ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਮੁਕੰਮਲ ਪਾਰਦਰਸ਼ੀ ਅਤੇ ਹਿਸਾਬ-ਕਿਤਾਬ ਦਾ ਕੰਮ ਕੰਪਿਊਟਰਾਈਜ਼ਡ ਹੋ ਜਾਣ ਨਾਲ ਜਿਥੇ ਸ਼੍ਰੋਮਣੀ ਕਮੇਟੀ ਅਜੋਕੇ ਯੁਗ ਦੀ ਹਾਣੀ ਬਣੀ ਹੈ ਉਥੇ ਇਹ ਕਾਰਜ ਹੋਰ ਵੀ ਅਸਾਨ ਹੋਇਆ ਹੈ। ਸੋ ਇਸ ਨੂੰ ਸਮੇਂ ਸਿਰ ਪੂਰੀ ਤਰ੍ਹਾਂ ਮੁਕੰਮਲ ਕਰਨ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਲੇਖਾਕਾਰਾਂ ਨੂੰ ਆਪਣੇ ਕੇਂਦਰੀ ਦਫ਼ਤਰ ਅਤੇ ਚਾਰਟਡ ਅਕਾਊਂਟੈਂਟਸ ਨਾਲ ਤਾਲਮੇਲ ਬਣਾਈ ਰੱਖਣਾ ਹੋਰ ਵੀ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਤੇ ਲੇਖਾਕਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਿਸਾਬ-ਕਿਤਾਬ ਸਮੇਂ ਸਿਰ ਮੁਕੰਮਲ ਕਰਨ ਅਤੇ ਕੰਪਿਊਟਰਾਈਜ਼ਡ ਯੁਗ ਦੀ ਤਕਨੀਕ ਨੂੰ ਸਮਝਣਾ ਵੀ ਅਜੋਕੇ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਕੰਮ ਕਾਜ ਬਹੁਤ ਹੀ ਪਾਰਦਰਸ਼ੀ ਅਤੇ ਉਚਪਾਏ ਦਾ ਹੈ। ਉਨ੍ਹਾਂ ਕਿਹਾ ਕਿ ਹਿਸਾਬ-ਕਿਤਾਬ ਦਾ ਆਡਿਟ ਮੁਕੰਮਲ ਕਰਨ ਲਈ ਚਾਰਟਡ ਅਕਾਊਂਟੈਂਟਸ ਨਾਲ ਤਾਲਮੇਲ ਰੱਖ ਕੇ ਸਮੇਂ ਸਿਰ ਮੁਕੰਮਲ ਕਰਨਾ ਹੀ ਪ੍ਰਬੰਧ ਦੀ ਸਫ਼ਲਤਾ ਦਾ ਰਾਜ ਹੈ। ਉਨ੍ਹਾਂ ਸਮੂੰਹ ਮੈਨੇਜਰ ਸਾਹਿਬਾਨ ਨੂੰ ਆਦੇਸ਼ ਕੀਤੇ ਕਿ ਹਿਸਾਬ-ਕਿਤਾਬ ਨੂੰ ਅਪਡੇਟ ਰੱਖਣ ਅਤੇ ਪ੍ਰਬੰਧ ਨੂੰ ਸੁਚਾਰੂ ਬਨਾਉਣ ਲਈ ਲੋੜੀਂਦੀਆਂ ਵਸਤਾਂ ਜਿਵੇਂ ਸਿਰੋਪਾਓ, ਟਾਟ, ਪਾਇਦਾਨ, ਮੁਲਾਜ਼ਮਾਂ ਦੀਆਂ ਵਰਦੀਆਂ ਆਦਿ ਸ਼੍ਰੋਮਣੀ ਕਮੇਟੀ ਦੇ ਖ਼ਰੀਦ ਵਿਭਾਗ ਵਲੋਂ ਵੱਖ-ਵੱਖ ਫਰਮਾਂ ਨਾਲ ਤਹਿ ਕੀਤੇ ਰੇਟਾਂ ਅਨੁਸਾਰ ਸਬੰਧਤ ਵਿਭਾਗ ਰਾਹੀਂ ਸਮੇਂ ਸਿਰ ਖ਼ਰੀਦ ਕਰਨਾ, ਲੰਗਰ ਤੇ ਸਰਾਵਾਂ ’ਚ ਸਫਾਈ ਯਕੀਨੀ ਬਨਾਉਣ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਸਮੁੱਚਾ ਹਿਸਾਬ-ਕਿਤਾਬ ਆਨ ਲਾਈਨ ਕਰਨ ਲਈ ਵੱਡੇ ਪੱਧਰ ’ਤੇ ਯਤਨ ਜਾਰੀ ਹਨ ਇਸ ਲਈ ਹਰ ਮੈਨੇਜਰ ਨੂੰ ਕੰਪਿਊਟਰ ਸਬੰਧੀ ਅਤੇ ਆਪਣੇ ਪ੍ਰਬੰਧ ਅਧੀਨ ਹਿਸਾਬ-ਕਿਤਾਬ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਿਸਾਬ-ਕਿਤਾਬ ਦੇ ਖਾਤਿਆਂ ਦੀ ਵੰਡ ਅਨੁਸਾਰ ਸਮੇਂ ਸਿਰ ਮੁਕੰਮਲ, ਬੈਂਕ ਖਾਤੇ ਅਪਡੇਟ ਅਤੇ ਅਜਿਹੇ ਬਿਲ ਜਿਨਾਂ ਪੁਰ ਟੈਕਸ ਕੱਟਣੇ ਜ਼ਰੂਰੀ ਹਨ ਦੀ ਕਟੌਤੀ ਕਰਕੇ ਸਮੇਂ ਸਿਰ ਜਮ੍ਹਾਂ ਖਰਚ ਕਰਨ, ਹਿਸਾਬ-ਕਿਤਾਬ ਦੇ ਚਿੱਠੇ ਹਰ ਮਹੀਨੇ ਦੀ 15 ਤਰੀਕ ਤੀਕ ਮੁਕੰਮਲ ਅਤੇ ਬਿਲਾਂ ਦੀ ਚੈਕਿੰਗ ਆਦਿ ਸਮੇਂ ਸਿਰ ਲੋੜੀਂਦੇ ਦਸਤਾਵੇਜ਼ ਮੁਕੰਮਲ ਕਰਨੇ ਅਤੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਊਂਟੈਂਟਸ ਸਾਹਿਬਾਨ ਆਪਣੇ ਕੰਮ ’ਚ ਪੂਰੀ ਮੁਹਾਰਤ ਰੱਖਦੇ ਹਨ ਪਰ ਫਿਰ ਵੀ ਜੇਕਰ ਆਪਸੀ ਤਾਲਮੇਲ ਨਾਲ ਵਿਚਾਰ-ਵਿਟਾਂਦਰਾ ਕਰ ਲਿਆ ਜਾਵੇ ਤਾਂ ਸਮੁੱਚੇ ਹਿਸਾਬ-ਕਿਤਾਬ ਨੂੰ ਆਨ ਲਾਈਨ ਕੀਤੇ ਜਾਣ ਲਈ ਹੋਰ ਵੀ ਸਹਾਈ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ. ਰਣਜੀਤ ਸਿੰਘ ਤੇ ਸ. ਬਲਬੀਰ ਸਿੰਘ, ਸ. ਸੁਖਦੇਵ ਸਿੰਘ ਇੰਚਾਰਜ 85, ਸ਼੍ਰੋਮਣੀ ਕਮੇਟੀ ਦੇ ਚਾਰਟਡ ਅਕਾਊਂਟੈਂਟ ਸ. ਸਤਿੰਦਰ ਸਿੰਘ (ਕੋਹਲੀ), ਸ. ਹਰਜਿੰਦਰ ਸਿੰਘ ਸੁਪਰਵਾਈਜ਼ਰ 85, ਸ. ਕੁਲਦੀਪ ਸਿੰਘ ਇੰਟਰਨਲ ਆਡੀਟਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ, ਜਵਾਹਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਪਰਮਜੀਤ ਸਿੰਘ ਮੈਨੇਜਰ ਸ. ਬੀੜ ਬਾਬਾ ਬੁੱਢਾ ਸਾਹਿਬ, ਸ. ਜਸਪਾਲ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸ. ਭੁਪਿੰਦਰਪਾਲ ਸਿੰਘ ਮੈਨੇਜਰ ਗੁਰਦੁਆਰਾ ਨਾਢਾ ਸਾਹਿਬ ਪਟਿਆਲਾ, ਸ. ਬਲਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ, ਸ. ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਅਤੇ ਅਕਾਊਂਟੈਂਟ ਸਾਹਿਬਾਨ ਵੀ ਹਾਜ਼ਰ ਸਨ।