ਲੁਧਿਆਣਾ: – ਪੀ ਏ ਯੂ ਵਿਖੇ ਕੇਂਦਰੀ ਭੂਮੀ ਵਿਗਿਆਨ, ਨਵੀਂ ਦਿੱਲੀ ਅਤੇ ਖੇਤੀਬਾੜੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜ ਰੋਜ਼ਾ ਇਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਸਿਖਲਾਈ ਦੇਣ ਸੰਬੰਧੀ ਅਧਿਕਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਸਿਖਲਾਈ ਪ੍ਰਦਾਨ ਕਰਨ ਦੇ ਗੁਰ ਸਿਖਾਉਣਾ ਸੀ। ਇਹ ਕੋਰਸ ਭਾਰਤ ਸਰਕਾਰ ਦੇ ਮਨੁੱਖੀ ਵਸੀਲੇ ਅਤੇ ਸਿਖਲਾਈ ਵਿਭਾਗ ਅਤੇ ਇੰਗਲੈਂਡ ਦੀ ਥੇਮਜ ਵੈਲੀ ਯੂਨੀਵਰਸਿਟੀ ਵੱਲੋਂ ਸਪਾਂਸਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਸਾਇੰਸਦਾਨ ਡਾ: ਲਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਮਨੁੱਖੀ ਵਸੀਲੇ ਅਤੇ ਸਿਖਲਾਈ ਵਿਭਾਗ ਦੇ ਸਾਇੰਸਦਾਨ ਡਾ: ਇੰਦਰਜੀਤ ਮਿੱਤਲ, ਮੁੱਖ ਕੋਆਰਡੀਨੇਟਰ ਸਨ ਜਦ ਕਿ ਚੰਡੀਗੜ੍ਹ ਤੋਂ ਪ੍ਰੋਫੈਸਰ ਡਾ: ਕੁਲਬੀਰ ਸਿੰਘ ਅਤੇ ਡਾ: ਏ ਕੇ ਰਾਜਦਾਨ ਸਹਿਯੋਗ ਕੋਆਰਡੀਨੇਟਰ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੌਰਾਨ ਵਿਗਿਆਨਕ ਤਰੀਕੇ ਨਾਲ ਸਿਖਲਾਈ ਪ੍ਰਦਾਨ ਕਰਨ, ਸਿਖਲਾਈ ਦੇਣ ਵਾਲੇ ਮਾਹਿਰ ਦੀ ਭੂਮਿਕਾ, ਸਿਖਲਾਈ ਦੀ ਵਿਉਂਤਬੰਦੀ ਅਤੇ ਵੱਖ-ਵੱਖ ਤਰੀਕਿਆਂ ਨਾਲ ਸਿਖਲਾਈ ਦੇਣ ਸੰਬੰਧੀ ਬੜੀ ਵਡਮੁੱਲੀ ਜਾਣਕਾਰੀ ਸਿਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ। ਇਸ ਕੋਰਸ ਦੇ ਸਮਾਪਤੀ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ: ਕੰਗ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਕੋਰਸ ਸਾਇੰਸਦਾਨਾਂ ਦੀ ਨਿਯੁਕਤੀ ਦੇ ਸਮੇਂ ਆਯੋਜਿਤ ਕਰਨ ਦੇ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਇਨਸਾਨ ਸਾਰੀ ਉਮਰ ਸਿਖਿਆਰਥੀ ਹੀ ਰਹਿੰਦਾ ਹੈ, ਇਸ ਲਈ ਸਿਖਲਾਈ ਅਤੇ ਅਧਿਆਪਨ ਨਾਲ ਸਬੰਧਿਤ ਪੁਰਾਣੇ ਸਾਇੰਸਦਾਨਾਂ ਨੂੰ ਵੀ ਇਸ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਜੋ ਬਾਰੀਕੀ ਦੇ ਨੁਸਖੇ ਡਾ: ਮਿੱਤਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਗਏ ਉਨ੍ਹਾਂ ਦਾ ਖੋਜ ਦੇ ਖੇਤਰ ਵਿੱਚ ਵੀ ਬਹੁਤ ਮਹੱਤਵ ਹੈ। ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਇਸ ਕੋਰਸ ਦੇ ਆਯੋਜਕਾਂ ਅਤੇ ਸਫਲਤਾ ਪੂਰਵਕ ਸਿਖਲਾਈ ਹਾਸਿਲ ਕਰ ਚੁੱਕੇ ਵੱਖ-ਵੱਖ ਵਿਭਾਗਾਂ ਦੇ ਸਾਇੰਸਦਾਨਾਂ ਨੂੰ ਮੁਬਾਰਕਬਾਦ ਦਿੱਤੀ। ਖੇਤੀਬਾੜੀ ਮੌਸਮ ਵਿਭਾਗ ਦੇ ਕਾਰਜਕਾਰੀ ਮੁਖੀ ਪ੍ਰੋਫੈਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਵਿੱਚ ਪੰਜਾਬ ਸੂਬੇ ਤੋਂ ਇਲਾਵਾ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 25 ਤੋਂ ਵੱਧ ਸਾਇੰਸਦਾਨਾਂ ਨੇ ਭਾਗ ਲਿਆ।