ਤਿਰਪੋਲੀ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਥੋੜੇ ਹੈਰਾਨ ਤਾਂ ਜਰੂਰ ਹੋਏ ਹੋਣਗੇ, ਜਦੋਂ ਉਨ੍ਹਾਂ ਨੂੰ ਲੀਬੀਆ ਦੇ ਰਾਸ਼ਟਰਪਤੀ ਕਰਨਲ ਗਦਾਫ਼ੀ ਦੀ ਪਿਆਰ ਭਰੀ ਚਿੱਠੀ ਮਿਲੀ ਹੋਵੇਗੀ। ਗਦਾਫ਼ੀ ਨੇ ਲੀਬੀਆ ਵਿੱਚ ਵਿਦਰੋਹੀਆਂ ਉਪਰ ਹੋ ਰਹੇ ਹਮਲਿਆਂ ਨੂੰ ਜਾਇਜ ਠਹਿਰਾਇਆ ਹੈ ਅਤੇ ਆਪਣੀ ਇਸ ਚਿੱਠੀ ਵਿੱਚ “ ਸਾਡਾ ਬੇਟਾ, ਬਰਾਕ ਹੁਸੈਨ ਓਬਾਮਾ” ਦੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਹੈ।
ਕਰਨਲ ਗਦਾਫ਼ੀ ਨੇ ਓਬਾਮਾ ਨੂੰ ਲਿਖਿਆ ਹੈ ਕਿ ਅਲਕਾਇਦਾ ਇੱਕ ਹੱਥਿਆਰਬੰਦ ਅੱਤਵਾਦੀ ਸੰਗਠਨ ਹੈ, ਜੋ ਕਿ ਅਫ਼ਰੀਕੀ ਦੇਸ਼ਾਂ ਤੋਂ ਹੁੰਦਾ ਹੋਇਆ ਵੱਧ ਰਿਹਾ ਹੈ। ਤੁਸੀਂ ਉਸ ਸਮੇਂ ਕੀ ਕਰੋਗੇ ਜਦੋਂ ਤੁਹਾਨੂੰ ਇਹ ਪਤਾ ਲਗੇ ਕਿ ਉਹ ਅਮਰੀਕੀ ਸ਼ਹਿਰਾਂ ਤੇ ਕਬਜ਼ਾ ਕਰ ਰਿਹਾ ਹੈ ?
ਗਦਾਫ਼ੀ ਨੇ ਓਬਾਮਾ ਨੂੰ ਲਿਖਿਆ ਹੈ, “ਮੈਂ ਪਹਿਲਾਂ ਵੀ ਕਹਿ ਚੁਕਾ ਹਾਂ ਕਿ ਜੇ ਲੀਬੀਆ ਅਤੇ ਅਮਰੀਕਾ ਦੇ ਵਿਚਕਾਰ ਯੁਧ ਹੁੰਦਾ ਹੈ ਤਾਂ ਤਦ ਵੀ ਤੂੰ ਸਾਡਾ ਪੁੱਤਰ ਹੀ ਰਹੇਗਾ। ਤੇਰੀ ਜਗ੍ਹਾ ਬਦਲੇਗੀ ਨਹੀਂ।
ਬ੍ਰਿਟੇਨ ਅਤੇ ਫਰਾਂਸ ਦੇ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਨੂੰ ਵੀ ਗਦਾਫੀ਼ ਨੇ ਪੱਤਰ ਲਿਖੇ ਹਨ। ਲੀਬੀਆ ਬਾਰੇ ਉਠਾਏ ਜਾ ਰਹੇ ਕਦਮਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਖਿਲਾਫ਼ ਦਸਦੇ ਹੋਏ ਗਦਾਫ਼ੀ ਨੇ ਕਿਹਾ ਹੈ ਕਿ ਲੀਬੀਆ ਤੇ ਹਮਲਾ ਕਰਨ ਵਾਲਿਆਂ ਨੂੰ ਮਾੜੇ ਨਤੀਝੇ ਭੁਗਤਣੇ ਪੈ ਸਕਦੇ ਹਨ। ਗਦਾਫ਼ੀ ਨੇ ਲਿਖਿਆ ਹੈ,’ਲੀਬੀਆ ਤੁਹਾਡਾ ਨਹੀਂ ਹੈ, ਉਹ ਇਥੋਂ ਦੇ ਲੋਕਾਂ ਦਾ ਹੈ’। ਲੀਬੀਆ ਸਰਕਾਰ ਵਲੋਂ ਇਨ੍ਹਾਂ ਪੱਤਰਾਂ ਨੂੰ ਸਰਵਜਨਿਕ ਕੀਤਾ ਗਿਆ ਹੈ।