ਟੌਹੜਾ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਦੇ ਮੁੱਖਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਦੇ ਸਮਾਗਮ ਦੌਰਾਨ ਇਹ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਕਿਸੇ ਵੀ ਉਸ ਪਾਰਟੀ ਦਾ ਸਵਾਗਤ ਹੈ ਜਿਸਦਾ ਉਦੇਸ਼ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣਾ ਹੋਵੇਗਾ।
‘ ਪੰਥ ਰਤਨ ‘ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਤਵੀਂ ਬਰਸੀ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਜਦੀ ਪਿੰਡ ਟੌਹੜਾ ਵਿਖੇ ਰਾਜ ਪੱਧਰ ਤੇ ਮਨਾਈ ਗਈ। ਮੁੱਖਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਜਥੇਦਾਰ ਟੌਹੜਾ ਦੀ ਯਾਦ ਵਿੱਚ 10.5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਆਦਰਸ਼ ਸਕੂਲ ਦਾ ਨੀਂਹ ਪੱਥਰ ਰੱਖਿਆ। ਮੁੱਖਮੰਤਰੀ ਨੇ ਸ੍ਰ. ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਸਵਰਗੀ ਬੀਬੀ ਜੁਗਿੰਦਰ ਕੌਰ ਟੌਹੜਾ ਦੀ ਯਾਦ ਵਿੱਚ 25 ਲੱਖ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਟੀ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ। ਮੁੱਖਮੰਤਰੀ ਬਾਦਲ ਨੇ ਜਥੇਦਾਰ ਟੌਹੜਾ ਨੂੰ ਬਹੁਪੱਖੀ ਸ਼ਖਸੀਅਤ ਦਸਿਆ। ਉਨ੍ਹਾਂ ਇਹ ਵੀ ਕਿਹਾ ਕਿ ਟੌਹੜਾ ਸਾਹਿਬ ਨੇ ਆਪਣੀ ਸਾਰੀ ਉਮਰ ਸਿੱਖ ਪੰਥ ਦੀ ਨਿਸ਼ਕਾਮ ਸੇਵਾ ਕੀਤੀ। ਉਨ੍ਹਾਂ ਨੇ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ,ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸ੍ਰ. ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਪ੍ਰੋ. ਕਿਰਪਾਲ ਸਿੰਘ ਬੰਡੂਗਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਰਾਜ ਸਭਾ ਮੈਂਬਰ ਅਵੀਨਾਸ਼ ਰਾਏ ਖੰਨਾ ਅਤੇ ਕਈ ਹੋਰ ਪਤਵੰਤੇ ਸਜਣਾ ਨੇ ਜਥੇਦਾਰ ਟੌਹੜਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆ।