ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਪਹਿਲਾਂ ਇਥੇ ਸਥਾਪਤ ਖੇਤੀਬਾੜੀ ਕਾਲਜ ਦੇ 1951 ਤੋਂ 1955 ਤੀਕ ਪੜ੍ਹੇ ਪੁਰਾਣੇ ਵਿਦਿਆਰਥੀਆਂ ਦੀ ਇਕੱਤਰਤਾ ਅੱਜ ਯੂਨੀਵਰਸਿਟੀ ਵਿਖੇ ਹੋਈ ਜਿਸ ਵਿੱਚ ਪੁਰਾਣੇ ਪੂਰ ਦੇ ਵਿਦਿਆਰਥੀਆਂ ਵਿੱਚੋਂ ਡਾ: ਬੇਅੰਤ ਸਿੰਘ ਆਹਲੂਵਾਲੀਆ, ਡਾ: ਦਲਬੀਰ ਸਿੰਘ ਦੇਵ, ਡਾ: ਅਰਜਨ ਸਿੰਘ, ਡਾ: ਟਹਿਲ ਸਿੰਘ ਸਿੱਧੂ ਤੋਂ ਇਲਾਵਾ ਕਈ ਹੋਰ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ। ਇਨ੍ਹਾਂ ਸਭ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟੋਟੇ ਕਰਨ ਬਾਰੇ ਆਪਣੀਆਂ ਭਾਵਨਾਵਾਂ ਪੇਸ਼ ਕਰਦਿਆਂ ਕਿਹਾ ਕਿ ਇਸ ਨੂੰ ਹੋਰ ਨਾ ਤਬਾਹ ਨਾ ਕੀਤਾ ਜਾਵੇ ਕਿਉਂਕਿ ਇਸ ਮਹਾਨ ਸੰਸਥਾ ਦੀ ਮਹੱਤਤਾ ਭਵਿੱਖ ਵਿੱਚ ਹੋਰ ਵੀ ਵਧਣੀ ਹੈ। ਡਾ: ਆਹਲੂਵਾਲੀਆ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਇਸ ਯੂਨੀਵਰਸਿਟੀ ਦੀਆਂ ਖੋਜਾਂ ਸਦਕਾ ਹੀ ਹਰਾ ਇਨਕਲਾਬ ਸਿਰਫ ਪੰਜਾਬ ਵਿੱਚ ਹੀ ਨਹੀਂ ਆਇਆ ਸਗੋਂ ਸਾਰਾ ਦੇਸ਼ ਇਸ ਤੋਂ ਲਾਭ ਉਠਾ ਰਿਹਾ ਹੈ। ਉਨ੍ਹਾਂ ਆਖਿਆ ਕਿਸਾਨਾਂ ਦੀ ਮਿਹਨਤ ਅਤੇ ਵਿਸਵਾਸ਼ ਨੂੰ ਅਗਵਾਈ ਦੇਣ ਦੀ ਸਮਰੱਥਾ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਹੈ।
ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ: ਦਲਬੀਰ ਸਿੰਘ ਦੇਵ ਨੇ ਆਖਿਆ ਕਿ ਸਾਂਝੀ ਯੂਨੀਵਰਸਿਟੀ ਵੇਲੇ ਪੰਜਾਬ ਵਿੱਚ ਮੁਰਗੀ ਪਾਲਣ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਇਨਕਲਾਬੀ ਵਿਕਾਸ ਹੋਇਆ ਸੀ ਅਤੇ ਅੱਜ ਹੋਰ ਨਵੇਂ ਖੇਤਰਾਂ ਬਾਇਓ ਟੈਕਨਾਲੋਜੀ, ਪੋਸਟ ਹਾਰਵੈਸਟ ਟੈਕਨਾਲੋਜੀ ਅਤੇ ਬਾਰੀਕੀ ਦੀ ਖੇਤੀ ਵਰਗੇ ਵਿਸ਼ੇ ਪਾਠਕ੍ਰਮ ਦਾ ਹਿੱਸਾ ਬਣਨ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਸਾਡਾ ਦ੍ਰਿਸ਼ਟੀਕੇਂਦਰ ਸਿਰਫ ਭਵਿੱਖ ਦੀਆਂ ਸਮੱਸਿਆਵਾਂ ਹਨ। ਡਾ: ਅਰਜਨ ਸਿੰਘ ਸਾਬਕਾ ਅਪਰ ਨਿਰਦੇਸ਼ਕ ਖੇਤੀਬਾੜੀ ਹਰਿਆਣਾ ਅਤੇ ਡਾ: ਟਹਿਲ ਸਿੰਘ ਸਿੱਧੂ ਨੇ ਪੇਂਡੂ ਨੌਜਵਾਨਾਂ ਨੁੰ ਗਿਆਨ ਵਿਗਿਆਨ ਦੇ ਲੜ ਲਾਉਣ ਦੀ ਵਕਾਲਤ ਕੀਤੀ। ਇਨ੍ਹਾਂ ਸਾਰੇ ਪੁਰਾਣੇ ਵਿਦਿਆਰਥੀਆਂ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਦੇ ਗੋਲਡਨ ਜੁਬਲੀ ਸਮਾਗਮਾਂ ਦੀ ਤਿਆਰੀ ਵਿੱਚ ਹਿੱਸਾ ਪਾਉਣ ਕਿਉਂਕਿ ਸਾਲ 2012 ਬਹੁਤ ਨੇੜੇ ਆ ਗਿਆ ਹੈ। ਇਸ ਮੀਟਿੰਗ ਵਿੱਚ ਡਾ: ਬਿੱਕਰ ਸਿੰਘ ਸੰਧੂ ਸੀਨੀਅਰ ਭੂਮੀ ਵਿਗਿਆਨੀ, ਡਾ: ਗਿਆਨ ਸਿੰਘ ਢੇਸੀ, ਡਾ: ਹਰੀ ਕੁਮਾਰ, ਰਘਬੀਰ ਸਿੰਘ ਮਾਂਗਟ, ਡਾ: ਤੀਰਥ ਸਿੰਘ ਅਤੇ ਕਈ ਹੋਰ ਪ੍ਰਮੁਖ ਵਿਅਕਤੀ ਹਾਜ਼ਰ ਸਨ।