ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵਲੋਂ ਸਾਉਣੀ ਦੀਆਂ ਫਸਲਾਂ ਬਾਰੇ ਕਿਸਾਨਾਂ ਵਿੱਚ ਚੇਤਨਾ ਫੈਲਾਉਣ ਲਈ ਕਿਸਾਨ ਮੇਲੇ ਦਾ ਆਯੋਜਨ ਗੁਰਦਾਸਪੁਰ ਵਿਖੇ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ. ਸੁੱਚਾ ਸਿੰਘ ਲੰਗਾਹ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ । ਸ੍ਰ ਲੰਗਾਹ ਨੇ ਕਿਸਾਨਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਹਾੜਾ ਇਸ ਖੇਤਰ ਲਈ ਇੱਕ ਇਤਹਾਸਿਕ ਦਿਹਾੜਾ ਹੈ। ਗੁਰਦਾਸਪੁਰ ਅਤੇ ਨਾਲ ਲੱਗਦਿਆਂ ਜਿਲ੍ਹਿਆ ਦੀ ਖੇਤੀ ਨੂੰ ਚੰਗੀ ਸੇਧ ਦੇਣ ਲਈ ਇਥੇ ਖੇਤੀਬਾੜੀ ਕਾਲਜ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਇਲਾਕੇ ਦੇ ਲੋਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀ ਇਸ ਪਹਿਲ ਕਦਮੀ ਨੂੰ ਨਹੀਂ ਭੁਲਾਉਣਗੇ । ਉਹਨਾਂ ਕਿਹਾ ਕਿ ਨੋਜਵਾਨਾਂ ਨੂੰ ਨੌਕਰੀਆਂ ਪਿੱਛੇ ਨਹੀਂ ਭੱਜਣਾ ਚਾਹੀਦਾ ਸਗੋਂ ਆਮਦਨ ਦੇ ਵਸੀਲੇ ਹੋਰ ਲੋਕਾਂ ਨੂੰ ਪ੍ਰਦਾਨ ਕਰਨੇ ਚਾਹੀਦੇ ਹਨ। ਸ੍ਰ. ਲੰਗਾਹ ਨੇ ਕਿਹਾ ਕਿ ਅੱਜ ਦੇ ਸਮੇਂ ਵੀ ਖੇਤੀ ਦਾ ਕਿੱਤਾ ਇੱਕ ਸਵਰਨ ਕਿੱਤਾ ਹੈ ਅਤੇ ਇਸ ਲਈ ਸਾਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਵਲੋਂ ਵਿਕਸਤ ਤਕਨਾਲੋਜੀ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਹਨਾਂ ਅਗਾਂਹਵਧੂ ਕਿਸਾਨਾਂ ਅਤੇ ਸਧਾਰਨ ਗਿਆਨ ਵਾਲੇ ਕਿਸਾਨਾਂ ਦੀ ਖੇਤੀ ਵਿ¤ਚ ਫਰਕ ਦਾ ਕਾਰਨ, ਸਿਰਫ ਅਗਾਂਹਵਧੂ ਕਿਸਾਨਾਂ ਦੀ ਤਕਨਾਲੋਜੀ ਨਾਲ ਨੇੜਤਾ ਨੂੰ ਹੀ ਦੱਸਿਆ। ਸ੍ਰ. ਲੰਗਾਹ ਨੇ ਕਿਹਾ ਕਿ ਜਿਹੜੀਆਂ ਕੌਮਾਂ ਗਿਆਨ ਵਿਗਿਆਨ ਦੇ ਨਾਲ ਸਾਂਝ ਪਾਉਂਦੀਆਂ ਹਨ ਉਹੀ ਕੌਮਾਂ ਸ਼ਕਤੀਆਂ ਬਣ ਕੇ ਉਭਰਦੀਆਂ ਹਨ ਇਸ ਲਈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰਨ ਲਈ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਗਿਆਨ ਵਿਗਿਆਨ ਦੇ ਮੰਦਰਾਂ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਲੇਟ ਬਿਜਾਈ ਨਾਲ ਝਾੜ ਵਿੱਚ ਪਿਛਲੇ ਕੁਝ ਸਮਿਆਂ ਦੌਰਾਨ ਫਰਕ ਨਹੀਂ ਦੇਖਿਆ ਗਿਆ ਸਗੋਂ ਇਸ ਨਾਲ ਪਾਣੀ ਦਾ ਪੱਧਰ ਡਿੱਗਣ ਤੋਂ ਬਚਿਆ ਹੈ। ਕੁਦਰਤੀ ਸੋਮਿਆਂ ਨੂੰ ਸੁਰਖਿਅਤ ਰੱਖਣ ਲਈ ਪੰਜਾਬ ਸਰਕਾਰ ਵਲੋਂ ਕਈ ਸਕੀਮਾਂ ਅਧੀਨ ਸਬਸਿਡੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਿੰਡਾਂ ਦੇ ਦਸਵੀਂ ਪਾਸ ਬੱਚਿਆਂ ਨੂੰ ਖੇਤੀਬਾੜੀ ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਲਈ ਬਿਨਾਂ ਪ੍ਰਵੇਸ਼ ਪ੍ਰੀਖਿਆ ਤੋਂ ਮੈਰਿਟ ਦੇ ਅਧਾਰ ਤੇ ਦਾਖਲਾ ਦੇਣ ਲਈ ਯੂਨੀਵਰਸਿਟੀ ਵੱਲੋਂ ਲੁਧਿਆਣਾ ਵਿਖੇ ਛੇ ਸਾਲਾ ਡਿਗਰੀ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ ਤਾਂ ਜੋ ਸੁਝਵਾਨ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵੀ ਬਰਾਬਰ ਦਾ ਮੌਕਾ ਮਿਲ ਸਕੇ।
ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਿਸਾਨ ਮੇਲੇ ਵਿੱਚ ਦੋ ਵੱਡੇ ਕਾਰਜ ਸਿੱਧ ਹੋਏ ਹਨ, ਪਹਿਲਾ ਇਹ ਕਿ ਪੀ.ਏ.ਯੂ. ਸਮੁੱਚੇ ਦੇਸ਼ ਵਿਚ ਪਹਿਲੇ ਨੰਬਰ ਦੀ ਖੇਤੀ ਯੂਨੀਵਰਸਿਟੀ ਐਲਾਨੀ ਗਈ ਹੈ, ਦੂਜਾ ਇਹ ਕਿ ਇਥੇ ਅੱਜ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਦੋਹਾਂ ਗੱਲਾਂ ਦੀ ਉਹਨਾਂ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਹਰ ਸਾਲ ਤਕਰੀਬਨ 37 ਮਿਲੀਅਨ ਟਨ ਪੈਦਾ ਹੁੰਦੀ ਹੈ, ਜਿਸ ਦਾ ਜ਼ਿਆਦਾ ਹਿੱਸਾ ਸਾੜ ਦਿੱਤਾ ਜਾਂਦਾ ਹੈ ਜੋ ਕਿ ਕਈ ਤਰ੍ਹਾਂ ਦੀਆਂ ਵਾਤਾਵਰਣ ਸਮੱਸਿਆਵਾਂ ਪੈਦਾ ਕਰਦਾ ਹੈ। ਖੇਤੀਬਾੜੀ ਯੂਨੀਵਰਸਿਟੀ ਵਲੋਂ ਕੁਦਰਤੀ ਸੋਮਿਆਂ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਤਕਨਾਲੋਜੀ ਵਿਕਸਤ ਕੀਤੀ ਜਾ ਰਹੀ ਹੈ । ਡਾ: ਕੰਗ ਨੇ ਆਖਿਆ ਕਿ ਆਉਂਦੇ 10 ਸਾਲਾਂ ਤੀਕ ਭਾਰਤ ਨੂੰ 276 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ ਜਿਸ ਕਰਕੇ ਸਾਨੂੰ ਅੱਜ ਹੀ ਵਧੇਰੇ ਬਾਰੀਕੀ ਵਾਲੀ ਖੇਤੀ ਦੇ ਰਾਹ ਤੁਰਨਾ ਪਵੇਗਾ ਜਿਸ ਨਾਲ ਸਾਡੇ ਖੇਤੀ ਸਾਧਨ ਵੀ ਘੱਟ ਖਰਚ ਹੋਣਗੇ , ਉਤਾਪਦਨ ਅਤੇ ਪੌਸ਼ਟਿਕਤਾ ਵੀ ਸੁਧਰੇਗੀ ਅਤੇ ਇਸ ਨਾਲ ਕਿਸਾਨ ਦੀ ਕਮਾਈ ਵੀ ਵਧੇਗੀ । ਡਾ: ਕੰਗ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਛਾਪੇ ਗਏ ਫਸਲ ਕੈਲੰਡਰ ਤੋਂ ਇਲਾਵਾ ਸਾਉਣੀ ਦੀਆਂ ਫਸਲਾਂ ਬਾਰੇ ਸਿਫਾਰਸ਼ਾਂ ਅਤੇ ਹੋਰ ਨਵ-ਪ੍ਰਕਾਸ਼ਤ ਪੁਸਤਕਾਂ ਰਿਲੀਜ਼ ਕੀਤੀਆਂ। ਡਾ: ਕੰਗ ਨੇ ਕਿਹਾ ਕਿ ਕਿਸਾਨ ਮੇਲਿਆਂ ਦਾ ਨਾਂ ਗਿਆਨ ਮੇਲੇ ਹੋਣਾ ਚਾਹੀਦਾ ਹੈ ਕਿਉਂਕਿ ਇਥੋਂ ਹਾਸਿਲ ਹੁੰਦੇ ਗਿਆਨ ਨੇ ਹੀ ਹਮੇਸ਼ਾਂ ਕਿਸਾਨ ਭਰਾਵਾਂ ਦੀ ਤਕਦੀਰ ਪਲਟੀ ਹੈ। ਉਨ੍ਹਾਂ ਆਖਿਆ ਕਿ ਸੂਚਨਾ, ਗਿਆਨ, ਬੀਜ ਅਤੇ ਸਿਹਤਮੰਦ ਪੌਦੇ ਵੰਡਣ ਵਾਲੇ ਇਸ ਮੇਲੇ ਵਿੱਚ ਕਿਸਾਨਾਂ ਦੇ ਨਾਲ ਨਾਲ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਹੋਰ ਵਧਾਈ ਜਾਵੇਗੀ। ਉਨ੍ਹਾਂ ਵਿਕਾਸ ਅਦਾਰਿਆਂ ਨੂੰ ਇਸ ਮੇਲੇ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਪ੍ਰਰੇਨਾ ਦਿੱਤੀ।
ਆਪਣੇ ਸੁਆਗਤੀ ਭਾਸ਼ਣ ਵਿੱਚ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿ¤ਲ ਨੇ ਆਖਿਆ ਕਿ ਯੂਨੀਵਰਸਿਟੀ ਵਲੋਂ ਹੁੰਦੇ ਇਹ ਕਿਸਾਨ ਮੇਲੇ ਵਿਗਿਆਨੀਆਂ ਅਤੇ ਕਿਸਾਨਾਂ ਦੇ ਆਪਸੀ ਵਿਚਾਰ ਵਟਾਂਦਰੇ ਲਈ ਸੁਭ ਮੌਕਾ ਹੁੰਦੇ ਹਨ ਅਤੇ ਇਸ ਵਿੱਚੋਂ ਹੀ ਵਿਕਾਸ ਦੀਆਂ ਸੰਭਾਵਨਾਵਾਂ ਬਣਦੀਆਂ ਹਨ। ਉਨ੍ਹਾਂ ਆਖਿਆ ਕਿ ਗੁਰਦਾਸਪੁਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਵੀ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਆਖਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਬੀਜ ਦੀ ਵਿਕਰੀ, ਮਿੱਟੀ ਅਤੇ ਪਾਣੀ ਦੀ ਪਰਖ, ਬੀਮਾਰੀਆਂ ਅਤੇ ਕੀੜਿਆਂ ਦਾ ਇਲਾਜ ਪ੍ਰਬੰਧ ਇੱਕ ਛੱਤ ਹੇਠਾਂ ਦੱਸਿਆ ਜਾਵੇਗਾ। ਡਾ: ਗਿੱਲ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਖੇਤੀ ਨਵੀਨਤਾ ਅਪਣਾਉ ਸਭਨਾਂ ਲਈ ਖੁਸਹਾਲੀ ਲਿਆਓ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਅਤੇ ਖੋਜ ਕੇਦਰਾਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨਵੀਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਵੀਰ ਸਿੰਘ ਗੋਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਦੀ ਜਰੂਰਤ, ਮੁੱਢਲੀਆਂ ਲਾਗਤਾਂ ਅਤੇ ਚੌਗਿਰਦੇ ਨੂੰ ਧਿਆਨ ਵਿੱਚ ਰੱਖ ਕੇ ਹੀ ਤਕਨਾਲੋਜੀ ਵਿਕਸਤ ਕੀਤੀ ਜਾਂਦੀ ਹੈ ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਦੀ ਹੋਂਦ ਤੋਂ ਬਾਅਦ 600 ਤੋਂ ਵੱਧ ਵੱਖ ਵੱਖ ਜਿਨਸਾਂ ਕਿਸਾਨਾਂ ਲਈ ਜਾਰੀ ਕੀਤੀਆਂ ਹਨ ਜਿਨਾਂ ਨੂੰ ਸਿਰਫ ਪੰਜਾਬ ਹੀ ਨਹੀਂ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵੀ ਸਵੀਕਾਰਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਬਜ਼ੀਆਂ ਤੇ ਫਲਾਂ ਰਾਹੀਂ ਖੇਤੀਬਾੜੀ ਵਿੱਚ ਵੰਨ ਸੁਵੰਨਤਾ ਲਿਆਉਣ ਲਈ ਗੁਰਦਾਸਪੁਰ ਪੂਰੇ ਸੂਬੇ ਦੀ ਅਗਵਾਈ ਕਰ ਸਕਦਾ ਹੈ। ਜਿਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਖਾਦਾਂ ਦੀ ਸੰਕੋਚਵੀਂ ਵਰਤੋਂ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਦੋ ਤਿਹਾਈ ਆਬਾਦੀ ਖੇਤੀ ਤੇ ਕੰਮ ਵਿੱਚ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਨਵੇਂ ਗਿਆਨ ਦੇ ਸਹਾਰੇ ਨਾਲ ਹੀ ਇਸ ਕੰਮ ਵਿੱਚ ਕਮਾਊ ਬਣਾਇਆ ਜਾ ਸਕੇਗਾ। ਕਿਸਾਨਾਂ ਦੇ ਇੱਕਠ ਨੂੰ ਕੀਟ ਵਿਗਿਆਨ ਮਾਹਿਰ ਡਾ: ਜਗਦੇਵ ਸਿੰਘ ਕੋਲਾਰ, ਫਸਲ ਵਿਗਿਆਨ ਮਾਹਿਰ ਡਾ: ਸੁਰਜੀਤ ਸਿੰਘ, ਬਨਸਪਤੀ ਰੋਗ ਵਿਗਿਆਨੀ ਡਾ: ਚੰਦਨ ਮੋਹਨ, ਭੂਮੀ ਵਿਗਿਆਨੀ, ਡਾ: ਵਰਿੰਦਰਪਾਲ ਸਿੰਘ ਬਾਗਬਾਨੀ ਬਾਰੇ ਡਾ: ਗੁਰਬਖਸ ਸਿੰਘ ਕਾਹਲੋਂ ਫਸਲਾਂ ਬਾਰੇ ਡਾ: ਜਸਬੀਰ ਸਿੰਘ ਚਾਵਲਾ ਸਬਜ਼ੀਆਂ ਬਾਰੇ ਮਾਹਿਰ ਡਾ: ਤਰਸੇਮ ਸਿੰਘ ਢਿਲੋਂ, ਰਜਿੰਦਰ ਕੁਮਾਰ ਢੱਲ ਨੇ ਵੀ ਸੰਬੋਧਨ ਕੀਤਾ । ਗੁਰਦਾਸਪੁਰ ਖੇਤਰੀ ਕੇਦਰ ਦੇ ਨਿਰਦੇਸਕ ਡਾ: ਪਰਮਜੀਤ ਸਿੰਘ ਬੱਗਾ ਨੇ ਮੁੱਖ ਮਹਿਮਾਨ ਡਾ: ਮਨਜੀਤ ਸਿੰਘ ਕੰਗ ਅਤੇ ਹੋਰ ਮਹਿਮਾਨਾਂ ਦਾ ਕਿਸਾਨ ਮੇਲੇ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਖੇਤੀ ਉਦਯੋਗਿਕ ਪ੍ਰਦਰਸ਼ਨੀ ਵਿੱਚ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਮੌਕੇ ਮੰਚ ਦਾ ਸੰਚਾਲਨ ਡਾ: ਕੰਵਲ ਮਹਿੰਦਰਾ ਨੇ ਕੀਤਾ। ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਲੋਕ ਨਾਚ ਨੂੰ ਸਭਨਾਂ ਵਲੋਂ ਸਲਾਹਿਆ ਗਿਆ।