ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਰੋਜ਼ਾ ਦੌਰੇ ਤੇ ਆਏ ਲਾਤੀਨੀ ਅਮਰੀਕਾ ਦੇ ਰਾਜਦੂਤਾਂ ਦੀ ਅਗਵਾਈ ਕਰਦੇ ਕੋ¦ਬੀਆ ਦੇ ਭਾਰਤ ਸਥਿਤ ਰਾਜਦੂਤ ਸ਼੍ਰੀ ਐਚ ਈ ਜੁਆਨ ਅਲਫਰਿਡੋ ਪਿੰਟੋ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਵਿਕਾਸ ਦਾ ਸਮੁੱਚੀ ਦੁਨੀਆਂ ਤੇ ਚੰਗਾ ਅਤੇ ਅਸਰਦਾਰ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਪੰਜਾਬ ਦਾ ਕਿਸਾਨ ਸਖਤ ਮਿਹਨਤੀ ਅਤੇ ਦ੍ਰਿੜ ਇਰਾਦੇ ਵਾਲਾ ਹੈ ਅਤੇ ਇਹ ਵੀ ਸੱਚਾਈ ਹੈ ਕਿ ਪੰਜਾਬ ਦੇ ਕਿਸਾਨ ਨੂੰ ਵਿਸ਼ਵ ਪ੍ਰਸਿੱਧ ਖੇਤੀ ਖੋਜ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੂਪ ਵਿੱਚ ਯੋਗ ਅਗਵਾਈ ਦੇ ਰਹੀ ਹੈ। ਸ਼੍ਰੀ ਪੇਂਟੋ ਨੇ ਖੇਤੀ ਯੂਨੀਵਰਸਿਟੀ ਵੱਲੋਂ ਕੀਤੀਆਂ ਖੇਤੀ ਖੋਜਾਂ ਅਤੇ ਨਵੀਆਂ ਤਕਨੀਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਖੇਤੀ ਖੋਜ ਖੇਤਰ ਵਿੱਚ ਸਿਰਕੱਢਵਾਂ ਨਾਂ ਹੈ। ਇਸੇ ਕਰਕੇ ਅਸੀਂ ਆਪਣੇ ਪੰਜਾਬ ਦੇ ਦੌਰੇ ਵਿੱਚ ਇਸ ਯੂਨੀਵਰਸਿਟੀ ਨੂੰ ਵਿਸੇਸ਼ ਤੌਰ ਤੇ ਸ਼ਾਮਿਲ ਕੀਤਾ ਹੈ। ਇਸ ਵਫਦ ਵਿੱਚ ਚਿੱਲੀ ਦੇ ਰਾਜਦੂਤ ਕਰਿਸਟੀਅਨ ਬੈਰਸ, ਕੋ¦ਬੀਆ ਦੇ ਜੁਆਨ ਅਲਫਰਿਡੋ ਪਿੰਟੋ, ਕਿਊਬਾ ਦੇ ਮਿਗੁਏਨ ਐਂਜਲ ਆਰ ਕਮੋਸ, ਪਨਾਮਾ ਦੇ ਜੂਲੀਓ ਡੇ ਲਾ ਗਾਰਡੀਆ, ਪੀਰੂ ਦੇ ਜੇਵੀਅਰ ਪਾਊ¦ਿਚੀ, ਤਿਰਨੀਦਾਦ ਤੇ ਤੋਬਾਗੋ ਦੇ ਚੰਦਰਦਾਥ ਸਿੰਘ ਅਤੇ ਉਰੂਗੇ ਦੇ ਸੇਸਰ ਫੇਰਰ ਪਰਿਵਾਰਾਂ ਸਮੇਤ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੇ ਆਪਣੇ ਦੇਸ਼ ਦੀ ਖੇਤੀਬਾੜੀ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵਿਚਾਰ ਸਾਂਝੇ ਕੀਤੇ।
ਰਾਜਦੂਤੀ ਵਫਦ ਦਾ ਸੁਆਗਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਦੱਸਿਆ ਕਿ ਅਮਰੀਕਾ ਦੀ ਉਹਾਈਓ ਸਟੇਟ ਯੂਨੀਵਰਸਿਟੀ ਦੇ ਪੈਟਰਨ ਤੇ ਕੰਮ ਕਰ ਰਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ 50 ਸਾਲ ਵਿੱਚ ਖੇਤੀ ਵਿਗਿਆਨੀਆਂ ਦੀ ਮਿਹਨਤ ਅਤੇ ਪੰਜਾਬ ਦੇ ਕਿਸਾਨ ਭਾਈਚਾਰੇ ਨਾਲ ਆਪਣੀ ਪਰਪੱਕ ਨੇੜਤਾ ਕਰਕੇ ਬੇਮਿਸਾਲ ਖੇਤੀ ਕਾਰਜ ਕਰਨ ਵਿੱਚ ਕਾਮਯਾਬ ਹੋਈ ਹੈ। ਡਾ: ਮਹੇ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਲਗਪਗ 100 ਫ਼ਸਲਾਂ ਦੀ 700 ਕਿਸਮਾਂ ਦੀ ਖੋਜ ਕੀਤੀ ਹੈ ਜਿਨ੍ਹਾਂ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਦੇਸ਼ ਅਤੇ ਦੁਨੀਆਂ ਦੀਆਂ ਹੋਰ ਖੇਤੀ ਸੰਸਥਾਵਾਂ ਨੂੰ ਵੀ ਹੋਇਆ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਚੱਲ ਰਹੇ ਖੋਜ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਲੋੜਾਂ ਅਤੇ ਮੌਜੂਦਾ ਸਥਿਤੀ ਨੂੰ ਮੁੱਖ ਰੱਖ ਕੇ ਹੀ ਖੇਤੀ ਖੋਜ ਕਾਰਜ ਵਿਉਂਤੇ ਜਾਂਦੇ ਹਨ। ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਪਸਾਰ ਕਾਰਜਾਂ ਅਤੇ ਕਿਸਾਨਾਂ ਤਕ ਪਹੁੰਚ ਦੀ ਵਿਧੀ ਦੀ ਜਾਣਕਾਰੀ ਦਿੱਤੀ। ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਰਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ:ਪੁਸ਼ਪਿੰਦਰ ਸਿੰਘ ਔਲਖ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਯੂਨੀਵਰਸਿਟੀ ਦੇ ਵਿਦਿਅਕ ਪ੍ਰੋਗਰਾਮਾਂ ਅਤੇ ਵਿਦਿਆਰਥੀ ਭਲਾਈ ਦੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ। ਇਸ ਇਕੱਤਰਤਾ ਨੂੰ ਕੋਆਰਡੀਨੇਟ ਕਰਦਿਆਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਖੋਜ ਪਸਾਰ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਸ ਯੂਨੀਵਰਸਿਟੀ ਦੇ ਵਿਸ਼ਵ ਦੀਆਂ ਵੱਡੀਆਂ ਯੂਨੀਵਰਸਿਟੀਆਂ ਅਤੇ ਖੋਜ ਅਤੇ ਵਿਦਿਅਕ ਸੰਸਥਾਵਾਂ ਨਾਲ ਇਕਰਾਰਨਾਮੇ ਸਫਲਤਾਪੂਰਵਕ ਚੱਲ ਰਹੇ ਹਨ। ਡਾ: ਧੀਮਾਨ ਨੇ ਦੱਸਿਆ ਕਿ ਭਵਿੱਖ ਵਿੱਚ ਅਜਿਹੇ ਹੋਰ ਵਿਦਿਅਕ ਸਮਝੌਤੇ ਯੋਜਨਾਵਾਂ ਵਿੱਚ ਸ਼ਾਮਿਲ ਹਨ। ਯੂਨੀਵਰਸਿਟੀ ਦੀ ਸੰਚਾਰ ਤਕਨੀਕ ਬਾਰੇ ਵਿਚਾਰ ਸਾਂਝੇ ਕਰਦਿਆਂ ਡਾ: ਧੀਮਾਨ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਹਰ ਵਿਸ਼ੇ ਤੇ ਰਾਜ ਭਾਸ਼ਾ ਵਿੱਚ ਕਿਤਾਬਾਂ ਛਾਪ ਕੇ ਬਿਨਾਂ ਕਿਸੇ ਲਾਭ ਅਤੇ ਹਾਨੀ ਦੇ ਕਿਸਾਨਾਂ ਤੀਕ ਪਹੁੰਚਾਈਆਂ ਜਾਂਦੀਆਂ ਹਨ। ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਵੱਲੋਂ ਡਾ: ਦਲਜੀਤ ਸਿੰਘ ਢਿੱਲੋਂ, ਡਾ: ਮੁਖਉਪਾਧਿਆ, ਡਾ: ਟੀ ਐਸ ਥਿੰਦ, ਡਾ: ਜਸਜੀਤ ਸਿੰਘ ਸੰਧੂ, ਡਾ: ਜਰਨੈਲ ਸਿੰਘ, ਡਾ: ਮਹਿੰਦਰ ਸਿੰਘ ਸਿੱਧੂ ਨੂੰ ਅਤੇ ਡਾ: ਨਿਰਮਲ ਜੌੜਾ ਸ਼ਾਮਿਲ ਹੋਏ। ਯੂਨੀਵਰਸਿਟੀ ਵੱਲੋਂ ਵਫਦ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਦੇ ਸਭਿਆਚਾਰ ਦੀ ਨਿਸ਼ਾਨੀ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ।