ਼ ਸ਼ਰਮਾ ਅਤੇ ਨਚਕੇਤਾ ਕਪੂਰ ਨੇ ਅਜਿਹੀ ਕਿਸੇ ਵੀ ਡੀਲ ਤੋਂ ਇਨਕਾਰ ਕੀਤਾ ਹੈ।