ਦੁਬਈ- ਸ਼ਾਰਜਾਹ ਵਿੱਚ ਇੱਕ ਪਾਕਿਸਤਾਨੀ ਦੀ ਹੱਤਿਆ ਦੇ ਮਾਮਲੇ ਵਿੱਚ ਜਿਨ੍ਹਾਂ 8 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਹੈ। ਹੁਣ ਉਹ ਸਿਰਫ਼ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਹੀ ਕਟਣਗੇ।
ਦੁਬਈ ਦੇ ਇੱਕ ਬਿਜਨੈਸਮੈਨ ਐਸਪੀ ਸਿੰਘ ਓਬਰਾਏ ਨੇ ਪੀੜਤ ਪਰੀਵਾਰ ਨੂੰ ਰਕਮ ਦਿੱਤੀ, ਜਿਸਦੇ ਬਦਲੇ ਵਿੱਚ ਸ਼ਾਰਜਾਹ ਦੀ ਅਦਾਲਤ ਵਲੋਂ ਇਨ੍ਹਾਂ ਪੰਜਾਬੀ ਨਾਗਰਿਕਾਂ ਨੂੰ ਰਾਹਤ ਦਿੱਤੀ ਗਈ। 11 ਜੁਲਾਈ 2009 ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਇਨ੍ਹਾਂ ਨੂੰ ਇੱਕ ਹੱਤਿਆ ਦੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਦੋ ਨਾਗਰਿਕਾਂ ਦੀ ਸਜ਼ਾ ਵੀ ਮਾਫ਼ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਸਿਰਫ਼ ਤਿੰਨ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਉਹ ਪਹਿਲਾਂ ਹੀ 21 ਮਹੀਨੇ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ। 6 ਮਹੀਨੇ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ, ਫਿਰ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਨਾਗਰਿਕ ਮੁਮਤਾਜ ਯੂਸਫ਼ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਨਾਗਰਿਕਾਂ ਸੁਖਪਾਲ ਸਿੰਘ, ਹਰਦੇਵ ਸਿੰਘ, ਕੁਲਦੀਪ ਸਿੰਘ, ਸਚਿਨ ਕੁਮਾਰ ਸ਼ਰਮਾ, ਚਰਨਜੀਤ, ਰਕੇਸ਼ ਕੁਮਾਰ, ਅਮਰਜੀਤ ਸਿੰਘ ਅਤੇ ਰਵਿੰਦਰਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਸਾਲ ਫਰਵਰੀ ਮਹੀਨੇ ਵਿੱਚ ਪੀੜਤ ਪਰੀਵਾਰ ਨੂੰ ਓਬਰਾਏ ਵਲੋਂ ਰਕਮ ਅਦਾ ਕੀਤੀ ਗਈ ਜਿਸ ਕਰਕੇ ਇਨ੍ਹਾਂ ਦੀ ਰਿਹਾਈ ਮੁਮਕਿਨ ਹੋ ਸਕੀ।