ਪਾਲਮਪੁਰ – ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਲ ਐਤਵਾਰ ਨੁੰ ਇਥੋਂ 11 ਕਿਲੋਮੀਟਰ ਦੂਰ ਕਲਾਕਾਰਾਂ ਦੀ ਧਰਤੀ ਅੰਦਰੇਟਾ ਵਿਖੇ ਨਵ-ਸਥਾਪਤ ਸ. ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਣ ਕੀਤਾ।
ਇਥੋਂ ਜਾਰੀ ਇਕ ਬਿਆਨ ਵਿਚ ਚਿੱਤਰਕਾਰ ਸ.ਸੋਭਾ ਸਿੰਘ ਦੇ ਦੋਹਤਰੇ ਡਾ. ਹਿਰਦੇਪਾਲ ਸਿੰਘ ਨੇ ਦਸਿਆ ਕਿ ਮੁਖ ਮੰਤਰੀ ਨੇ ਸ.ਸੋਭਾ ਸਿੰਘ ਆਰਟ ਗੈਲਰੀ ਤੇ ਸਟੁਡਿਓ ਵੀ ਬੜੀ ਦਿਲਚਸਪੀ ਨਾਲ ਦੇਖਿਆ ਅਤੇ ਇਸ ਪਰਿਵਾਰ ਨੂੰ ਇਨ੍ਹਾਂ ਕਲਾਤਮਿਕ ਸ਼ਾਹਕਾਰਾਂ ਦੀ ਸੇਵਾ ਸੰਭਾਲ ਲਈ ਹਿਮਾਚਲ ਸਰਕਾਰ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਤਾ।ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨਾਲ ਗਲਬਾਤ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਇਥੇ ਆਉਣਾ ਉਨ੍ਹਾਂ ਲਈ ਬੜੇ ਮਾਣ ਵਾਲੀ ਗਲ ਹੈ, ਇਸ ਮਹਾਨ ਚਿਤਰਕਾਰ ਨੇ ਹਿਮਾਚਲ ਦਾ ਨਾਂਅ ਕਲਾ ਜਗਤ ਵਿਚ ਰੌਸ਼ਨ ਕੀਤਾ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਦੀ ਇਸ ਮੰਗ ਪਰਵਾਨ ਕਰਨ ਲਈ ਭਰੋਸਾ ਦਿਤਾ ਕਿ ਪਿਡ ਵਿਚ ਸ.ਸੋਭਾ ਸਿੰਘ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਕੇ ਹਾਇਰ ਸੈਕੰਡਰੀ ਸਕੂਲ ਬਣਾ ਦਿਤਾ ਜਾਏ। ਮੁਖ ਮੰਤਰੀ ਨਾਲ ਉਨ੍ਹਾਂ ਦੇ ਮੰਤਾਰੀ ਮੰਡਲ ਦੇ ਸਾਥੀ ਸ੍ਰੀ ਰਵਿੰਦਰ ਸਿੰਘ ਰਵੀ,ਸ੍ਰੀ ਕ੍ਰਿਸ਼ਨ ਕਪੂਰ, ਸ੍ਰੀ ਰਮੇਸ਼ ਧਵਾਲੀਆ, ਸ੍ਰੀਮਤੀ ਸਰਵੀਨ ਚੌਧਰੀ, ਵਿਧਾਇਕ ਕੈਪਟਨ ਆਤਮਾ ਰਾਮ, ਪਰਵੀਨ ਸਰਮਾ ਤੇ ਵਿਪਨ ਪਰਮਾਰ ਅਤੇ ਜ਼ਿਲਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸ੍ਰੀ ਆਰ.ਐਸ. ਗੁਪਤਾ ਤੇ ਹੋਰ ਅਨੇਕ ਅਫਸਰ ਸ਼ਾਮਿਲ ਸਨ।ਇਸ ਤੋਂ ਪਹਿਲਾਂ ਆਰਟ ਗੈਲਰੀ ਪਹੁੰਚਣ ‘ਤੇ ਚਿੱਤਰਕਾਰ ਦੀ ਸਪੁਤਰੀ ਬੀਬੀ ਗੁਰਚਰਨ ਕੌਰ, ਦੋਹਤਰੇ ਡਾ. ਹਿਰਦੇਪਾਲ ਸਿੰਘ ਤੇ ਬਾਕੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾ ਦਾ ਭਰਵਾਂ ਸਵਾਗਿਤ ਕੀਤਾ।
ਇਸ ਅਜਾਇਬ ਘਰ ਜੋ ਮੌਜੂਦਾ ਆਰਟ ਗੈਲਰੀ ਦੀ ਉਪਰਲੀ ਮੰਜ਼ਲ ਉਤੇ ਹੈ, ਵਿਚ ਚਿੱਤਰਕਾਰ ਦੇ ਜੀਵਨ ਨਾਲ ਸਬੰਧਤ ਲਗਭਗ 100 ਤਸਵੀਰਾਂ, ਬਹੁਤ ਪੁਰਾਣੇ ਚਿੱਤਰਾਂ ਦੀਆਂ ਫੋਟੋਆਂ, ਚਿੱਤਰਕਾਰ ਦੀ ਨਿਜੀ ਲਾਇਬਰੇਰੀ ਦੀਆਂ ਲਗਭਗ ਦੋ ਸੌ ਪੁਸਤਕਾਂ, ਚਿੱਤਰਕਾਰ ਵਲੋਂ ਤਰਾਸ਼ੇ ਗਏ ਛੇ ਬੁੱਤ ਜਿਸ ਵਿਚ ਉਨ੍ਹਾਂ ਦਾ ਆਪਣਾ ਬੁੱਤ ਵੀ ਸ਼ਾਮਿਲ ਹੈ, ਚਿੱਤਰਕਾਰ ਵਲੋਂ ਵਰਤਿਆ ਜਾਂਦਾਂ ਫਰਨੀਚਰ ਬੈਡ-ਸ਼ੀਟ, ਜੁੱਤੀਆਂ ਦੇ ਜੋੜੇ, ਸੈਰ ਕਰਨ ਵਾਲੀ ਸਟਿੱਕ (ਖੂੰਡੀ), ਐਨਕਾਂ, ਰਾਸ਼ਟਰਪਤੀ ਭਵਨ ਲਈ ਤਿਆਰ ਕੀਤੇ ਜਾਣ ਵਾਲੇ ਗਿਆਨੀ ਜ਼ੈਲ ਸਿੰਘ ਦੇ ਅਧੂਰੇ ਚਿੱਤਰ ਦੀ ਫੋਟੋ ਸਮੇਤ ਕਈ ਅਧੂਰੇ ਚਿੱਤਰ ਰਖੇ ਗਏ ਹਨ। ਇਸ ਤੋਂ ਬਿਨਾ ਰੇਡੀਓ, ਟੇਪ ਰੀਕਾਰਡਰ, ਗਰਾਮੋਫੋਨ ਅਤੇ ਬਿਸਮਿੱਲਾ ਖਾਨ ਦੇ ਐਲ.ਪੀ. ਰਿਕਾਰਡ ਸਮੇਤ ਕਈ ਪੁਰਾਨੇ ਰਿਕਾਰਡ ਰਖੇ ਗਏ ਹਨ।