ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਆਏ ਅਮਰੀਕਨ ਦੂਤਾਵਾਸ ਦੇ ਭਾਰਤ, ਬੰਗਲਾ ਦੇਸ਼ ਅਤੇ ਸ੍ਰੀਲੰਕਾ ਵਿੱਚ ਖੇਤੀਬਾੜੀ ਸੰਬੰਧੀ ਸਫੀਰ ਸ੍ਰੀ ਟਾਮ ਰਾਈਟ ਨੇ ਕਿਹਾ ਹੈ ਕਿ ਅੱਜ ਆਪੋ ਆਪਣੇ ਦੇਸ਼ਾਂ ਦੀ ਭੋਜਨ ਸੁਰੱਖਿਆ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ ਭੋਜਨ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ 1962 ਤੋਂ ਲੈ ਕੇ ਹੁਣ ਤੀਕ ਅਮਰੀਕਨ ਖੋਜ ਅਦਾਰਿਆਂ ਦੇ ਸਹਿਯੋਗ ਨਾਲ ਪੰਜਾਬ ਰਾਜ ਨੂੰ ਦੇਸ਼ ਦਾ ਅਨਾਜ ਭੰਡਾਰ ਬਣਾਉਣ ਵਿੱਚ ਸਿਖ਼ਰਾਂ ਛੋਹੀਆਂ ਹਨ ਅਤੇ ਹੁਣ ਡਾ: ਕੰਗ ਦੀ ਅਗਵਾਈ ਹੇਠ ਵੀ ਅੰਤਰ ਰਾਸ਼ਟਰੀ ਖੋਜ ਅਦਾਰਿਆਂ ਨਾਲ ਸਾਂਝ ਵਧਾਈ ਹੈ। ਸ਼੍ਰੀ ਰਾਈਟ ਨੇ ਆਖਿਆ ਕਿ ਭਾਰਤ ਵਿੱਚ ਅਨਾਜ ਦੀ ਸੰਭਾਲ ਵੱਲ ਵਿਸੇਸ਼ ਧਿਆਨ ਦੇਣ ਦੀ ਲੋੜ ਜਾਪਦੀ ਹੈ ਅਤੇ ਪੰਜਾਬ ਵਿੱਚ ਅਨਾਜ ਭੰਡਾਰ ਸਮਰੱਥਾ ਵਧਾਏ ਬਗੈਰ ਸਮੱਸਿਆ ਹੱਲ ਨਹੀਂ ਹੋਣੀ। ਸ਼੍ਰੀ ਰਾਈਟ ਦੇ ਨਾਲ ਆਏ ਖੇਤੀਬਾੜੀ ਮਾਹਿਰ ਡਾ: ਸੰਤੋਸ਼ ਕੇ ਸਿੰਘ ਨੇ ਆਖਿਆ ਕਿ ਖੇਤਾਂ ਵਿੱਚ ਹੀ ਅਨਾਜ ਭੰਡਾਰਨ ਦੀ ਸਹੂਲਤ ਨਾਲ ਅਨੇਕਾਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਵਿੱਚ ਕਣਕ ਮੁੱਖ ਫ਼ਸਲ ਹੈ ਅਤੇ ਇਸ ਦੀ ਯਕੀਨੀ ਖਰੀਦ ਕਾਰਨ ਕਿਸਾਨ ਇਸ ਨੂੰ ਪੱਕੀ ਫ਼ਸਲ ਗਿਣਦੇ ਹਨ। ਇਸ ਲਈ ਜੇਕਰ ਇਸ ਫ਼ਸਲ ਨੇ ਪੰਜਾਬ ਵਿੱਚ ਟਿਕਣਾ ਹੈ ਤਾਂ ਇਸ ਦਾ ਭੰਡਾਰਨ ਵੀ ਯੋਗ ਢੰਗ ਨਾਲ ਹੋਣਾ ਚਾਹੀਦਾ ਹੈ।
ਸ਼੍ਰੀ ਟਾਮ ਰਾਈਟ ਅਤੇ ਸੰਤੋਸ਼ ਕੇ ਸਿੰਘ ਨਾਲ ਵਿਚਾਰ ਵਟਾਂਦਰਾ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਵਰਤਮਾਨ ਅਤੇ ਭਵਿੱਖ ਦੀ ਖੋਜ ਸਿੱਖਿਆ ਅਤੇ ਤਕਨਾਲੋਜੀ ਤਾਂ ਹੀ ਹੋਰ ਵਧੇਰੇ ਅਸਰਦਾਰ ਤੇ ਸਾਰਥਿਕ ਹੋ ਸਕੇਗੀ ਜੇਕਰ ਇਸ ਦਾ ਸੰਬੰਧ ਅੰਤਰ ਰਾਸ਼ਟਰੀ ਖੋਜ ਸੰਸਥਾਵਾਂ ਨਾਲ ਮਜ਼ਬੂਤ ਹੋਵੇਗਾ। ਉਨ੍ਹਾਂ ਆਖਿਆ ਕਿ ਵਰਤਮਾਨ ਖੇਤੀਬਾੜੀ ਨੂ ਦਰੇਪਸ਼ ਚੁਣੌਤੀਆਂ ਵਿੱਚ ਗਲੋਬਲ ਤਪਸ਼ ਕਾਰਨ ਘਟ ਰਹੇ ਝਾੜ, ਭੰਡਾਰਨ ਸਮਰੱਥਾ ਘੱਟ ਹੋਣਾ, ਕੁਦਰਤੀ ਸੋਮਿਆਂ ਦਾ ਨਿਘਾਰ ਅਤੇ ਖੇਤੀ ਸਾਧਨਾਂ ਦਾ ਮਹਿੰਗੇ ਹੋਣਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਵੀ ਕੱਲ੍ਹ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਰਤ ਦੇ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਅਤੇ ਯੋਜਨਾ ਕਮਿਸ਼ਨ ਨਾਲ ਮੀਟਿੰਗ ਦੌਰਾਨ ਪੰਜਾਬ ਦੀ ਭੰਡਾਰਨ ਸਮਰੱਥਾ ਵਧਾਉਣ ਦੀ ਮੰਗ ਪ੍ਰਮੁੱਖ ਤੌਰ ਤੇ ਰੱਖੀ ਹੈ ਜਿਸ ਦਾ ਸੁਆਗਤ ਕਰਨਾ ਬਣਦਾ ਹੈ। ਉਨ੍ਹਾਂ ਆਖਿਆ ਕਿ ਭਾਰਤ ਦੇ ਵਿੱਤ ਮੰਤਰੀ ਨਾਲ ਬਜਟ ਤੋਂ ਪਹਿਲਾਂ ਇਸ ਸੰਬੰਧ ਵਿੱਚ ਵਿਚਾਰ ਰੱਖੇ ਸਨ ਤਾਂ ਜੋ ਪੰਜਾਬ ਵਿੱਚ ਨੀਲੇ ਅਕਾਸ਼ ਹੇਠ ਪਿਆ ਅਨਾਜ ਮਨੁੱਖੀ ਖੁਰਾਕ ਬਣਨ ਤੋਂ ਪਹਿਲਾਂ ਹੀ ਨਾਸ਼ ਨਾ ਹੋ ਜਾਵੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਬੇਯਕੀਨੀ ਮੌਸਮ ਕਾਰਨ ਫ਼ਸਲਾਂ ਦੀ ਉਤਪਾਕਤਾ ਤੇ ਮੰਦਾ ਅਸਰ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਕਣਕ ਵਾਸਤੇ ਇਹ ਵਰ੍ਹਾ ਬੜਾ ਸਹੀ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਨੇ ਆਖਿਆ ਕਿ ਵਿਕਸਤ ਕਿਸਮਾਂ ਅਤੇ ਕਿਸਾਨਾਂ ਦੀ ਮਿਹਨਤ ਸਦਕਾ ਪੰਜਾਬ ਨੇ ਹਮੇਸ਼ਾਂ ਹੀ ਕਣਕ ਉਤਪਾਦਨ ਵਿੱਚ ਸਿਖ਼ਰਾਂ ਛੋਹੀਆਂ ਹਨ। ਕਣਕ ਸੰਬੰਧੀ ਖੋਜ ਪ੍ਰੋਗਰਾਮ ਦੀ ਇੰਚਾਰਜ ਡਾ: ਸ਼੍ਰੀਮਤੀ ਇੰਦੂ ਸ਼ਰਮਾ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਖੋਜ ਲਈ ਨਵੀਨਤਮ ਵਿਧੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਰੋਗ ਰਹਿਤ ਫ਼ਸਲ ਪੈਦਾ ਕੀਤੀ ਜਾ ਸਕੇ।