ਮੁੰਬਈ-ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਕੇ ਵਰਲਡ ਕੱਪ ‘ਤੇ ਕਬਜ਼ਾ ਕਰ ਲਿਆ। ਇਸ ਫਾਈਨਲ ਦੌਰਾਨ ਸ੍ਰੀਲੰਕਾ ਦੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੈਟਿੰਗ ਕਰਨ ਦਾ ਫੈ਼ਸਲਾ ਕੀਤਾ ਗਿਆ ਅਤੇ ਉਸਦੀ ਟੀਮ ਨੇ 274 ਦੌੜਾਂ ਬਣਾਈਆਂ। ਇਸਤੋਂ ਬਾਅਦ ਭਾਰਤੀ ਟੀਮ ਨੇ ਇਹ ਮੈਚ ਚਾਰ ਵਿਕਟਾਂ ਗੁਆਕੇ ਜਿੱਤ ਲਿਆ।
ਇਸ ਟੂਰਨਾਮੈਂਟ ਦੌਰਾਨ ਚਾਰ ਮੈਚਾਂ ਦੌਰਾਨ ‘ਮੈਨ ਆਫ਼ ਦ ਮੈਚ’ ਜਿੱਤਣ ਵਾਲੇ ਯੁਵਰਾਜ ਸਿੰਘ ਨੂੰ “ਮੈਨ ਆਫ਼ ਦਾ ਸੀਰੀਜ਼” ਐਲਾਨਿਆ ਗਿਆ। ਇਸ ਮੈਚ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਕਰਕੇ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ‘ਮੈਨ ਆਫ਼ ਦ ਮੈਚ’ ਚੁਣਿਆ ਗਿਆ। ਇਨ੍ਹਾਂ ਦੋਹਾਂ ਖਿਡਾਰੀਆਂ ਨੇ ਹੀ ਅੰਤਮਾਂ ਪਲਾਂ ਦੌਰਾਨ ਭਾਰਤੀ ਟੀਮ ਨੂੰ ਬਿਨਾਂ ਆਊਟ ਹੋਇਆਂ ਜੇਤੂ ਖੇਡ ਦਾ ਮੁਜਾਹਰਾ ਕੀਤਾ। ਧੋਨੀ ਨੇ ਮੈਚ ਦਾ ਜੇਤੂ ਸ਼ਾਟ ਛੱਕਾ ਮਾਰਕੇ ਕੀਤਾ।
ਭਾਰਤੀ ਟੀਮ ਨੂੰ ਪਹਿਲੇ ਦੋ ਝਟਕੇ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਦੇ ਜਲਦੀ ਆਊਟ ਹੋਣ ਨਾਲ ਲੱਗੇ। ਲੇਕਨ ਠਰੰਹਮੇ ਅਤੇ ਸੂਝ ਬੂਝ ਨਾਲ ਖੇਡਦੇ ਹੋਏ ਗੌਤਮ ਗੰਭੀਰ (97) ਅਤੇ ਵਿਰਾਟ ਕੋਹਲੀ(35) ਨੇ ਭਾਰਤੀ ਟੀਮ ਦੇ ਸਕੋਰ ਨੂੰ ਸਨਮਾਨਜਨਕ ਸਥਾਨ ਤੱਕ ਪਹੁੰਚਾਇਆ। ਇਸਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਬਿਨਾਂ ਆਊਟ ਹੋਏ 91 ਦੌੜਾਂ ਬਣਾਈਆਂ ਅਤੇ ਯੁਵਰਾਜ ਸਿੰਘ ਨੇ ਬਿਨਾਂ ਆਊਟ ਹੋਏ 21 ਦੌੜਾਂ ਦਾ ਯੋਗਦਾਨ ਪਾਇਆ। ਇਸਤੋਂ ਪਹਿਲਾਂ ਯੁਵਰਾਜ ਸਿੰਘ ਨੇ ਸ੍ਰੀਲੰਕਾ ਦੀ ਟੀਮ ਦੇ ਦੋ ਖਿਡਾਰੀਆਂ ਨੂੰ ਪਵੇਲੀਅਨ ਦਾ ਰਾਹ ਵਿਖਾਕੇ ਭਾਰਤੀ ਜਿੱਤ ਨੂੰ ਪੱਕਿਆਂ ਕਰਨ ਵਿਚ ਅਹਿਮ ਯੋਗਦਾਨ ਪਾਇਆ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਉਸੇ ਵੇਲੇ ਹੀ ਹਰੇਕ ਖਿਡਾਰੀ ਨੂੰ ਇਕ-ਇਕ ਕਰੋੜ ਰੁਪਏ, ਕੋਚ ਅਤੇ ਕੋਚਿੰਗ ਸਟਾਫ਼ ਨੂੰ 50 ਲੱਖ ਰੁਪਏ ਅਤੇ ਸਲੈਕਸ਼ਨ ਕਮੇਟੀ ਨੂੰ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਟਾਸ ਜਿੱਤਣ ਤੋਂ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਦੇ ਕਪਤਾਨ ਸੰਗਾਕਾਰਾ ਨੇ ਪਹਿਲਾਂ ਬੈਟਿੰਗ ਕਰਨ ਦਾ ਫ਼ੈਸਲਾ ਕੀਤਾ। ਉਸਦੀ ਦੀ ਪਹਿਲੀ ਵਿਕਟ ਛੇਤੀ ਹੀ ਡਿੱਗ ਗਈ। ਪਰੰਤੂ ਟੀਮ ਦੇ ਤਜਰਬੇਕਾਰ ਖਿਡਾਰੀ ਜੈਵਰਧਨੇ ਨੇ ਬਿਨਾਂ ਆਊਟ ਹੋਇਆਂ 103 ਦੌੜਾਂ ਦੀ ਅਹਿਮ ਪਾਰੀ ਨਿਭਾਈ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਦੋਵੇਂ ਹੀ ਟੀਮਾਂ ਦੀ ਖੇਡ ਬਹੁਤ ਹੀ ਵਧੀਆ ਰਹੀ। ਭਾਰਤੀ ਟੀਮ ਵਲੋਂ ਯੁਵਰਾਜ ਸਿੰਘ ਅਤੇ ਜ਼ਹੀਰ ਖਾਨ ਨੇ ਦੋ-ਦੋ ਵਿਕਟਾਂ ਲਈਆਂ। ਸ੍ਰੀਲੰਕਾ ਦੀ ਟੀਮ ਵਲੋਂ ਮਲਿੰਗਾ ਅਤੇ ਪਰੇਰਾ ਨੇ 2-2 ਵਿਕਟਾਂ ਲਈਆਂ।