ਦੇਹਰਾਦੂਨ-: ਪਾਵਨ ਗੁਰਧਾਮ ਸਿੱਖੀ ਜੀਵਨ ਜਾਂਚ ਸੋਮੇ ਹਨ, ਗੁਰਧਾਮਾਂ ਦੀ ਮਰਯਾਦਾ, ਅਦਬ ਸਤਿਕਾਰ ਤੇ ਸਾਂਭ-ਸੰਭਾਲ ਸਿੱਖਾਂ ਨੂੰ ਜਾਨ ਤੋਂ ਵੀ ਪਿਆਰੀ ਹੈ। ਆਪਣੀ ਵਿਲੱਖਣ ਹੋਂਦ ਹਸਤੀ ਵਾਲੀ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕਿਸੇ ਵੀ ਪਾਵਨ ਅਸਥਾਨ ਨਾਲ ਛੇੜ ਛਾੜ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਜਿਸ ਲਈ ਕੌਮ ਨੂੰ ਕਿੰਨੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਹਰਿਦੁਆਰ ਵਿਖੇ (ਹਰਿ ਕੀ ਪੌੜੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਸ਼ਸੋਭਤ ਗੁਰਦੁਆਰਾ ਸਾਹਿਬ ਦੀ ਮੁੜ ਬਹਾਲੀ ਲਈ ਅੱਜ ਉਨ੍ਹਾਂ ਦੀ ਅਗਵਾਈ ਵਾਲੇ ਉਚਪੱਧਰੀ ਡੈਲੀਗੇਸ਼ਨ ਵੱਲੋਂ ਉਤਰਾਂਚਲ ਦੇ ਮੁੱਖ ਮੰਤਰੀ ਡਾ. ਰਮੇਸ਼ ਪੋਖਿਆਲ ਨੂੰ ਦੇਹਰਾਦੂਨ ਵਿਖੇ ਉਨ੍ਹਾਂ ਦੇ ਦਫਤਰ ਵਿਚ ਮਿਲ ਕੇ ਮੈਮੋਰੰਡਮ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਵੱਖ-ਵੱਖ ਦਿਸ਼ਾਵਾਂ ’ਚ ਉਦਾਸੀਆਂ ਦੌਰਾਨ ਪ੍ਰਸਿਧ ਤੀਰਥ ਅਸਥਾਨ ਹਰਿਦੁਆਰ (ਹਰਿ ਕੀ ਪੌੜੀ) ਵਿਖੇ ਪੁੱਜੇ ਅਤੇ ਇਥੇ ਕਰਮਕਾਂਡਾਂ ’ਚ ਰੁਝੇ ਪੁਜਾਰੀਆਂ ਤੇ ਪਾਂਧਿਆਂ ਨੂੰ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੀ ਬਜਾਏ ਅਕਾਲ ਪੁਰਖ ਦੀ ਅਰਾਧਨਾਂ ਅਤੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਥਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਤਾਰਪੁਰ ਵਿਖੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੀ ਜਗਤ ਪ੍ਰਸਿਧ ਸਾਖੀ ਨਾਲ ਸਬੰਧਤ ਹਰਿ ਕੀ ਪੌੜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ‘ਗੁਰਦੁਆਰਾ ਗਿਆਨ ਗੋਦੜੀ’ ਸ਼ੁਸੋਭਤ ਸੀ। 1979 ’ਚ ਗੰਗਾ ਦੇ ਵਿਸਥਾਰ ਅਤੇ ਸੁੰਦਰਤਾ ਦੀ ਸਕੀਮ ਤਹਿਤ ਇਸ ਇਤਿਹਾਸਕ ਪਾਵਨ ਅਸਥਾਨ ਦੀ ਹੋਂਦ ਮਿਟਾਏ ਜਾਣ ’ਤੇ ਸਿੱਖ ਜਗਤ ’ਚ ਭਾਰੀ ਰੋਸ ਹੈ ਅਤੇ ਉਦੋਂ ਤੋਂ ਹੀ ਨਿਰੰਤਰ ਸਿੱਖ ਜਗਤ ਵਲੋਂ ਉਸੇ ਸਥਾਨ ’ਤੇ ਮੁੜ ਗੁਰਦੁਆਰਾ ਸਾਹਿਬ ਸ਼ੁਸੋਭਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਿੱਖ ਸੰਗਤਾਂ ਹਰਿ ਕੀ ਪੌੜੀ ਵਿਖੇ ਆਉਂਦੀਆਂ ਹਨ ਇਸ ਪਾਵਨ ਅਸਥਾਨ ਦੇ ਦਰਸ਼ਨ ਨਾ ਕਰ ਸਕਣ ਕਾਰਨ ਉਨ੍ਹਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜਦੀ ਹੈ। ਉਨ੍ਹਾਂ ਦੱਸਿਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਇਸ ਘਟਨਾਂ ਦਾ ਨੋਟਿਸ ਲੈਂਦਿਆਂ ਦੁਬਾਰਾ ਉਸੇ ਜਗ੍ਹਾ ਪੁਰ ਗੁਰਦੁਆਰਾ ਸਾਹਿਬ ਸਥਾਪਤ ਕੀਤੇ ਜਾਣ ਲਈ ਉਤਰਾਖੰਡ ਸਰਕਾਰ ਨੂੰ ਅਦੇਸ਼ ਵੀ ਕੀਤੇ ਹਨ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੂਬਾ ਸਰਕਾਰ ਵਲੋਂ ਇਸ ਪੁਰ ਅਜੇ ਤੀਕ ਅਮਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਪਵਿੱਤਰ ਸਥਾਨ ਦੀ ਮੁੜ ਬਹਾਲੀ ਲਈ ਸਿਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਦੀ ਰਾਸ਼ਟਰਪਤੀ, ਕੇਂਦਰੀ ਮੰਤਰੀਆਂ, ਸਬੰਧਤ ਸੂਬੇ ਦੇ ਮੁੱਖ ਮੰਤਰੀ, ਰਾਜਪਾਲ ਆਦਿ ਨੂੰ ਕਈ ਵਾਰ ਪੱਤਰ ਲਿਖ ਚੁਕੇ ਹਨ ਪਰ ਲੰਮੇ ਸਮੇਂ ਤੋਂ ਇਸ ਨੂੰ ਲਮਕਾਏ ਜਾਣ ਕਾਰਨ ਸਿੱਖ ਜਗਤ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਸੰਦਰਭ ’ਚ ਅੱਜ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚ-ਪੱਧਰੀ ਡੈਲੀਗੇਸ਼ਨ ਨੇ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਰਾਮੇਸ਼ ਪੋਖਿਆਲ ਨੂੰ ਮਿਲ ਕੇ ਮੈਮੋਰੰਡਮ ਦਿੱਤਾ ਹੈ। ਇਸ ਡੈਲੀਗੇਸ਼ਨ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖਾਲਸਾ, ਸ. ਹਰਭਜਨ ਸਿੰਘ ਚੀਮਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਚੇਅਰਮੈਨ 20 ਸੂਤਰੀ ਪ੍ਰੋਗਰਾਮ ਕਮੇਟੀ ਉਤਰਾਖੰਡ ਸਰਕਾਰ, ਸ. ਗੁਰਦੀਪ ਸਿੰਘ ਸਹੋਤਾ ਮੈਂਬਰ ਪ੍ਰਧਾਨ ਮੰਤਰੀ 15 ਸੂਤਰੀ ਪ੍ਰੋਗਰਾਮ ਕਮੇਟੀ ਉਤਰਾਖੰਡ ਸਰਕਾਰ, ਸ. ਰਜਿੰਦਰ ਸਿੰਘ ਰਾਜਨ ਪ੍ਰਧਾਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੇਹਰਾਦੂਨ, ਵਰਿਆਮ ਸਿੰਘ ਡਾਇਰੈਕਟਰ ਅਤੇ ਸ. ਰਾਮ ਸਿੰਘ ਮੀਤ ਸਕੱਤਰ ਸ਼ਾਮਲ ਸਨ। ਜਥੇ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਨਾਲ ਗੱਲਬਾਤ ਬਹੁਤ ਹੀ ਖੁਸ਼ਗਵਾਰ ਤੇ ਸੱਦਭਾਵਨਾ ਦੇ ਮਾਹੌਲ ’ਚ ਹੋਈ ਹੈ ਅਤੇ ਉਨ੍ਹਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਬਹਾਲੀ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਜਥੇ. ਅਵਤਾਰ ਸਿੰਘ ਨੇ ਹਰਿ ਕੀ ਪੌੜੀ (ਹਰਿਦੁਆਰ) ਵਿਖੇ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦਾ ਮੌਕਾ ਵੇਖਿਆ।
ਮੁੱਖ ਮੰਤਰੀ ਵਲੋਂ ਗੁਰਦੁਆਰਾ ਗਿਆਨ ਗੋਦੜੀ ਦੀ ਬਹਾਲੀ ਦਾ ਭਰੋਸਾ- ਜਥੇ. ਅਵਤਾਰ ਸਿੰਘ
This entry was posted in ਪੰਜਾਬ.