ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਫਾਜਿਲਕਾ ਨੇੜੇ ਪਿੰਡ ਕਰਨੀਖੇੜਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀ ਵਿਕਾਸ ਬੈਂਕ ਅਤੇ ਦੱਖਣੀ ਏਸ਼ੀਆ ਵਿੱਚ ਅਨਾਜ ਪ੍ਰਬੰਧ ਬਾਰੇ ਸੰਸਥਾ ਵੱਲੋਂ ਨੱਥੂ ਰਾਮ ਜਵਾਲਾ ਬਾਈ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਬੇਹੱਦ ਜ਼ਰੂਰੀ ਹੈ ਅਤੇ ਇਸ ਕੰਮ ਲਈ ਕੁਦਰਤੀ ਸੋਮੇ ਸੰਭਾਲਣ ਵਾਲੀਆਂ ਤਕਨੀਕਾਂ ਅਪਣਾਉਣੀਆਂ ਵੀ ਬੇਹੱਦ ਲਾਜ਼ਮੀ ਹਨ। ਉਨ੍ਹਾਂ ਆਖਿਆ ਕਿ ਲੋੜ ਅਧਾਰਿਤ ਖੇਤੀ ਸਾਧਨ ਵਰਤਣੇ ਇਸ ਲਈ ਜ਼ਰੂਰੀ ਹਨ ਕਿਉਂਕਿ ਇਸ ਨਾਲ ਖੇਤੀ ਖਰਚੇ ਵੀ ਘਟਦੇ ਹਨ, ਜ਼ਮੀਨ ਦੀ ਸਿਹਤ ਵੀ ਨਹੀਂ ਵਿਗੜਦੀ ਅਤੇ ਜਲ ਸੋਮਿਆਂ ਦਾ ਖਜ਼ਾਨਾ ਵੀ ਭਰਪੂਰ ਰਹਿੰਦਾ ਹੈ। ਉਨ੍ਹਾਂ ਆਖਿਆ ਕਿ ਕਣਕ ਦੇ ਵੱਢ ਨੂੰ ਅੱਗ ਲਾਉਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਸੋਚੋ ਕਿ ਇਸ ਨਾਲ ਅਸੀਂ ਜ਼ਮੀਨ ਦੇ ਕੀਮਤੀ ਤੱਤ ਨਾਸ਼ ਕਰ ਰਹੇ ਹਾਂ ਜਦ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਤੱਤ ਵੀ ਖਤਮ ਹੁੰਦੇ ਹਨ ਅਤੇ ਵਾਤਾਵਰਨ ਵਿੱਚ ਵੀ ਵਿਗਾੜ ਪੈਂਦਾ ਹੈ। ਉਨ੍ਹਾਂ ਆਖਿਆ ਕਿ ਹੈਪੀ ਸੀਡਰ ਮਸ਼ੀਨ ਦੀ ਵਰਤੋਂ ਨਾਲ ਅਸੀਂ ਖੇਤਾਂ ਦੇ ਕੱਖ ਪਰਾਲ ਨੂੰ ਸਾੜੇ ਬਗੈਰ ਅਗਲੀ ਫ਼ਸਲ ਆਰਾਮ ਨਾਲ ਬੀਜ ਸਕਦੇ ਹਨ ਅਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਸੰਵਰਦੀ ਹੈ। ਡਾ: ਕੰਗ ਨੇ ਆਖਿਆ ਕਿ ਕਿਸਾਨ ਮੇਲਿਆਂ ਦਾ ਮਨੋਰਥ ਵੀ ਇਹੀ ਰੱਖਿਆ ਗਿਆ ਸੀ ਕਿ ਇਸ ਮੌਕੇ ਡਾ: ਕੰਗ ਨੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਹਰਪ੍ਰੀਤ ਸਿੰਘ ਗਰੇਵਾਲ, ਅਮਿਤ ਸਾਵਣ ਸੁੱਖਾ, ਰਛਪਾਲ ਸਿੰਘ, ਬਲਦੇਵ ਸਿੰਘ, ਸੁਲਤਾਨ ਸਿੰਘ, ਸੁਰਜੀਤ ਜੈਨ, ਸ਼ੰਕਰ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ ਅਤੇ ਸ਼ਿੰਦਰਪਾਲ ਸਿੰਘ ਨੂੰ ਪਾਣੀ ਦੀ ਬੱਚਤ ਅਤੇ ਵਾਤਾਵਰਨ ਬਚਾਓ ਤਕਨੀਕਾਂ ਵਰਤਣ ਲਈ ਸਨਮਾਨਿਤ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਡਾ: ਯਾਦਵਿੰਦਰ ਸਿੰਘ ਮੁਖੀ ਭੂਮੀ ਵਿਗਿਆਨ ਵਿਭਾਗ, ਡਾ: ਹਰਮਿੰਦਰ ਸਿੰਘ ਸਿੱਧੂ ਅਤੇ ਡ: ਸ . ਸ . ਥਿੰਦ ਨੇ ਕਿਸਾਨਾ ਭਰਾਵਾਂ ਨੂੰ ਕੁਦਰਤੀ ਸੋਮਿਆਂ ਦੀ ਸੁਯੋਗ ਵਰਤੋਂ ਤਕਨੀਕਾਂ ਅਤੇ ਖੇਤੀਬਾੜੀ ਮਸ਼ੀਨਰੀ ਬਾਰੇ ਦੱਸਿਆ ਕਿ ਜਦ ਕਿ ਖੇਤੀਬਾੜੀ ਅਤੇ ਪੇਂਡੂ ਵਿਕਾਸ ਬਾਰੇ ਕੌਮੀ ਬੈਂਕ ਦੇ ਚੀਫ ਜਨਰਲ ਮੈਨੇਜਰ ਸ਼੍ਰੀ ਐਸ ਸੀ ਕੌਸ਼ਿਕ, ਜਨਰਲ ਮੈਨੇਜਰ ਸ਼੍ਰੀ ਡੀ ਸੀ ਸ਼ਰਮਾ ਅਤੇ ਆਈ ਆਈ ਟੀ ਦਿੱਲੀ ਦੇ ਡਾ: ਬੀ ਕੇ ਆਹੂਜਾ ਨੇ ਵੀ ਸੰਬੋਧਨ ਕੀਤਾ। ਡਾ: ਯਾਦਵਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।
ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਨਵੀਆਂ ਤਕਨੀਕਾਂ ਲਾਜ਼ਮੀ – ਡਾ: ਕੰਗ
This entry was posted in ਖੇਤੀਬਾੜੀ.