ਉਹ ਕਰਮ ਕਰੇ,
ਤੇ ਵੇਹੜੇ ਸਭ ਦੇ,
ਖੁਸ਼ੀਆਂ ਦੇ ਸੰਗ ਰਹਿਣ ਭਰੇ।
ਚੜਦ੍ਹੀ ਕਲਾ ਤੇ ਸੁਖ-ਸ਼ਾਂਤੀ ਲਈ ਸਭਸ ਨੂੰ ਨਵਾਂ ਸਾਲ ਮੁਬਾਰਿਕ!
ਸਾਲ ਤੇ ਉਂਜ ਸਾਰੇ ਹੀ ਨਵੇਂ ਹੁੰਦੇ ਨੇ। ਲੰਘ ਗਿਆ ਸਾਲ ਕੋਈ ਵੀ ਤੇ ਕਦੇ ਦੁਬਾਰਾ ਨਹੀਂ ਪਰਤਿਆ।
ਪਾਣੀ ਦਰਿਆਵਾਂ ਦੇ ਇਕ ਵੇਰਾਂ ਵਹਿ ਗਏ ਨੇ,
ਪਰਤੇ ਨਾ ਪੱਤਣਾਂ ਤੇ, ਦਾਨੇ ਇਹ ਕਹਿ ਗਏ ਨੇ।
ਹਰ ਨਵੇਂ ਸਾਲ ਲੋਕ ਇਕ ਦੂਸਰੇ ਲਈ ਸੁਖ ਸ਼ਾਂਤੀ ਲਈ ਅਰਦਾਸ ਵੀ ਕਰਦੇ ਆਏ ਨੇ। ਪਰ ਇਸ ਵੇਰ ਇਹ ਨਵਾਂ ਸਾਲ ਇਸ ਕਦਰ 2008 ਦੀਆਂ ਅਮਰੀਕੀ ਚੋਣਾਂ ਨਾਲ ਜਰੁੱਟ ਹੋਇਆ ਹੈ, ਕਿ ਲੋਕ ਇਸ ਸਾਲ ਦੇ ਬਦਲਣ ਨਾਲ ਇਕ ‘ਜੁਗ ਬਦਲੀ’ ਦੀ ਤਵੱਕੋ ਕਰ ਬੈਠੇ ਹਨ।
President elect ਬਰਾਕ ਓਬਾਮਾ ਨੇ ਚੋਣਾਂ ਦੌਰਾਨ “Change we can believe in” ਤੇ “Yes we can” ਵਾਲਾ ਜੋ ਨਾਹਰਾ ਦਿਤਾ ਸੀ, ਹਰ ਵਰਗ ਦੇ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ ਏਸੇ ‘ਜੁਗ ਬਦਲੀ’ ਦਾ ਹੀ ਪ੍ਰਤੀਕ ਹੈ। ਅਮਰੀਕਾ ਨਿਵਾਸੀਆ ਨੇ ਇਹ ਹੁੰਗਾਰਾ ਪਿਛਲੇ 8 ਸਾਲਾਂ ਦੇ ਮਾੜੇ ਰਾਜ ਪ੍ਰਬੰਧ ਤੇ “Trickle down economics” ਦੇ ਨਿਰਾਸ਼ਾਜਨਕ ਸਿੱਟਿਆਂ ਦੇ ਵਿਰੋਧ ਵਿਚ ਸੋਚ ਵਿਚਾਰ ਕੇ ਦਿਤਾ ਹੈ। ਜਿਨ੍ਹਾਂ ਕਰਕੇ ਇਕ ਸ਼ਕਤੀਸ਼ਾਲੀ, ਦੁਨੀਆਂ ਦਾ ਸਿਰਕੱਢ ਉੱਨਤ ਦੇਸ, ਆਰਥਕ ਸੰਕਟ ਅਤੇ ਰਾਜਨੀਤਕ ਡੂੰਘੀ ਖੱਡ ਵਿਚ ਜਾ ਡਿਗਿਆ ਹੈ।
Ronald Regan ਦੀ ਅਸੱਫਲ “Trickle down economics” ਦੀ ਥਾਂ President elect ਬਰਾਕ ਓਬਾਮਾ ਵਲੋਂ ਅਪਨਾਈ ‘From bottom up’ ਪਹੁੰਚ ਨੂੰ ਹਰ ਵਰਗ ਦੀ ਬਹੁਸੰਮਤੀ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਚੋਣਾਂ ਦੀ ਨਜ਼ਾਕਤ ਨੂੰ ਸਮਝਦਿਆਂ ਓਬਾਮਾ ਦੀ ਮੁਹਿੰਮ ਨੇ ਬੇਸ਼ਕ ‘change’ ਦਾ ਸ਼ਬਦ ਚੁਣਿਆਂ ਸੀ ਪਰ ਇਹ ‘change’ ਕਿਸੇ ਇਨਕਲਾਬ ਤੋਂ ਘਟ ਨਹੀਂ ਜਾਪਦੀ। ਸਮੱਸਿਆਵਾਂ ਦੀ ਗੰਭੀਰਤਾ ਨੂੰ ਮੁਖ ਰਖਦਿਆਂ ਇਸ ਦੀ ਪੂਰਨ ਰੂਪ-ਰੇਖਾ ਅਜੇ ਉਜਾਗਰ ਹੋਣੀ ਬਾਕੀ ਹੈ, ਪਰ ਹੋ ਸਕਦੈ ਜਨ-ਸਧਾਰਨ ਦੇ ਕਾਇਆਂ ਕਲਪ ਲਈ ਇਕੀਵੀਂ ਸਦੀ ਦਾ ਇਹ ਇਕ ਸ਼ਾਂਤ-ਮਈ ਇਨਕਲਾਬ ਹੋ ਨਿੱਬੜੇ।
ਇਕ ਅਮਰੀਕਨ ਮੈਗਜ਼ੀਨ ਨੇ ਇਸ ਨੂੰ ‘ਗੁਰੀਲਾ ਵਿਚਾਰਾਂ ਦੀ ਚੌਥੀ ਵਿਸ਼ਵ-ਜੰਗ’ ਸ਼ਾਇਦ ਇਸ ਲਈ ਲਿਖਿਆ ਹੈ ਕਿ ਜ਼ਮਾਨਾ, ਅਫਗਾਨਿਸਤਾਨ, ਮਿਡਲ ਈਸਟ, ਈਰਾਕ ਆਦਿ ਥਾਵਾਂ ਤੇ ਅੱਤਿਵਾਦ ਵਰੁਧ ਵਿੱਢੀ ਗਈ ਤੀਸਰੀ ਅਖੌਤੀ ਵਿਸ਼ਵ-ਜੰਗ ਲਗ ਭਗ ਹਾਰ ਚੁਕਾ ਹੈ। ਹੁਣ ਠਾਣੇਦਾਰੀ ਦੀ ਥਾਂ ਜੁਗਤ ਅਤੇ ਸੁਹਿਰਦ ਰਾਜਨੀਤੀ ਹੀ ਸ਼ਾਇਦ ਮਨੁੱਖਤਾ ਲਈ ਆਖਰੀ ਆਸ ਉਮੀਦ ਬਾਕੀ ਰਹਿ ਗਈ ਹੈ।ਇਸ ਵਿਸ਼ਵ-ਮੁਹਿੰਮ ਵਿਚ ਇਕ ਦੇਸ, ਕੌਮ ਜਾਂ ਸਭਿਅਤਾ ਦੀ ਦੂਜੇ ਦੇਸ, ਕੌਮ ਜਾਂ ਸਭਿਅਤਾ ਨਾਲ ਲੜਾਈ ਨਹੀਂ ਸਗੋਂ ਹਰ ਦੇਸ, ਕੌਮ ਤੇ ਸਭਿਅਤਾ ਵਿਚ ਆਪਸੀ ਅੰਦਰੂਨੀ ਟੱਕਰ ਹੈ। ਅੰਦਰੂਨੀ ਮਤਿਭੇਦ, ਅਗਿਆਨਤਾ ਅਤੇ ਹਨ੍ਹੇਰਾ ਹੈ। ਜਿਸ ਸਦਕਾ ਉਨ੍ਹਾਂ ਵਿਚਲੀ ਵਿਚਾਰ ਵਟਾਂਦਰੇ ਦੀ ਔਖ, ਪ੍ਰਚੱਲਤ ਆਰਥਕ, ਸਮਾਜਿਕ ਅਤੇ ਰਾਜਨੀਤਕ ਢਾਂਚਿਆਂ ਵਿਚ ਬੇ-ਭਰੋਸਗੀ, ਧਾਰਮਿਕ ਅਕੀਦਿਆਂ ਅਤੇ ਧਾਰਨਾਵਾਂ ਵਿਚਲੇ ਕਰਮ-ਕਾਂਡ, ਕਟੜਪੁਣਾਂ, ਸਹਿਨਸ਼ੀਲਤਾ ਅਤੇ ਕਹਿਣ-ਸੁਨਣ ਦੀ ਥਾਂ ਨਫਰਤ ਭਰਿਆ ਪਰਚਾਰ ਹਾਵੀ ਹੋਇਆ ਪਿਆ ਹੈ। ਜਿਸ ਦੇ ਫਲਸਰੂਪ ਹਰ ਸ਼ਹਿਰੀ ਅਵਾਜ਼ਾਰ, ਅਸੁਰੱਖਿਅਤ ਅਤੇ ਇਕ ਦੂਜੇ ਤੋਂ ਭੈ ਭੀਤ ਹੋਇਆ ਫਿਰਦਾ ਹੈ।
ਸਮੇਂ ਦੇ ਇਸ ਨਵੇਂ ਗੇੜ ਵਿਚ ਅਜ ਇੰਜ ਜਾਪਦਾ ਹੈ ਜਿਵੇਂ ਕੁਲ ਦੁਨੀਆਂ ਦੇ ਲੋਕ ਮਿਲਕੇ ਕਹਿ ਰਹੇ ਹੋਣ, ਬੱਸ ਬਹੁਤ ਹੋ ਗਿਆ। ਇਸ ਤੋਂ ਪਰੇ ਹਟ ਕੇ ਚਲੋ ਮਿਲਕੇ ਕਿਸੇ ਚੰਗੇ ਭਲਕ ਦੀ ਤਲਾਸ਼ ਕਰੀਏ।ਤੇ ਉਹ ਓਬਾਮਾ ਦੀ ਅਗਵਾਈ ਹੇਠ ਨਿਕਲ ਤੁਰੇ ਹੋਣ। ਬਿਗਲ ਵੱਜ ਚੁਕਾ ਹੋਵੇ। ਅਮਰੀਕਾ ਦੇ ਇਸ President elect, ਨੂੰ ਜੋ ਅਜੇ ਪ੍ਰਧਾਨ ਦੀ ਕੁਰਸੀ ਤੇ ਵੀ ਨਹੀਂ ਬੈਠੇ, ਅਮਰੀਕਾ ਨਿਵਾਸੀ ਹੀ ਨਹੀਂ, ਸਾਰੀ ਦੁਨੀਆਂ ਦੇ ਲੋਕ ਅੱਡੀਆਂ ਚੁੱਕ ਚੁੱਕ ਉਡੀਕ ਰਹੇ ਹਨ। ਉਨ੍ਹਾਂ ਦਾ ਬੋਲਿਆ ਹਰ ਸ਼ਬਦ ਦੁਨੀਆਂ ਦੇ ਹਰ ਦੇਸ ਦੇ ਕੋਨੇ ਵਿਚ ਬੜੇ ਧਿਆਨ ਨਾਲ ਸੁਣਿਆਂ ਜਾ ਰਿਹਾ ਹੈ ਜਿਵੇਂ ਉਹ ਕੋਈ ਮਸੀਹਾ ਹੋਣ ਜਾਂ ਸਾਰੀ ਦੁਨੀਆਂ ਦੇ ਹੀ ਪ੍ਰਧਾਨ ਹੋਣ।
ਇਕ ਅਮਰੀਕਨ Presidential Historian , ਦਾ ਕਹਿਣਾ ਹੈ ਕਿ ਵਿਸ਼ਵਪੱਧਰ ਤੇ ਇਸ ਤਰਾਂ ਦਾ ਕ੍ਰਿੱਸ਼ਮਾਂ ਇਕ ਵੇਰ ਪਹਿਲਾਂ ਵੀ ਵੇਖਣ ਵਿਚ ਆਇਆ ਸੀ। ਜਦੋਂ ਜੌਹਨ ਕੈਨੇਡੀ ਅਮ੍ਰੀਕਾ ਦੇ ਪ੍ਰਧਾਨ ਬਣੇ ਸਨ। ਇਸ ਧਰਤ ਨੂੰ ਸੋਧਣ ਲਈ ਉਨ੍ਹਾਂ ਦਾ ਇਹ ਫੁਰਮਾਨ ‘Ask not what country can do for you, ask what you can do for the country’ ਹਰ ਦੇਸ ਤੇ ਹਰ ਮਨੁੱਖ ਨੂੰ ਆਪਣੇ ਤੇ ਢੁਕਦਾ ਲਗਿਆ ਸੀ। ਓਬਾਮਾ ਨੇ ਸਮੇਂ ਮੁਤਾਬਿਕ ਥੋੜੀ ਤਰਮੀਮ ਕਰਕੇ ਓਸੇ ਹੀ ਸ਼ਿੱਦਤ ਅਤੇ ਸੁਹਿਰਦਗੀ ਨਾਲ ਇਹ ਆਖਿਆ ‘Ask not what is good for you, ask what is good for your country.” ਓਬਾਮਾ ਦਾ ਇਹ ਪੈਗਾਮ ਵੀ ਲੋਕ ਓਸੇ ਹੀ ਸ਼ਿੱਦਤ ਅਤੇ ਸੁਹਿਰਦਗੀ ਨਾਲ ਸੁਣ ਰਹੇ ਹਨ।
ਉਨ੍ਹਾਂ ਰਾਜਕੁਮਾਰਾਂ ਬਾਰੇ ਜੋ ਰਾਜ ਭਾਗ ਸੰਭਾਲਣ ਤੋਂ ਪਹਿਲਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਗ ਜਾਂਦੇ ਹਨ, Nancy Gibbs, Time ਮੈਗਜ਼ੀਨ ਵਿਚ ਲਿਖਦੀ ਹੈ: “ਕੁਝ ਰਾਜਕੁਮਾਰ ਮਹੱਲਾਂ ਵਿਚ ਪੈਦਾ ਹੁੰਦੇ ਹਨ, ਕੁਝ ਤੱਬੇਲਿਆਂ ਦੀਆਂ ਖੁਰਲੀਆਂ ਵਿਚ ਤੇ ਕੁਝ ਉਹ ਹਨ, ਜਿਨ੍ਹਾਂ ਦਾ ਜਨਮ ਇਤਿਹਾਸ ਦੀ ਰੱਦੀ ਦੀ ਟੋਕਰੀ ਵਿਚ ਦੱਬੀਆਂ ਕੁਚਲੀਆਂ ਆਸਾਂ, ਉਮੀਦਾਂ ਤੇ ਕਲਪਨਾਂ ਵਿਚੋਂ ਹੁੰਦਾ ਹੈ”।ਬਰਾਕ ਓਬਾਮਾ ਦੀ ਜਿੱਤ ਨਾਲ ਕੁਝ ਇਸਤਰਾਂ ਦਾ ਇਤਿਹਾਸ ਸਿਰਜਿਆ ਗਿਆ ਹੈ। ਇਸ ਦੇ ਬਾਵਜੂਦ ਓਬਾਮਾ ਨੇ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ ਕਿ ਲੋਕ ਉਸ ਨੂੰ ਕਿਵੇਂ ਲੈ ਰਹੇ ਹਨ। ਹਰ ਮੌਕਾ ਮਿਲਣ ਤੇ ਉਹ ਇਹੀ ਕਹਿੰਦੇ ਹਨ, “ਇਤਿਹਾਸ ਮੈਂ ਨਹੀਂ, ਤੁਸੀਂ ਸਿਰਜ ਰਹੇ ਹੋ”।
Time ਮੈਗਜ਼ੀਨ ਦੇ ਉਘੇ ਕਾਲਮ ਨਵੀਸ, Jo Klein ਲਿਖਦੇ ਹਨ: “ 2008 ਵਾਲੀਆਂ ਚੋਣਾਂ ਮੁੱਦਿਆਂ ਤਕ ਹੀ ਸੀਮਤ ਨਹੀਂ ਸਨ। ਪਿਛਲੇ 8 ਸਾਲਾਂ ਦੇ ਹਰ ਪਖੌਂ ਮਾੜੇ, ਘੁਮੰਡੀ ਤੇ ਆਪ-ਹੁਦਰੀਆਂ ਕਰਨ ਵਾਲੇ ਰਾਜ ਪ੍ਰਬੰਧ, ਜਿਸ ਕਾਰਣ ਅਮਰੀਕਾ ਦੇ ਵਕਾਰ ਨੂੰ ਵਿਸ਼ਵ ਪੱਧਰ ਤੇ ਕਰਾਰੀ ਸੱਟ ਵੱਜੀ ਤੇ ਮਾਣ ਸਤਿਕਾਰ ਜਾਂਦਾ ਲਗਾ ਹੈ, ਲੋਕ ਸਹੀ ਅਰਥਾਂ ਵਿਚ ਇਸ ਫਲਾਸਫੀ ਤੋਂ ਛੁਟਕਾਰਾ ਪੌਣਾ ਅਤੇ ਉਸਦਾ ਬਦਲ ਚਾਹੁੰਦੇ ਸਨ”। ਉਨ੍ਹਾਂ ਦੀ ਸੰਭਾਲ ਵਿਚ ੳਹ ਲਿਖਦੇ ਹਨ, “ਦੋ ਵੇਰ ਪਹਿਲਾਂ ਵੀ ਇਸਤਰਾਂ ਹੋਇਆ ਸੀ। ਪਹਿਲੀ ਵਾਰ ਜਦੋਂ ਕੈਨੇਡੀ ਪ੍ਰਧਾਨ ਬਣੇ ਸਨ ਤੇ ਦੂਜੀ ਵਾਰ ਜਦੋਂ ਰੌਨਲਡ ਰੀਗਨ”।
ਕਨੇਡੀ ਦੇ ਰਾਜ ਪ੍ਰਬੰਧ ਵੇਲੇ ਲੋਕ ਖੁਸ਼ਹਾਲ ਹੋਏ। ਵਧ ਤੋਂ ਵਧ ਲੋਕ ਘਰਾਂ ਦੇ ਮਾਲਿਕ ਬਣੇ, ਕਾਲਜ ਗਏ। ਲੰਮੀ ਜੰਗ ਅਤੇ ਡੂੰਘੇ ਮੰਦਵਾੜੇ ਪਿਛੋਂ ਲੋਕਾਂ ਸੁਖ ਦਾ ਸਾਹ ਲਿਆ। ਨੌਜਵਾਨ ਪੀੜ੍ਹੀ ਬਾਗੀ ਹੋ ਜਾਣ ਦੀ ਹੱਦ ਤਕ ਆਦਰਸ਼ਵਾਦੀ ਬਣੀ। ਸੁਖ ਸ਼ਾਂਤੀ ਅਤੇ ਸੁਰੱਖਿਆ ਦਾ ਦੌਰ ਚਲ਼ਿਆ। ਪਰ ਹਨ੍ਹੇਰਿਆ ਨੂੰ ਜਿਵੇਂ ਇਹ ਕੁਝ ਰਾਸ ਨਾ ਸੀ। ਤੇ ਫਿਰ ਉਹ ਚਿਰਾਗ ਏਨੀ ਕੁ ਝਲਕ ਪਿਛੋਂ ਬੁਝਾ ਦਿਤਾ ਗਿਆ।
ਦੂਜੀ ਵੇਰ ਕੁਝ ਏਸੇ ਤਰਾਂ ਦਾ ਵੇਗ ਹੀ ਰੌਨਲਡ ਰੀਗਨ ਵੇਲੇ ਉਠਿਆ। Reganomics ਦੇ ਨਾਂ ਹੇਠ “Trickle down economics” ਵਾਲਾ ਸਿਧਾਂਤ ਲਾਗੂ ਹੋਇਆ। ਆਦਰਸ਼ਵਾਦ ਦੀ ਥਾਂ ਫਿਰ ਫੌਜੀ ਤਾਕਤ ਦੇ ਬੋਲ ਬਾਲੇ ਹੇਠ ਦੂਜੇ ਦੇਸਾਂ ਤੇ ਦਬ ਦਬਾ ਬਣਾਈ ਰਖਣ ਨੇ ਲੈ ਲਈ। ਬੇਰੋਕ ਨਿੱਜੀ ਤੇ ਕਾਰਪੋਰੇਟ ਆਰਥਕ ਖੁਲ੍ਹ ਨੇ ਸਾਂਝੇ ਹਿੱਤਾਂ ਵਾਲੀਆਂ ਭਾਈਚਾਰਿਕ ਸੰਸਥਾਵਾਂ ਨੂੰ ਨੁਕਰੇ ਲਾ ਦਿਤਾ।ਅਮ੍ਰੀਕਾ ਬੀਤ ਗਏ ਦੇ ਹੇਰਵੇ ਵਿਚ ਪਿਛਾਂਹ ਨੂੰ ਵੇਖਣ ਲਗਾ। ਜਦੋਂ ਛੋਟੇ ਛੋਟੇ ਸ਼ਹਿਰਾਂ ਵਿਚ ਹਮਜਿਨਸ ਚਿੱਟੇ ਲੋਕ ਘੁਗ ਵਸਦੇ ਸਨ। ਰੀਪਬਲੀਕਨਜ਼ ਦੀ ਨਜ਼ਰ ਵਿਚ ਉਹੀ ਅਸਲੀ ਅਮ੍ਰੀਕਾ ਸੀ ਜਿਸਨੂੰ ਹਮੇਸ਼ਾਂ ਕਾਇਮ ਰਹਿਣਾ ਚਾਹੀਦਾ ਸੀ। 2008 ਦੀਆਂ ਚੋਣਾਂ ਵਿਚ ਵੀ ਰੀਪਬਲੀਕਨ ਮਕੇਨ ਦੀ ਮੁਹਿੰਮ ਨੇ ਨਾ ਚਾਹੁੰਦੇ ਹੋਇਆਂ ਵੀ ਦੁਚਿੱਤੀ ਵਿਚ ਇਹ ਮੋੜ ਦੇਣਾ ਚਾਹਿਆ। ਵਕਤ ਬਦਲ ਚੁਕਾ ਸੀ । ਲੋਕਾਂ ਦੇ ਹਰ ਵਰਗ ਦੀ ਬਹੁਸੰਮਤੀ ਨੇ ਇਸ ਨੂੰ ਨਕਾਰ ਦਿਤਾ।
ਬੇਸ਼ੱਕ ਅਮ੍ਰੀਕਾ ਪਹੁੰਚਕੇ ਕੁਲੰਬਸ ਨੇ ਵੀ ਇਸ ਨੂੰ “ਨਵੀਂ ਦੁਨੀਆਂ” ਦਾ ਨਾਂ ਦੇ ਰੱਖਿਆ ਹੈ। ਪਰ ਡੈਮੋਕਰੈਟ ਬਰਾਕ ਓਬਾਮਾ ਦੀ ਜਿੱਤ ਨਾਲ ਨਵੇਂ ਅਸਲੀ ਅਮ੍ਰੀਕਾ ਦਾ ਜਨਮ ਹੋਇਆ ਹੈ। ਓਬਾਮਾ ਟੀਮ ਨੇ “Trickle down economics” ਦੇ ਇਸ ਵਿਸ਼ਵ-ਪੱਧਰ ਤੇ ਨਿਰਾਸ਼ਾ ਜਨਕ ਤਜਰਬੇ ਨੂੰ ਜਿਸ ਕਾਰਣ ਦੁਨੀਆਂ ਦਾ ਸ਼ਕਤੀ ਸ਼ਾਲੀ ਤੇ ਉੱਨਤ ਸਿਰਕੱਢ ਦੇਸ ਅਮ੍ਰੀਕਾ ਹੀ ਅਰਬਾਂ, ਖਰਬਾਂ ਦਾ ਕਰਜ਼ਾਈ ਹੋ ਕੇ ਡੂੰਘੇ ਆਰਥਕ ਸੰਕਟ ਵਿਚ ਜਾ ਡਿਗਾ ਹੈ, ਵੰਗਾਰਿਆ ਹੈ। ਉਸਦੀ ਥਾਂ ‘From bottom up’ ਦੇ ਸੰਕਲਪ ਨੂੰ ਆਪਣੀ ਪਾਲਿਸੀ ਵਜੋਂ ਅਪਨਾਉਣ ਦਾ ਪ੍ਰਸਤਾਵ ਰੱਖਿਆ ਹੈ।
ਓਬਾਮਾ ਵਾਲੇ ਇਸ ਨਵੇਂ ਅਮ੍ਰੀਕਾ ਦੀ ਅਸਲ ਨੁਹਾਰ ਬਾਰੇ ਪੱਕੀ ਤਰਾਂ ਜਾਣ ਲੈਣਾ ਅਜੇ ਦੂਰ ਦੀ ਗਲ ਹੈ। ਪਰ ਇਹ ਗਲ ਸਾਫ ਹੋ ਗਈ ਹੈ ਕਿ ਬਹੁਗਿਣਤੀ ਬੇਸ਼ਕ ਅਜੇ ਵੀ ਚਿੱਟੇ ਲੋਕਾਂ ਦੀ ਹੀ ਹੈ, ਪਰ ਅਜ ਦਾ ਇਹ ਅਮ੍ਰੀਕਾ ਹੁਣ ਕੇਵਲ ਹਮਜਿਨਸ ਚਿਟੱ ਲੋਕਾਂ ਦੀ ਨਿਕੇ ਨਿਕੇ ਸ਼ਹਿਰਾਂ ਵਿਚ ਵਸੋਂ ਵਾਲਾ ਅਮ੍ਰੀਕਾ ਨਹੀਂ ਰਿਹਾ। Jo Klein ਮੁਤਾਬਿਕ ਅਸਲੀ ਅਮ੍ਰੀਕਾ ਹੁਣ ਉਸ ਮੁਕਾਮ ਤੇ ਆ ਪਹੁੰਚਾ ਹੈ, ਜਿਥੇ ਪ੍ਰਧਾਨ ਦਾ ਆਚਰਣ ਉਸਦੇ ਰੰਗ ਨਸਲ ਨਾਲੋਂ ਵਧੇਰੇ ਮਹੱਤਵ ਰਖਦਾ ਹੈ।
ਪਿਛਲੇ 8 ਸਾਲਾਂ ਦੇ ਮਾੜੇ ਰਾਜ-ਪ੍ਰਬੰਧ ਅਤੇ ਅਤਿ ਦਰਜੇ ਦੀਆਂ ਕੋਤਾਹੀਆਂ ਸਦਕਾ, ਅਮ੍ਰੀਕਾ ਹਾਲ ਦੀ ਘੜੀ ਬੇਸ਼ਕ ਮੂਧੇ ਮੂੰਹ ਡਿਗਾ ਹੋਇਆ ਹੈ। ਪਰ ਇਹ ਇਕ ਨਵਾਂ ਨਕੋਰ ਦੇਸ ਹੈ, ਜਵਾਨ ਉਮਰ ਹੈ। ਸਨਕੀ ਨਹੀਂ ਆਸ਼ਾਵਾਦੀ ਹੈ। ਨਮੂੁਨੇ ਦੇ ਲੋਕਰਾਜੀ ਵਿਧਾਨ ਅਤੇ ਕੌਮ ਦੀ ਆਜ਼ਾਦ ਰੂਹ ਸਦਕਾ ਅਮ੍ਰੀਕਾ, ਮਨੁਖਤਾ ਦੇ ਕਲਿਆਣ ਲਈ ਦੁਨੀਆਂ ਸਾਮ੍ਹਣੇ ਹੈਰਾਨਕੁਨ ਚਮਤਕਾਰਾਂ ਦੇ ਸਮ੍ਰੱਥ ਹੈ। ਤੇ ਇਹ ਬੀੜਾ ਜਿਸ ਹਾਲਾਤ ਵਿਚ ਓਬਾਮਾ ਨੇ ਚੁਕਿਆ ਹੈ, ਕਿਸੇ ਚਮਤਕਾਰ ਤੋਂ ਘਟ ਨਹੀਂ ਹੈ।
21ਵੀਂ ਸਦੀ ਨੂੰ ਸ਼ੁਰੂ ਹੋਇਆਂ ਬੇਸ਼ੱਕ ਨੌਵਾਂ ਸਾਲ ਚੜ੍ਹ ਪਿਆ ਹੈ ਪਰ ਇਸ ਸਦੀ ਦੇ ਹਾਣ ਦੀ ਵਿਸ਼ਵਸੋਚ ਤੇ ਲੋੜੀਂਦੇ ਵਾਰਤਾਲਾਪ ਦੀ ਅਸਲੀ ਸ਼ੁਰੂਆਤ ਹੁਣ ਹੀ ਹੋਈ ਹੈ। ਚਲੋ, ਦੇਰ ਆਏ, ਦਰੁਸਤ ਆਏ।
ਇਸ ਇਤਿਹਾਸਕ ਮੁਹਿੰਮ ਵਿਚ ਓਬਾਮਾ ਟੀਮ ਵਲੋਂ, ਡੈਮੋਕਰੈਟ, ਕੀ ਰੀਪਬਲੀਕਨ ਤੇ ਕੀ ਇੰਡੀਪੈਂਡੈਂਟ, ਸਭ ਪਾਰਟੀਆਂ ਤੇ ਵਿਚਾਰਾਂ ਨੂੰ ਭਾਈਵਾਲੀ ਦੇ ਤੌਰ ਸਫਾਂ ਤੇ ਬੈਠ ਕੇ ਫੈਸਲੇ ਲੈਣ ਵਾਲੀ ਪਹੁੰਚ ਅਪਨਾਈ ਹੋਈ ਹੈ। ਹਰ ਦੇਸ ਵਾਸੀ ਨੂੰ ਮੂਕਦਰਸ਼ਕ ਵਜੋਂ ਨਹੀਂ ਇਕ ਵਫਾਦਾਰ ਸਿਪਾਹੀ ਵਜੋਂ ਪਹਿਰਾ ਦੇਣ ਲਈ ਉਤਸ਼ਾਹਤ ਕੀਤਾ ਹੋਇਆ ਹੈ। ਜੋ ਹਰ ਵਰਗ ਦੇ ਲੋਕਾਂ ਵਲੋਂ ਬੇਝਿਜਕ ਸਲਾਹਿਆ ਜਾ ਰਿਹਾ ਹੈ।
ਅਮ੍ਰੀਕਾ ਦੀ ਧਰਤੀ ਤੇ ਇਹ ਚਮਤਕਾਰ ਵੀ ਪਹਿਲੀ ਵਾਰ ਹੋਇਆ ਹੈ ਜੋ ਉਸ ਚਿੱਟੇ ਮੱਹਲ ਦੇ ਵਡੇ ਦਰਵਾਜੇ ਕਿਸੇ ਰੰਗ ਵਾਲੇ ਪ੍ਰਧਾਨ ਲਈ ਚੁਪਾਟ ਖੁਲ੍ਹ ਰਹੇ ਹਨ। ਇਕੀਵੀਂ ਸਦੀ ਦੀ ਇਸ ਸ਼ੁਹਰਿਦ ਤੇ ਸਾਫ ਸੁਥਰੀ ਰਾਜਨੀਤੀ ਵਾਲੀ ਵਿਸ਼ਵ-ਮੁਹਿੰਮ ਰਾਹੀਂ, ਓਬਾਮਾ ਕੇਵਲ ਅਮ੍ਰੀਕਾ ਵਿਚ ਹੀ ਨਹੀਂ ਸਾਰੇ ਵਿਸ਼ਵ ਵਿਚ ਸੁਖ-ਸ਼ਾਂਤੀ, ਨਿਆਂਪੂਰਵਕ ਤੇ ਪ੍ਰਸਪਰ ਹੋਂਦ ਵਾਲੇ ਮਾਹੌਲ ਦੀ ਸਿਰਜਣਾ ਲਈ ਗਲਾਂ ਹੀ ਨਹੀਂੇ ਸਗੋਂ ਇਸ ਪਛੜੇ ਹੋਏ ਸੁਪਨੇ ਨੂੰ ਸਾਕਾਰ ਕਰਨ ਦਾ ਸੰਕਲਪ ਲੈ ਕੇ ਉਸ ਵਡੀ ਕੁਰਸੀ ਤੇ ਬੈਠਣ ਜਾ ਰਹੇ ਹਨ। ਆਮੀਨ!