ਨਵੀਂ ਦਿੱਲੀ- ਭਾਰਤ ਦੀ 15ਵੀਂ ਜਨਗਣਨਾ ਦੇ ਪਹਿਲੇ ਅਤੇ ਦੂਸਰੇ ਦੌਰ ਦੇ ਅੰਕੜੇ ਜਾਰੀ ਕੀਤੇ ਗਏ। ਦਿੱਲੀ ਵਿੱਚ ਭਾਰਤ ਦੇ ਜਨਗਣਨਾ ਅਧਿਕਾਰੀ ਚੰਦਰਮੌਲੀ ਨੇ ਦਸਿਆ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ ਭਾਰਤ ਦੀ ਮੌਜੂਦਾ ਅਬਾਦੀ ਇੱਕ ਅਰਬ 21 ਕਰੋੜ ਹੈ। ਜਿਸ ਵਿੱਚ 62 ਕਰੋੜ ਆਦਮੀ ਅਤੇ 58 ਕਰੋੜ ਔਰਤਾਂ ਹਨ।
ਭਾਰਤ ਦੀ ਜਨਸੰਖਿਆ ਵਿੱਚ ਪਿੱਛਲੇ ਦਸ ਸਾਲਾਂ ਵਿੱਚ 17.6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ ਕੁਲ ਜਨਸੰਖਿਆ ਵਿੱਚ 18 ਕਰੋੜ ਦਾ ਵਾਧਾ ਹੋਇਆ ਹੈ। ਚੰਦਰਮੌਲੀ ਨੇ ਕਿਹਾ ਕਿ ਭਾਰਤ ਵਿੱਚ ਪਿੱਛਲੇ ਦਸ ਸਾਲਾਂ ਵਿੱਚ ਬਰਾਜੀਲ ਦੀ ਕੁਲ ਜਨਸੰਖਿਆ ਜਿੰਨਾਂ ਵਾਧਾ ਹੋਇਆ ਹੈ। 15ਵੀਂ ਜਨਸੰਖਿਆ ਦੇ ਅੰਕੜਿਆਂ ਅਨੁਸਾਰ ਲਿੰਗ ਅਨੁਪਾਤ ਵਿੱਚ ਵਾਧਾ ਹੋਇਆ ਹੈ। ਲਿੰਗ ਅਨੁਪਾਤ 933 ਤੋਂ ਵੱਧ ਕੇ 940 ਹੋ ਗਿਆ ਹੈ। ਹਰਿਆਣਾ ਦੇ ਝਜਰ ਵਿੱਚ ਲਿੰਗ ਅਨੁਪਾਤ ਸੱਭ ਤੋਂ ਘੱਟ 774 ਹੈ।
ਜਨਸੰਖਿਆ ਦੇ ਅਧਾਰ ਤੇ ਉਤਰ ਪ੍ਰਦੇਸ਼ ਸੱਭ ਤੋਂ ਵੱਡਾ ਸੂਬਾ ਹੈ। ਇਸ ਤੋਂ ਬਾਅਦ ਮਹਾਂਰਾਸ਼ਟਰ, ਬਿਹਾਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਆਉਂਦੇ ਹਨ। ਜਨਸੰਖਿਆ ਦੇ ਅਧਾਰ ਤੇ ਦੇਸ਼ ਦਾ ਸੱਭ ਤੋਂ ਵੱਡਾ ਜਿਲਾ ਮਹਾਂਰਾਸ਼ਟਰ ਦਾ ਠਾਣਾ ਹੈ, ਜਦੋਂ ਕਿ ਪੱਛਮੀ ਬੰਗਾਲ ਦਾ ਉਤਰ ਚੌਬੀਸ ਪਰਗਨਾ ਦੂਸਰਾ ਸੱਭ ਤੋਂ ਵੱਡਾ ਜਿਲਾ ਹੈ।