ਨਾਰਵੇ ਵਿਚ ਸੈਕਸ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਯੌਨਕਰਮੀਆਂ ਦੀ ਬਜਾਏ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤਾਂਜੋ ਦੇਹ ਵਪਾਰ ਨਾਲ ਜੁੜੇ ਸਾਰੇ ਮੰਦੇ ਅਸਰਾਂ ਨੂੰ ਖਤਮ ਕੀਤਾ ਜਾ ਸਕੇ।
ਨਵੇਂ ਕਾਨੂੰਨ ਦੇ ਤਹਿਤ ਨਾਰਵੇ ਵਿਚ ਪੈਸੇ ਦੇਕੇ ਸੈਕਸ ਸਬੰਧ ਨਹੀਂ ਬਣਾਇਆ ਜਾ ਸਕਦਾ ਅਤੇ ਜੇਕਰ ਕੋਈ ਆਦਮੀ ਜਿਸਮਾਨੀ ਧੰਦਾ ਕਰਨ ਵਾਲਿਆਂ ਨੂੰ ਉਨ੍ਹਾਂ ਘਰ ਜਾਂ ਬਾਹਰ ਪੈਸੇ ਦਿੰਦਾ ਫੜਿਆ ਗਿਆ ਤਾਂ ਉਸਨੂੰ ਸਖ਼ਤ ਜ਼ੁਰਮਾਨਾ ਦੇਣਾ ਪਵੇਗਾ ਜਾਂ ਛੇ ਮਹੀਨੇ ਤੱਕ ਦੀ ਜੇਲ੍ਹ ਕੱਟਣੀ ਪੈ ਸਕਦੀ ਹੈ। ਅਧਿਕਾਰੀਆਂ ਅਨੁਸਾਰ ਜੇਲ੍ਹ ਦੀ ਸਜ਼ਾ ਤਿੰਨ ਸਾਲ ਤੱਕ ਵੱਧ ਸਕਦੀ ਹੈ ਜੇਕਰ ਮਾਮਲਾ ਘੱਟ ਉਮਰ ਦੀ ਦੇਹ ਵਪਾਰ ਕਰਨ ਵਾਲੀ ਲੜਕੀ ਨਾਲ ਜੁੜਿਆ ਹੋਵੇਗਾ ਤਾਂ।
ਨਾਰਵੇ ਦੇ ਉਪ ਨਿਆਂ ਮੰਤਰੀ ਅਸਤਰੀ ਆਸ ਹਨਸੇਨ ਦਾ ਕਹਿਣਾ ਹੈ, “ਅਸੀਂ ਸਮਝਦੇ ਹਾਂ ਕਿ ਦੇਹ ਵਪਾਰ ਨਾ-ਮਨਜ਼ੂਰ ਹੈ ਕਿਉਂਕਿ ਇਸ ਨਾਲ ਮਨੁੱਖੀ ਤਸਕਰੀ ਅਤੇ ਜ਼ਬਰੀ ਦੇਹ ਵਪਾਰ ਵਿਚ ਵਾਧਾ ਹੁੰਦਾ ਹੈ।” ਨਵੇਂ ਕਾਨੂੰ ਦੇ ਤਹਿਤ ਨਾਰਵੇ ਪੁਲਿਸ ਨੂੰ ਇਹ ਅਧਿਕਾਰ ਦਿੱਤੇ ਗਏ ਹਨ ਕਿ ਸਬੂਤ ਇਕੱਠੇ ਕਰਨ ਲਈ ਉਹ ਫੋਨ ਟੈਪਿੰਗ ਵੀ ਕਰ ਸਕਦੀ ਹੈ। ਸਥਾਨਕ ਖ਼ਬਰਾਂ ਅਨੁਸਾਰ ਦੇਸ਼ ਵਿਚ ਪਹਿਲਾਂ ਦੇ ਮੁਕਾਬਲੇ ਦੇਹ ਵਪਾਰ ਵਿਚ ਕਮੀ ਆਈ ਹੈ। ਸਰਕਾਰ ਵਲੋਂ ਜਿਸਮਫਰੋਸ਼ੀ ਕਰਨ ਵਾਲੀਆਂ ਨੂੰ ਮੁਫ਼ਤ ਸਿਖਿਆ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਨੂੰ ਸ਼ਰਾਬ ਜਾਂ ਡਰਗਜ਼ ਦੀ ਭੈੜੀ ਆਦਤ ਹੋਵੇਗੀ ਉਨ੍ਹਾਂ ਨੂੰ ਮੁਫ਼ਤ ਸਿਹਤ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ। ਸਰਕਾਰ ਨੇ ਨਵੇਂ ਕਾਨੂੰਨ ਬਨਾਉਣ ਤੋਂ ਪਹਿਲਾਂ ਹੀ ਦੇਸ਼ ਵਿਚ ਇਸ ਸਿਲਸਿਲੇ ਵਿਚ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸ ਕਾਨੂੰਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਸਦਾ ਸਿੱਧਾ ਮਤਲਬ ਹੈ ਕਿ ਦੇਹ ਵਪਾਰ ਚੋਰੀ ਛਿਪੇ ਹੋਵੇਗਾ ਅਤੇ ਰੋਕਥਾਮ ਹੋਰ ਮੁਸ਼ਕਲ ਹੋ ਜਾਵੇਗੀ।
ਜਿਸਮਫਰੋਸ਼ ਨਹੀਂ ਗਾਹਕ ਬਣੇ ਨਿਸ਼ਾਨਾ
This entry was posted in ਅੰਤਰਰਾਸ਼ਟਰੀ.